ਬਰਗਾੜੀ ਮੋਰਚਾ : ਬਾਦਲਕਿਆਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਖਿਲਾਫ ਵੀ ਬੋਲਣ ਲੱਗੇ ਪੰਥਕ ਆਗੂ

ਬਰਗਾੜੀ ਮੋਰਚਾ : ਬਾਦਲਕਿਆਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਖਿਲਾਫ ਵੀ ਬੋਲਣ ਲੱਗੇ ਪੰਥਕ ਆਗੂ

ਪਟਿਆਲਾ/ਬਿਊਰੋ ਨਿਊਜ਼ :
ਬਰਗਾੜੀ ਇਨਸਾਫ਼ ਮੋਰਚਾ ਸਵਾ ਸੌ ਦਿਨ ਨੂੰ ਢੁੱਕਣ ਲੱਗਾ ਹੈ ਪਰ ਪੰਜਾਬ ਸਰਕਾਰ ਮੋਰਚੇ ਦੀਆਂ ਮੰਗਾਂ ਮੰਨਣ ਦੇ ਮੂਡ ਵਿਚ ਨਹੀਂ ਜਾਪ ਰਹੀ। ਇਸ ਕਰਕੇ ਪੰਥਕ ਤੋਪਾਂ ਦਾ ਮੂੰਹ ਹੌਲੀ-ਹੌਲੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਵੱਲੋਂ ਹਟ ਕੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲ ਸੇਧਤ ਹੋਣ ਲੱਗਾ ਹੈ। ਬਰਗਾੜੀ ਮੇਰਚੇ ਦੇ ਸਿਆਸੀ ਹਾਲਾਤ ਦਿਨ-ਬ-ਦਿਨ ਕਰਵਟ ਲੈਣ ਲੱਗੇ ਹਨ, ਜਿਸ ਤੋਂ ਕੈਪਟਨ ਸਰਕਾਰ ਵੀ ‘ਪੰਥਕ ਹਮਲਿਆਂ’ ਦੀ ਮਾਰ ਵਿਚ ਆ ਰਹੀ ਹੈ। ਮੋਰਚੇ ਨੂੰ ਚਲਾ ਰਹੇ ਪੰਥਕ ਆਗੂ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੁਕਤਾਚੀਨੀ ‘ਤੇ ਉਤਰ ਆਏ ਹਨ। ਮੁੱਖ ਮੰਤਰੀ ਦੀ ਮੋਰਚੇ ਖ਼ਿਲਾਫ਼ ਅਤਿਵਾਦ ਦੇ ਨਾਂ ਹੇਠ ਕੀਤੀ ਜਾ ਰਹੀ ਬਿਆਨਬਾਜ਼ੀ ਕਾਰਨ ਵੀ ਪੰਥਕ ਸਫਾਂ ਵਿਚ ਗੁੱਸਾ ਹੈ।
ਪਿਛਲੀ ਬਾਦਲ ਸਰਕਾਰ ਬਰਗਾੜੀ ਕਾਂਡ ਮਗਰੋਂ ਅਜਿਹੇ ਪੰਥਕ ਸੰਕਟ ‘ਚ ਘਿਰੀ ਸੀ ਕਿ ਸਰਕਾਰ ਜਾਣ ਦੇ ਬਾਵਜੂਦ ਅਕਾਲੀ ਦਲ ਦੀ ਸਿਆਸੀ ਸਥਿਤੀ ਲੀਹ ‘ਤੇ ਨਹੀਂ ਪੈ ਰਹੀ। ਬਾਦਲ ਸਰਕਾਰ ਵਾਂਗ ਹੀ ਬਰਗਾੜੀ ਕਾਂਡ ਦਾ ਅਸਰ ਹੁਣ ਕੈਪਟਨ ਸਰਕਾਰ ‘ਤੇ ਵੀ ਪੈਣਾ ਆਰੰਭ ਹੋ ਗਿਆ ਹੈ।
ਬਰਗਾੜੀ ਇਨਸਾਫ ਮੋਰਚੇ ਦੀ ਕਮਾਂਡ ਸਾਬਕਾ ਮੈਂਬਰ ਪਾਰਲੀਮੈਂਟ ਭਾਈ ਧਿਆਨ ਸਿੰਘ ਮੰਡ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਹੱਥ ਕੇਂਦਰਿਤ ਹੈ। ਮੋਰਚੇ ਦੀ ਮੰਗ ਹੈ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਸਣੇ ਬਾਦਲਾਂ ਖ਼ਿਲਾਫ਼ ਕੈਪਟਨ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਿਕ ਠੋਸ ਕਾਰਵਾਈ ਨੂੰ ਅਮਲੀ ਰੂਪ ਦੇਵੇ। ਇਹ ਮੁੱਦਾ ਭਾਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਵਿਧਾਨ ਸਭਾ ‘ਚ ਬਾਦਲਾਂ ਖ਼ਿਲਾਫ਼ ਗੂੰਜ ਚੁੱਕਿਆ ਹੈ ਪਰ ਬਰਗਾੜੀ ਮੋਰਚੇ ਦੇ ਆਗੂ ਸਰਕਾਰ ਤੋਂ ਹਾਲੇ ਨਾਖ਼ੁਸ਼ ਹੀ ਹਨ। ਲੰਘੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਰਗਾੜੀ ਮੋਰਚੇ ਨਾਲ ਜੁੜੇ ਆਗੂਆਂ ਨੂੰ ਅਤਿਵਾਦੀ ਕਹਿਣ ਤੋਂ ਦੋਵਾਂ ਧਿਰਾਂ ਦਰਮਿਆਨ ਬਣੇ ਸੁਖਾਵੇਂ ਹਾਲਾਤ ਇਕਦਮ ਪਾਸਾ ਪਲਟਣ ਲੱਗੇ ਹਨ।