ਸਿਡਨੀ ਜਹਾਜ਼ ਹਾਦਸਾ : ਮੁਹਾਲੀ ਦੇ ਅਮਰਿੰਦਰ ਸਿੰਘ ਦੀ ਮੌਤ

ਸਿਡਨੀ ਜਹਾਜ਼ ਹਾਦਸਾ : ਮੁਹਾਲੀ ਦੇ ਅਮਰਿੰਦਰ ਸਿੰਘ ਦੀ ਮੌਤ

ਐਸ.ਏ.ਐਸ. ਨਗਰ (ਮੁਹਾਲੀ)/ਬਿਊਰੋ ਨਿਊਜ਼ :
ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਇਕ ਛੋਟਾ ਪ੍ਰਾਈਵੇਟ ਜਹਾਜ਼ (ਟੂ ਸੀਟਰ) ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਕਾਰਨ ਅਮਰਿੰਦਰ ਸਿੰਘ (40) ਪੁੱਤਰ ਅਜੀਤ ਸਿੰਘ ਸਰਵਾਰਾ ਵਾਸੀ ਸੈਕਟਰ-69, ਮੁਹਾਲੀ ਦੀ ਮੌਤ ਹੋ ਗਈ।
ਚੰਡੀਗੜ੍ਹ ਵਿੱਚ ਪੜ੍ਹਾਈ ਤੋਂ ਬਾਅਦ ਕਰੀਬ 26 ਸਾਲ ਪਹਿਲਾਂ ਅਮਰਿੰਦਰ ਸਿੰਘ ਰੁਜ਼ਗਾਰ ਲਈ ਆਸਟਰੇਲੀਆ ਗਿਆ ਸੀ। ਉਸ ਦੀ ਭੈਣ ਪਹਿਲਾਂ ਤੋਂ ਆਸਟਰੇਲੀਆ ਰਹਿੰਦੀ ਹੈ। ਇਸ ਸਮੇਂ ਉਹ ਸਿਡਨੀ ਦੀ ਜੇਲ੍ਹ ਵਿੱਚ ਸੁਪਰਡੈਂਟ ਦੇ ਅਹੁਦੇ ‘ਤੇ ਤਾਇਨਾਤ ਸੀ ਅਤੇ ਉਸ ਨੂੰ ਜਹਾਜ਼ ਉਡਾਉਣ ਦਾ ਸ਼ੌਕ ਸੀ। ਉਸ ਦੀ ਪਤਨੀ ਸਿਡਨੀ ਵਿੱਚ ਅਧਿਆਪਕ ਹੈ ਅਤੇ 11 ਸਾਲਾ ਲੜਕੀ ਵੀ ਹੈ। ਇਹ ਹਾਦਸਾ ਓਕਡੇਲ ਦੀ ਸੜਕ ਨੇੜੇ ਵਾਪਰਿਆ। ਜਹਾਜ਼ ਵਿੱਚ ਅਮਰਿੰਦਰ ਸਿੰਘ ਇਕੱਲਾ ਸਵਾਰ ਸੀ। ਐਮਰਜੈਂਸੀ ਵਿਭਾਗ ਮੁਤਾਬਕ ਉਨ੍ਹਾਂ ਨੂੰ ਫੋਨ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਸੀ।
ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ-69 ਦੇ ਸਰਪ੍ਰਸਤ ਐਚ.ਐਸ. ਗਰੇਵਾਲ ਅਤੇ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਅਜੇ ਤਾਈਂ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਪੁਲੀਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਪਿਆਂ ਨੂੰ ਹਾਦਸੇ ਬਾਰੇ ਸੂਚਨਾ ਸਿਡਨੀ ਰਹਿੰਦੀ ਅਮਰਿੰਦਰ ਦੀ ਭੈਣ ਨੇ ਟੈਲੀਫੋਨ ‘ਤੇ ਦਿੱਤੀ। ਅਮਰਿੰਦਰ ਦੇ ਪਿਤਾ ਅਜੀਤ ਸਿੰਘ ਸਰਵਾਰਾ, ਉਸ ਦੀ ਪਤਨੀ ਅਤੇ ਦੋਹਤੀ ਆਸਟਰੇਲੀਆ ਪੁੱਜ ਗਏ ਹਨ। ਅਮਰਿੰਦਰ ਦਾ ਅੰਤਿਮ ਸੰਸਕਾਰ ਆਸਟਰੇਲੀਆ ਵਿੱਚ ਹੀ ਹੋਵੇਗਾ।