ਬਰੇਟਾ ਟਰੱਕ ਯੂਨੀਅਨ ‘ਤੇ ਕਾਬਜ਼ ਵਿਅਕਤੀ ਵਲੋਂ ਫਾਇਰਿੰਗ, ਕਾਂਗਰਸੀ ਹਮਾਇਤੀ ਦੋ ਨੌਜਵਾਨ ਹਲਾਕ

ਬਰੇਟਾ ਟਰੱਕ ਯੂਨੀਅਨ ‘ਤੇ ਕਾਬਜ਼ ਵਿਅਕਤੀ ਵਲੋਂ ਫਾਇਰਿੰਗ, ਕਾਂਗਰਸੀ ਹਮਾਇਤੀ ਦੋ ਨੌਜਵਾਨ ਹਲਾਕ

ਕੈਪਸ਼ਨ-ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਪੁਲੀਸ ਅਧਿਕਾਰੀ। 
ਬਰੇਟਾ/ਬਿਊਰੋ ਨਿਊਜ਼ :
ਟਰੱਕ ਯੂਨੀਅਨ, ਬਰੇਟਾ ਵਿੱਚ ਬੈਠੇ ਦੋ ਕਾਂਗਰਸੀ ਹਮਾਇਤੀ ਨੌਜਵਾਨਾਂ ਦੀ ਯੂਨੀਅਨ ‘ਤੇ ਕਾਬਜ਼ ਅੱਠ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ। ਇਸ ਵਾਰਦਾਤ ‘ਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਹੈ। ਪੁਲੀਸ ਨੇ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਕੁੱਲ ਅੱਠ ਵਿਅਕਤੀਆਂ ਖ਼ਿਲਾਫ਼ ਕਤਲ ਕੇਸ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ, ਬਰੇਟਾ ਵਿੱਚ ਕਾਂਗਰਸੀ ਹਮਾਇਤੀ ਰਾਏਤੇਜਿੰਦਰ ਸਿੰਘ ਉਰਫ਼ ਰਵੀ (40) ਵਾਸੀ ਬਰੇਟਾ, ਰਾਜਿੰਦਰ ਕੁਮਾਰ ਉਰਫ਼ ਰਾਜੂ ਕੁੱਲਰੀਆਂ ਅਤੇ ਸੁਖਵਿੰਦਰ ਸਿੰਘ ਸੁੱਖਾ ਵਾਸੀ ਬਰੇਟਾ ਬੈਠੇ ਸਨ। ਜਾਣਕਾਰੀ ਮੁਤਾਬਕ ਬੀਤੇ ਦਿਨ ਹੀ ਰਵੀ ਨੇ ਮੈਂਬਰ ਬਣਨ ਲਈ ਯੂਨੀਅਨ ਵਿੱਚ ਆਪਣਾ ਟਰਾਲਾ ਪਾਇਆ ਸੀ। ਇਸ ਦੌਰਾਨ ਗੱਡੀ ਸਵਾਰ ਵਿਅਕਤੀ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਰਾਏਤੇਜਿੰਦਰ ਸਿੰਘ ਤੇ ਰਾਜਿੰਦਰ ਕੁਮਾਰ ਦੀ ਮੌਕੇ ‘ਤੇ ਮੌਤ ਹੋ ਗਈ ਹੈ ਜਦੋਂ ਕਿ ਸੁਖਵਿੰਦਰ ਸਿੰਘ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਵਿੱਚ ਦਾਖ਼ਲ ਕਰਾਇਆ ਗਿਆ ਹੈ। ਡਾਕਟਰ ਗਰਗ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਉਸ ਦੇ ਮੋਢੇ ਵਿਚ ਗੋਲੀ ਵੱਜੀ ਸੀ।
ਦੱਸਣਯੋਗ ਹੈ ਕਿ ਥਾਣਾ ਤੇ ਟਰੱਕ ਯੂਨੀਅਨ ਬਿਲਕੁਲ ਆਹਮੋ-ਸਾਹਮਣੇ ਹਨ। ਵਾਰਦਾਤ ਵਾਲੀ ਥਾਂ ਤੋਂ ਥਾਣਾ ਮਹਿਜ਼ 100 ਫੁੱਟ ਦੂਰ ਹੈ। ਮਾਨਸਾ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਇਹ ਝਗੜਾ ਟਰੱਕ ਯੂਨੀਅਨ ਦੀ ਆਪਸੀ ਖਿੱਚੋਤਾਣ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਲ 2008 ਵਿੱਚ ਟਰੱਕ ਯੂਨੀਅਨ ‘ਤੇ ਕਾਬਜ਼ ਜਗਸੀਰ ਸਿੰਘ ਜੱਗਾ ਦੀ ਰਵੀ ਨੇ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਸੀ। ਰਵੀ ਕਿਸੇ ਸਮੇਂ ਹਰਿਆਣਾ ਪੁਲੀਸ ‘ਚ ਕਾਂਸਟੇਬਲ ਸੀ। ਉਹ ਇਸ ਕੇਸ ਵਿੱਚੋਂ ਬਰੀ ਹੋ ਕੇ ਬਾਹਰ ਆਇਆ ਸੀ। ਇਸ ਕਾਰਨ ਇਨ੍ਹਾਂ ਵਿਚ ਰੰਜਿਸ਼ ਸੀ। ਬਰੇਟਾ ਪੁਲੀਸ ਨੇ ਮ੍ਰਿਤਕ ਰਾਏਤੇਜਿੰਦਰ ਸਿੰਘ ਦੇ ਭਰਾ ਰਾਏ ਇੰਦਰ ਸਿੰਘ ਉਰਫ਼ ਬਿੰਦੀ ਦੇ ਬਿਆਨਾਂ ‘ਤੇ 8 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਸਾਬਕਾ ਅਕਾਲੀ ਸਰਪੰਚ ਤੇ ਟਰੱਕ ਯੂਨੀਅਨ ਬਰੇਟਾ ਦੇ ਮੌਜੂਦਾ ਪ੍ਰਧਾਨ ਬਿੰਦਰ ਸਿੰਘ ਵਾਸੀ ਸਿਰਸੀਵਾਲਾ, ਪਰਵੀਨ ਸਿੰਘ ਜੁਗਲਾਣ, ਗੁਰਪ੍ਰੀਤ ਸਿੰਘ ਵਾਸੀ ਬਰੇਟਾ, ਗੋਲਡੀ ਸਿੰਘ ਵਾਸੀ ਬਰੇਟਾ ਅਤੇ ਚਾਰ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਾਬੂ ਕੀਤੇ ਚਾਰ ਵਿਅਕਤੀਆਂ ਕੋਲੋਂ .30 ਬੋਰ ਦਾ ਪਿਸਤੌਲ ਤੇ 12 ਕਾਰਤੂਸ, 32 ਬੋਰ ਦਾ ਪਿਸਤੌਲ ਤੇ 6 ਕਾਰਤੂਸ ਬਰਾਮਦ ਕੀਤੇ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਬੁਢਲਾਡਾ ਦੇ ਸਿਵਲ ਹਸਪਤਾਲ ਵਿਖੇ ਰੱਖੀਆਂ ਗਈਆਂ ਹਨ।