ਗ੍ਰੰਥੀ ਨੇ ਗੁੱਸੇ ‘ਚ ਕੜਾਹ ਵਿਚ ਭੰਗ ਮਿਲਾ ਬੱਚਿਆਂ ਨੂੰ ਖੁਆਇਆ, ਇਕ ਦੀ ਮੌਤ

ਗ੍ਰੰਥੀ ਨੇ ਗੁੱਸੇ ‘ਚ ਕੜਾਹ ਵਿਚ ਭੰਗ ਮਿਲਾ ਬੱਚਿਆਂ ਨੂੰ ਖੁਆਇਆ, ਇਕ ਦੀ ਮੌਤ

30 ਬੱਚੇ ਗੰਭੀਰ, ਦੋਸ਼ੀ ਦਾ ਗੁਰਦੁਆਰਾ ਪ੍ਰਬੰਧਕਾਂ ਨਾਲ ਸੀ ਝਗੜਾ
ਬਟਾਲਾ/ਬਿਊਰੋ ਨਿਊਜ਼ :
ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਲਈ ਗੁਰੂ ਨਾਨਕ ਮੁਹੱਲੇ ‘ਚ ਸਥਿਤ ਗੁਰਦੁਆਰੇ ਦੇ ਗ੍ਰੰਥੀ ਨੇ ਕੜਾਹ ਪ੍ਰਸ਼ਾਦ ‘ਚ ਭੰਗ ਪਾਊਡਰ ਮਿਲਾ ਕੇ ਬੱਚਿਆਂ ‘ਚ ਵੰਡ ਦਿੱਤਾ। ਪ੍ਰਸ਼ਾਦ ਖਾਣ ਤੋਂ ਬਾਅਦ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ। 30 ਹੋਰ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਗ੍ਰੰਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਗੁਰਦੁਆਰਾ ਕਮੇਟੀ ਨਾਲ ਤਕਰਾਰਬਾਜ਼ੀ ਚੱਲ ਰਹੀ ਸੀ।
ਮੁਹੱਲੇ ਦੇ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਗੁਰਜੀਤ ਕੌਰ ਦੋ ਪੁੱਤਰਾਂ 6 ਸਾਲ ਦੇ ਅਭਿਜੀਤ ਅਤੇ ਡੇਢ ਸਾਲ ਦੇ ਬਲਜੀਤ ਸਿੰਘ ਨਾਲ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਗੁਰਦੁਆਰੇ ਗਈ ਸੀ। ਉਥੇ ਗ੍ਰੰਥੀ ਨੇ ਉਨ੍ਹਾਂ ਨੂੰ ਕੜਾਹ ਪ੍ਰਸ਼ਾਦ ਦਿੱਤਾ। ਰਾਤ ਨੂੰ ਬਲਜੀਤ ਨੂੰ ਉਲਟੀ ਹੋਣ ਲੱਗੀ। ਥੋੜ੍ਹੀ ਹੀ ਦੇਰ ‘ਚ ਉਸ ਦੀ ਮੌਤ ਹੋ ਗਈ। ਕੁੱਝ ਦੇਰ ਬਾਅਦ ਪਤਾ ਲੱਗਾ ਕਿ ਮੁਹੱਲੇ ਦੇ ਹੋਰ ਬੱਚਿਆਂ ਦੀ ਵੀ ਸਿਹਤ ਖਰਾਬ ਹੈ। ਉਨ੍ਹਾਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਸਵੇਰੇ ਪੁਲੀਸ ਨੇ ਗੁਰਦੁਆਰੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਤਾਂ ਵੇਖਿਆ 6:23 ਵਜੇ ਗ੍ਰੰਥੀ ਪਰਮਜੀਤ ਸਿੰਘ (40) ਨੇ ਕੜਾਹ ਪ੍ਰਸ਼ਾਦ ‘ਚ ਕੁੱਝ ਮਿਲਾਇਆ ਅਤੇ ਬੱਚਿਆਂ ‘ਚ ਵੰਡ ਦਿੱਤਾ। ਮੈਨੇਜਮੈਂਟ ਕਮੇਟੀ ਨਾਲ ਉਸ ਦਾ ਝਗੜਾ ਸੀ। ਕਮੇਟੀ ਨੂੰ ਬਦਨਾਮ ਕਰਨ ਲਈ ਉਸ ਨੇ ਅਜਿਹਾ ਕੀਤਾ। ਪੁਲੀਸ ਨੇ ਦੱਸਿਆ ਕਿ ਲਗਭਗ 4 ਮਹੀਨੇ ਪਹਿਲਾਂ ਪਰਮਜੀਤ ‘ਤੇ ਗੁਰਦੁਆਰਾ ਸਾਹਿਬ ‘ਚੋਂ ਪੈਸੇ ਚੋਰੀ ਕਰਨ ਦਾ ਦੋਸ਼ ਲੱਗਾ ਸੀ। ਕਮੇਟੀ ਉਸ ਨੂੰ ਕਈ ਵਾਰ ਸੁਧਰਨ ਦੀ ਚਿਤਾਵਨੀ ਦੇ ਚੁੱਕੀ ਸੀ। ਡੀ.ਐਸ.ਪੀ. (ਸਿਟੀ) ਆਰ.ਪੀ. ਸਿੰਘ ਢਿੱਲੋਂ ਨੇ ਦੱਸਿਆ ਕਿ ਪਰਮਜੀਤ ਸਿੰਘ ਖੁਦ ਵੀ ਭੰਗ ਖਾਣ ਦਾ ਆਦੀ ਹੈ। ਉਥੇ ਹੀ ਐਸ.ਜੀ.ਪੀ.ਸੀ. ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਵਡੂੰਗਰ ਨੇ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਹੈ।
ਮਿੱਠਾ 10 ਗੁਣਾ ਵਧਾ ਦਿੰਦਾ ਹੈ ਨਸ਼ਾ :
ਸਿਵਲ ਸਰਜਨ ਐਚ.ਐਸ. ਘਈ ਨੇ ਦੱਸਿਆ ਕਿ ਬੱਚਿਆਂ ਨੂੰ ਕੋਈ ਨਸ਼ੀਲੀ ਚੀਜ਼ ਖੁਆਈ ਗਈ ਹੈ। ਇਸ ਨਾਲ ਦਿਮਾਗ ‘ਤੇ ਤੇਜ਼ ਅਸਰ ਹੁੰਦਾ ਹੈ। ਕਈ ਵਾਰ ਦਿਮਾਗ ਡੈੱਡ ਵੀ ਹੋ ਜਾਂਦਾ ਹੈ, ਜਿਸ ਕਾਰਨ ਮੌਤ ਹੋ ਸਕਦੀ ਹੈ। ਮੰਗ ਮਿੱਠੇ ਦੇ ਨਾਲ 10 ਗੁਣਾ ਜਿਆਦਾ ਨਸ਼ੀਲੀ ਹੋ ਜਾਂਦੀ ਹੈ।