ਦਰਬਾਰ ਸਾਹਿਬ ਵਿਖੇ ਸੋਨੇ ਦੇ ਪੱਤਰਿਆਂ ਦੀ ਧੁਆਈ ਸ਼ੁਰੂ

ਦਰਬਾਰ ਸਾਹਿਬ ਵਿਖੇ ਸੋਨੇ ਦੇ ਪੱਤਰਿਆਂ ਦੀ ਧੁਆਈ ਸ਼ੁਰੂ

ਹਰਿਮੰਦਰ ਸਾਹਿਬ ਵਿਖੇ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕੀਤੇ ਜਾਣ ਦਾ ਦ੍ਰਿਸ਼।
ਅੰਮ੍ਰਿਤਸਰ/ਬਿਊਰੋ ਨਿਊਜ਼ :
ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ‘ਤੇ ਲੱਗੇ ਸੋਨੇ ਦੇ ਪੱਤਰਿਆਂ ਦੀ ਚਮਕ ਬਰਕਰਾਰ ਰੱਖਣ ਵਾਸਤੇ ਇਨ੍ਹਾਂ ਦੀ ਧੁਆਈ ਦੀ ਕਾਰ ਸੇਵਾ ਸਿੱਖ ਰਹੁ-ਰੀਤਾਂ ਨਾਲ ਆਰੰਭ ਕੀਤੀ ਗਈ। ਇਹ ਸੇਵਾ ਇੰਗਲੈਂਡ ਦੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ (ਯੂਕੇ) ਵੱਲੋਂ ਕੀਤੀ ਜਾ ਰਹੀ ਹੈ।
ਇਹ ਸੇਵਾ ਇੰਗਲੈਂਡ ਤੋਂ ਜਥੇ ਦੇ ਇੰਚਾਰਜ ਭਾਈ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪੁੱਜੇ 25 ਮੈਂਬਰਾਂ ਵੱਲੋਂ ਸ਼ੁਰੂ ਕੀਤੀ ਗਈ ਹੈ। ਸੇਵਾ ਦੀ ਸ਼ੁਰੂਆਤ ਤੋਂ ਪਹਿਲਾਂ ਭਾਈ ਰਾਜਦੀਪ ਸਿੰਘ ਨੇ ਅਰਦਾਸ ਕੀਤੀ ਤੇ ਮਗਰੋਂ ਸੇਵਕ ਜਥੇ ਦੇ ਮੈਂਬਰਾਂ ਨੇ ਧੁਆਈ ਦੀ ਸੇਵਾ ਆਰੰਭ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇ ਦੇ ਆਗੂ ਸੁਖਬੀਰ ਸਿੰਘ ਨੇ ਦੱਸਿਆ ਕਿ ਇਹ ਸੇਵਾ ਲਗਪਗ 10 ਦਿਨਾਂ ਵਿੱਚ ਮੁਕੰਮਲ ਹੋ ਜਾਵੇਗੀ ਅਤੇ ਇਸ ਨਾਲ ਸੋਨੇ ਦੇ ਪੱਤਰਿਆਂ ਦੀ ਚਮਕ ਬਰਕਰਾਰ ਰਹੇਗੀ। ਉਨ੍ਹਾਂ ਆਖਿਆ ਕਿ ਸੋਨੇ ਦੀ ਚਮਕ ਨੂੰ ਪ੍ਰਦੂਸ਼ਣ ਪ੍ਰਭਾਵਿਤ ਕਰ ਰਿਹਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਹਰ ਵਰ੍ਹੇ ਸੋਨੇ ਦੀ ਧੁਆਈ ਦੀ ਸੇਵਾ ਕਰਾਈ ਜਾਂਦੀ ਹੈ। ਇਸੇ ਕੜੀ ਤਹਿਤ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਨੂੰ ਸੌਂਪੀ ਗਈ ਸੀ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਦੂਸ਼ਣ ਦੀ ਰੋਕਥਾਮ ਲਈ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕੀਤੀ।
ਦੱਸਣਯੋਗ ਹੈ ਕਿ ਸੋਨੇ ਦੇ ਪੱਤਰੇ ਚੜ੍ਹਾਉਣ ਦੀ ਸੇਵਾ ਵੀ ਇਸੇ ਜਥੇ ਵੱਲੋਂ ਲਗਪਗ ਦੋ ਦਹਾਕੇ ਪਹਿਲਾਂ ਕੀਤੀ ਗਈ ਸੀ। ਇਹ ਸੇਵਾ ਉਸ ਵੇਲੇ 1999 ਵਿੱਚ ਮੁਕੰਮਲ ਹੋਈ ਸੀ ਪਰ ਕੁਝ ਸਮੇਂ ਬਾਅਦ ਹੀ ਸੋਨੇ ਦੇ ਪੱਤਰਿਆਂ ਦਾ ਰੰਗ ਬਦਲਣ ਲੱਗ ਪਿਆ ਸੀ। ਉਸ ਤੋਂ ਬਾਅਦ ਹਰ ਵਰ੍ਹੇ ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਪੱਤਰਿਆਂ ਦੀ ਧੁਆਈ ਦੀ ਸੇਵਾ ਕਰਾਈ ਜਾਂਦੀ ਹੈ। ਇਹ ਧੁਆਈ ਵਾਸਤੇ ਕੁਦਰਤੀ ਵਸਤਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਸੋਨੇ ਦੀ ਚਮਕ ਮੁੜ ਕਾਇਮ ਹੋ ਜਾਂਦੀ ਹੈ। ਇਸ ਇਲਾਕੇ ਵਿੱਚ ਵਧ ਰਹੇ ਪ੍ਰਦੂਸ਼ਣ ਕਾਰਨ ਵੀ ਹਰਿਮੰਦਰ ਸਾਹਿਬ ਦੀ ਇਮਾਰਤ ‘ਤੇ ਲੱਗਾ ਸੋਨਾ ਪ੍ਰਭਾਵਿਤ ਹੋ ਰਿਹਾ ਹੈ। ਪੱਤਰਿਆਂ ਦੀ ਧੁਆਈ ਮੌਕੇ ਵਧੀਕ ਮੈਨੇਜਰ ਸੁਖਰਾਜ ਸਿੰਘ, ਕਸ਼ਮੀਰ ਸਿੰਘ ਤੇ ਸ਼ਮਸ਼ੇਰ ਸਿੰਘ ਹਾਜ਼ਰ ਸਨ।