ਬਾਦਲ ਦਲ ‘ਚ ਬਾਗੀ ਸੁਰਾਂ ਤੇਜ਼, ਢੀਂਡਸੇ ਤੋਂ ਬਾਅਦ ਮਝੈਲ ਵੀ ਵਿੰਗੇ ਹੋਏ

ਬਾਦਲ ਦਲ ‘ਚ ਬਾਗੀ ਸੁਰਾਂ ਤੇਜ਼, ਢੀਂਡਸੇ ਤੋਂ ਬਾਅਦ ਮਝੈਲ ਵੀ ਵਿੰਗੇ ਹੋਏ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਤੇ ਹੋਰ ਮੀਡੀਆ ਨਾਲ ਗੱਲ ਕਰਦੇ ਹੋਏ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਚੋਣਾਂ ਵਿਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਲਗਾਤਾਰ ਅਕਾਲੀ ਦਲ ਦੇ ਖੁਰ ਰਹੇ ਆਧਾਰ ਕਾਰਨ ਪੁਰਾਣੇ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ‘ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਮਾਝੇ ਦੇ ਕੁਝ ਸੀਨੀਅਰ ਅਕਾਲੀ ਆਗੂਆਂ ਨੇ ਵੀ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਵਿਚ ‘ਸਭ ਅੱਛਾ ਨਹੀਂ ਹੈ’। ਇਨ੍ਹਾਂ ਪੰਥਕ ਜਮਾਤਾਂ ਵਿਚ ਆਈਆਂ ਊਣਤਾਈਆਂ ਨੂੰ ਦੂਰ ਕਰਨ ਦੀ ਲੋੜ ਹੈ।
ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਦੇ ਘਰੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ, ਅਮਰਪਾਲ ਸਿੰਘ ਬੋਨੀ, ਰਵਿੰਦਰ ਸਿੰਘ ਬ੍ਰਹਮਪੁਰਾ ਆਦਿ ਇਕੱਠੇ ਹੋਏ ਹਨ। ਇਨ੍ਹਾਂ ਨੇ ਜਿਥੇ ਆਪਸੀ ਮਤਭੇਦ ਦੂਰ ਕੀਤੇ ਹਨ, ਉਥੇ ਮਾਝੇ ਦੇ ਟਕਸਾਲੀ ਅਕਾਲੀਆਂ ਨੂੰ ਮੁੜ ਇਕ ਮੰਚ ਤੇ ਲਿਆਉਣ ਦਾ ਵੀ ਯਤਨ ਕੀਤਾ ਹੈ। ਪਿਛਲੇ ਕਈ ਵਰਿਆਂ ਤੋਂ ਡਾ. ਰਤਨ ਸਿੰਘ ਅਜਨਾਲਾ ਦੀ ਪਾਰਟੀ ਨਾਲ ਦੂਰੀ ਬਣੀ ਹੋਈ ਸੀ ਅਤੇ ਉਹ ਘਰ ਬੈਠੇ ਸਨ। ਮੀਟਿੰਗ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਬ੍ਰਹਮਪੁਰਾ ਨੇ ਆਖਿਆ ਕਿ ਮਾਝੇ ਦੇ ਅਕਾਲੀ ਆਗੂ ਇਕੱਠੇ ਹੋਏ ਹਨ ਅਤੇ ਜਲਦੀ ਹੀ ਪੰਜ ਸੱਤ ਦਿਨਾਂ ਬਾਅਦ ਮੁੜ ਮੀਟਿੰਗ ਕਰਨਗੇ। ਮੌਜੂਦਾ ਪ੍ਰਸਥਿਤੀਆਂ ਨੂੰ ਵਿਚਾਰਨ ਮਗਰੋਂ ਲੋੜ ਮੁਤਾਬਕ ਮਾਮਲਾ ਪਾਰਟੀ ਕੋਲ ਵੀ ਰੱਖਿਆ ਜਾਵੇਗਾ। ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਨੂੰ ਉਨ੍ਹਾਂ ਪਾਰਟੀ ਲਈ ਵੱਡਾ ਝਟਕਾ ਕਰਾਰ ਦਿੱਤਾ।
ਇਸ ਮੌਕੇ ਸੇਵਾ ਸਿੰਘ ਸੇਖਵਾਂ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਤੇ ਹੋਰ ਪੰਥਕ ਜਮਾਤਾਂ ਵਿਚ ਕੁਝ ਊਣਤਾਈਆਂ ਆਈਆਂ ਹਨ। ਉਨ੍ਹਾਂ ਆਖਿਆ ਕਿ ਜਿਨ੍ਹਾਂ ਕਾਰਨਾਂ ਕਰਕੇ ਊਣਤਾਈਆਂ ਆਈਆਂ ਹਨ, ਉਹ ਕਾਰਨਾਂ ਨੂੰ ਦੂਰ ਕੀਤਾ ਜਾਵੇਗਾ। ਇਨ੍ਹਾਂ ਕਮੀਆਂ ਲਈ ਕੌਣ ਜ਼ਿੰਮੇਵਾਰ ਹੈ, ਸਬੰਧੀ ਸਵਾਲ ਦਾ ਉੱਤਰ ਦੇਣ ਤੋਂ ਉਨ੍ਹਾਂ ਟਾਲਾ ਵੱਟ ਲਿਆ। ਪਾਰਟੀ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰੀ ਬ੍ਰਹਮਪੁਰਾ ਤੇ ਸ੍ਰੀ ਸੇਖਵਾਂ ਨੇ ਕੋਈ ਜਵਾਬ ਦੇਣ ਤੋਂ ਮਨ੍ਹਾਂ ਕਰ ਦਿੱਤਾ। ਉਨ੍ਹਾਂ ਆਖਿਆ ਕਿ ਕਿਸੇ ਵੀ ਸਿਆਸੀ ਪਾਰਟੀ ਵਿਚ ਹਮੇਸ਼ਾ ਸਭ ਠੀਕ ਨਹੀਂ ਹੁੰਦਾ ਹੈ। ਉਨ੍ਹਾਂ ਲਈ ਪਾਰਟੀ ਪਹਿਲਾਂ ਹੈ ਜਦੋਂਕਿ ਪ੍ਰਧਾਨ ਆਉਂਦੇ ਜਾਂਦੇ ਰਹੇ ਹਨ।
ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਸੀਨੀਅਰ ਅਕਾਲੀ ਆਗੂਆਂ ਦੀ ਇਸ ਮੀਟਿੰਗ ਵਿਚ ਪਾਰਟੀ ਦੀਆਂ ਕੁਝ ਨੀਤੀਆਂ ਤੇ ਸਖ਼ਤ ਇਤਰਾਜ਼ ਕੀਤਾ ਗਿਆ ਹੈ। ਮੀਟਿੰਗ ਵਿਚ ਇਕ ਅਕਾਲੀ ਆਗੂ ਅਸਤੀਫ਼ਾ ਦੇਣ ਲਈ ਵੀ ਤਿਆਰ ਸੀ ਪਰ ਹੋਰਨਾਂ ਆਗੂਆਂ ਨੇ ਫਿਲਹਾਲ ‘ਉਡੀਕ ਕਰੋ ਤੇ ਦੇਖੋ’ ਦੀ ਨੀਤੀ ਅਪਨਾਉਣ ਦੀ ਸਲਾਹ ਦਿੱਤੀ ਹੈ ਜਿਸ ਕਾਰਨ ਇਹ ਮਾਮਲਾ ਅਗਲੀ ਮੀਟਿੰਗ ‘ਤੇ ਰੱਖਿਆ ਗਿਆ ਹੈ, ਜਿਸ ਵਿਚ ਮਾਝੇ ਦੇ ਹੋਰ ਅਕਾਲੀ ਆਗੂ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਸ੍ਰੀ ਬ੍ਰਹਮਪੁਰਾ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਫੈਸਲੇ ਨਾਲ ਅਸਹਿਮਤੀ ਅਤੇ ਬਰਗਾੜੀ ਕਾਂਡ ਦਾ ਅਕਾਲੀ ਸਰਕਾਰ ਹੁੰਦਿਆਂ ਵਾਪਰਨ ‘ਤੇ ਅਫਸੋਸ ਪ੍ਰਗਟਾਇਆ। ਉਨ੍ਹਾਂ ਦਸਿਆ ਕਿ ਇਹ ਵਿਚਾਰ ਕੈਨੇਡਾ ਦੌਰੇ ਦੌਰਾਨ ਵੀ ਪ੍ਰਗਟਾਅ ਚੁੱਕੇ ਹਨ।
ਗੌਰਤਲਬ ਹੈ ਕਿ ਪੰਜਾਬ ਵਿਧਾਨ ਸਭਾ ਵਿਚ ਲੰਘੀ 28 ਅਗਸਤ ਨੂੰ ਅਕਾਲੀ-ਭਾਜਪਾ ਸਾਸ਼ਨ ਦੌਰਾਨ ਵਾਪਰੀਆਂ ਘਟਨਾਵਾਂ (ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ) ਦੀ ਪੜਤਾਲੀਆ ਕਮਿਸ਼ਨ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਵੱਲੋਂ ਪੇਸ਼ ਕੀਤੀ ਰਿਪੋਰਟ ਉਪਰ ਬਹਿਸ ਹੋਣ ਤੋਂ ਬਾਅਦ ਅਕਾਲੀ ਦਲ ਚੁਫੇਰਿਓਂ ਘਿਰਿਆ ਮਹਿਸੂਸ ਕਰ ਰਿਹਾ ਹੈ ਤੇ ਪਾਰਟੀ ਵਰਕਰਾਂ ਦਾ ਮਨੋਬਲ ਉੱਚਾ ਚੁੱਕਣ ਲਈ ਅਕਾਲੀ ਦਲ ਨੇ ਟਕਰਾਅ ਪੂਰਨ ਰੈਲੀਆਂ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਹੈ। ਇਸ ਤੋਂ ਪਹਿਲਾਂ ਅਬੋਹਰ ਅਤੇ ਫ਼ਰੀਦਕੋਟ ਵਿੱਚ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਦੋਹਾਂ ਰੈਲੀਆਂ ਵਿੱਚ ਸ੍ਰੀ ਢੀਂਡਸਾ ਦੀ ਗੈਰਹਾਜ਼ਰੀ ਰੜਕਦੀ ਰਹੀ ਹੈ। ਇਸੇ ਤਰ੍ਹਾਂ 7 ਅਕਤੂਬਰ ਨੂੰ ਅਕਾਲੀ ਦਲ ਨੇ ਪਟਿਆਲਾ ਵਿੱਚ ਰੈਲੀ ਰੱਖੀ ਹੈ। ਇਸ ਰੈਲੀ ਤੋਂ ਹਫ਼ਤਾ ਪਹਿਲਾਂ ਇੱਕ ਸੀਨੀਅਰ ਆਗੂ ਵੱਲੋਂ ਦਿੱਤਾ ਅਸਤੀਫਾ ਅਕਾਲੀ ਦਲ ਲਈ ਇੱਕ ਹੋਰ ਨਮੋਸ਼ੀ ਦਾ ਅਧਾਰ ਬਣ ਸਕਦਾ ਹੈ। ਲੋਕ ਸਭਾ ਚੋਣਾਂ ਸਿਰ ‘ਤੇ ਹੋਣ ਕਾਰਨ ਸਿਆਸੀ ਤੌਰ ‘ਤੇ ਨੁਕਸਾਨਦੇਹ ਵੀ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਵੱਡੇ ਬਾਦਲ ਨੇ ਕੋਰ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਸਰਗਰਮ ਸਿਆਸਤ ਤੋਂ ਕਿਨਾਰਾ ਕਰਨ ਦਾ ਐਲਾਨ ਕੀਤਾ ਸੀ ਤੇ ਪਾਰਟੀ ਦੀ ਵਾਗਡੋਰ ਪੂਰੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਦੇ ਹੱਥ ਹੀ ਮੰਨੀ ਜਾਂਦੀ ਹੈ। ਇਸ ਕਰ ਕੇ ਟਕਸਾਲੀ ਨੇਤਾ ਨੁੱਕਰੇ ਲੱਗੇ ਮਹਿਸੂਸ ਕਰ ਰਹੇ ਸਨ। ਚੰਡੀਗੜ੍ਹ ਵਿੱਚ ਹੋਈਆਂ ਕਈ ਗ਼ੈਰ-ਰਸਮੀ ਮੀਟਿੰਗਾਂ ਦੌਰਾਨ ਇਨ੍ਹਾਂ ਨੁਕਤਿਆਂ ‘ਤੇ ਚਰਚਾ ਵੀ ਹੋ ਚੁੱਕੀ ਹੈ। ਇਸ ਮੁੱਦੇ ‘ਤੇ ਵੀ ਚਰਚਾ ਹੋਈ ਸੀ ਕਿ ਜਦੋਂ ਸੀਨੀਅਰ ਲੀਡਰਸ਼ਿਪ ਦਾ ਮੁੱਦਾ ਵਿਚਾਰਨ ਦੀ ਨੌਬਤ ਆਉਂਦੀ ਹੈ ਤਾਂ ਵੱਡੇ ਬਾਦਲ ਛੋਟੇ ਬਾਦਲ ਨਾਲ ਵਿਚਾਰ ਕਰਨ ਦੀ ਨਸੀਹਤ ਦੇ ਛੱਡਦੇ ਹਨ ਤੇ ਜਦੋਂ ਸੁਖਬੀਰ ਲਈ ਚੁਣੌਤੀਆਂ ਦਾ ਸਮਾਂ ਆਉਂਦਾ ਹੈ ਤਾਂ ਉਹ ਝੱਟ ਸੰਕਟ ਮੋਚਕ ਬਣ ਕੇ ਮੈਦਾਨ ਵਿੱਚ ਨਿੱਤਰ ਆਉਂਦੇ ਹਨ। ਪਾਰਟੀ ਲੀਡਰਸ਼ਿਪ ਮਹਿਸੂਸ ਕਰ ਰਹੀ ਹੈ ਕਿ ਵੱਡੇ ਬਾਦਲ ਸਿਰਫ਼ ਸੁਖਬੀਰ ਦੇ ਪਿਤਾ ਵਾਲੀ ਭੂਮਿਕਾ ਨਿਭਾਉਂਦੇ ਹਨ ਨਾ ਕਿ ਸੀਨੀਅਰ ਨੇਤਾ ਤੇ ਪਾਰਟੀ ਦੇ ਸੰਕਟ ਦਾ ਨਿਵਾਰਨ ਲਈ। ਇਹ ਵੀ ਦੇਖਿਆ ਗਿਆ ਹੈ ਕਿ ਜਦੋਂ ਪਾਰਟੀ ਸਿਆਸੀ ਸੰਕਟ ਵਿੱਚ ਘਿਰਦੀ ਹੈ ਤਾਂ ਟਕਸਾਲੀ ਨੇਤਾਵਾਂ ਨੂੰ ਮੂਹਰੇ ਲਾ ਦਿੱਤਾ ਜਾਂਦਾ ਹੈ ਤੇ ਆਮ ਹਾਲਾਤ ਵਿੱਚ ਹਰ ਥਾਂ ਬਾਦਲ ਪਰਿਵਾਰ ਹੀ ਮੋਹਰੀ ਹੁੰਦਾ ਹੈ।
ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦੇਣ ਬਾਅਦ ਮੰਨ-ਮਨੌਤੀ ਦੀਆਂ ਕੋਸ਼ਿਸ਼ਾਂ ਵਿਚਕਾਰ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਆਪਣਾ ਭਰਾ ਦੱਸਿਆ ਹੈ। ਉਨ੍ਹਾਂ ਆਖਿਆ ਕਿ ਸ੍ਰੀ ਢੀਂਡਸਾ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਿਚੋਂ ਵਿੱਚੋਂ ਹਨ ਜਿਨ੍ਹਾਂ ਲੰਮਾ ਸਮਾਂ ਪਾਰਟੀ ਦੀ ਚੜ੍ਹਦੀ ਕਲਾ ਅਤੇ ਬਿਹਤਰੀ ਲਈ ਕੰਮ ਕੀਤਾ। ਉਨ੍ਹਾਂ ਦੇ ਲੜਕੇ ਪਰਮਿੰਦਰ ਸਿੰਘ ਦਾ ਵੀ ਬਿਆਨ ਆਇਆ ਹੈ। ਸ੍ਰੀ ਬਾਦਲ ਨੇ ਕਿਹਾ ਕਿ ਸ੍ਰੀ ਢੀਂਡਸਾ ਅੱਜ-ਕੱਲ੍ਹ ਬਿਮਾਰ ਹਨ ਤੇ ਉਹ ਛੇਤੀ ਉਨ੍ਹਾਂ ਨਾਲ ਮੁਲਾਕਾਤ ਕਰਨਗੇ।
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਪ੍ਰਤੀ ਵਰਤੇ ਸ਼ਬਦਾਂ ਪ੍ਰਤੀ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ ਵਾਪਸ ਨਹੀਂ ਲੈਣਗੇ। ਉਨ੍ਹਾਂ ਦੇ ਅਸਤੀਫ਼ੇ ਨੂੰ ਪਾਰਟੀ ਅੰਦਰ ਚੱਲ ਰਹੇ ਮੱਤਭੇਦਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।