ਬੈਂਕ ਮੈਨੇਜਰ ਸਮੇਤ ਤਿੰਨ ਜਣੇ ਤਿੰਨ ਕਰੋੜ ਦੇ ਗ਼ਬਨ ਮਾਮਲੇ ਵਿਚ ਗ੍ਰਿਫ਼ਤਾਰ

ਬੈਂਕ ਮੈਨੇਜਰ ਸਮੇਤ ਤਿੰਨ ਜਣੇ ਤਿੰਨ ਕਰੋੜ ਦੇ ਗ਼ਬਨ ਮਾਮਲੇ ਵਿਚ ਗ੍ਰਿਫ਼ਤਾਰ
ਵਿਜੀਲੈਂਸ ਬਿਊਰੋ ਦੀ ਟੀਮ ਗਬਨ ਮਾਮਲੇ ਵਿੱਚ ਫੜੇ ਮੁਲਜ਼ਮਾਂ ਨਾਲ।

ਜਲੰਧਰ/ਬਿਊਰੋ ਨਿਊਜ਼ :
ਵਿਜੀਲੈਂਸ ਬਿਊਰੋ ਪੰਜਾਬ ਨੇ ਸਟੇਟ ਬੈਂਕ ਆਫ ਪਟਿਆਲਾ ਅਤੇ ਮਾਲ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਜਾਅਲੀ ਫਰਦਾਂ ਨਾਲ ਬਣਾਈਆਂ ਲਿਮਟਾਂ ਨਾਲ 3 ਕਰੋੜ 71 ਲੱਖ ਦੇ ਗਬਨ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਸਟੇਟ ਬੈਂਕ ਆਫ ਪਟਿਆਲਾ ਸੁਲਤਾਨਪੁਰ ਲੋਧੀ ਦੇ ਮੈਨੇਜਰ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗਬਨ ਦੀ ਇਹ ਰਕਮ 15 ਕਰੋੜ ਤੋਂ ਵੀ ਟੱਪਣ ਦੀ ਉਮੀਦ ਹੈ।
ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦੇ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਦੇ ਇੰਸਪੈਕਟਰ ਦਲਬੀਰ ਸਿੰਘ ਦੀ ਅਗਵਾਈ ਹੇਠ ਕੀਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਪਹਿਲੀ ਮਈ 2013 ਤੋਂ ਲੈ ਕੇ 30 ਅਪ੍ਰੈਲ 2016 ਤੱਕ ਦੀਆਂ ਕਰਜ਼ੇ ਦੀਆਂ ਫਾਈਲਾਂ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਉਨ੍ਹਾਂ ਵਿੱਚ 3 ਕਰੋੜ 71 ਲੱਖ ਦਾ ਗਬਨ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਫਾਈਲਾਂ ਸਟੇਟ ਬੈਂਕ ਆਫ ਪਟਿਆਲਾ ਸੁਲਤਾਨਪੁਰ ਲੋਧੀ ਦੀ ਬ੍ਰਾਂਚ ਵਿੱਚ ਬਣਾਈਆਂ ਗਈਆਂ ਸਨ ਤੇ ਇਸ ਮਾਮਲੇ ਵਿਚ 23 ਜਣੇ ਹੋਰ ਵੀ ਸ਼ਾਮਲ ਦੱਸੇ ਜਾ ਰਹੇ ਹਨ। ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਰੀਆਂ ਫਾਈਲਾਂ ਖੇਤੀਬਾੜੀ ਲਿਮਟਾਂ ਨਾਲ ਸਬੰਧਤ ਹਨ ਤੇ ਇਸ ਗਬਨ ਵਿੱਚ ਮਾਲ ਵਿਭਾਗ, ਸਟੇਟ ਬੈਂਕ ਆਫ ਪਟਿਆਲਾ ਦੇ ਅਧਿਕਾਰੀ ਤੇ ਕੁਝ ਹੋਰ ਲੋਕਾਂ ਨੇ ਮਿਲੀਭੁਗਤ ਕਰਕੇ ਫਰਜ਼ੀ ਜ਼ਮੀਨ ‘ਤੇ ਫਰਜ਼ੀ ਵਿਅਕਤੀਆਂ ਦੇ ਨਾਂ ‘ਤੇ ਬੈਂਕ ਕਰਜ਼ੇ ਮਨਜ਼ੂਰ ਕੀਤੇ ਸਨ। ਕਰਜ਼ਦਾਰਾਂ ਦੀ ਜ਼ਮੀਨ ਉਨ੍ਹਾਂ ਦੀ ਮਾਲਕੀ ਨਾਲ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦੀ ਮਾਲਕੀ ਵਾਲੀ ਜ਼ਮੀਨ ਨੂੰ ਪ੍ਰਾਈਵੇਟ ਵਿਅਕਤੀਆਂ ਦੀ ਮਾਲਕੀ ਦਿਖਾ ਕੇ ਫਰਦਾਂ ਤੇ ਗਿਰਦਾਵਰੀਆਂ ਬਾਰੇ ਸਰਟੀਫਿਕੇਟ ਜਾਰੀ ਕਰਵਾਏ ਸਨ ਤੇ ਫਰਦ ਕੇਂਦਰ ਸੁਲਤਾਨਪੁਰ ਲੋਧੀ ਤੋਂ ਫਰਜ਼ੀ ਫਰਦਾਂ ਜਾਰੀ ਹੋਈਆਂ ਸਨ ਅਤੇ ਫਰਦ ਕੇਂਦਰ ਦੇ ਆਨਲਾਈਨ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਸਟੇਟ ਬੈਂਕ ਆਫ ਪਟਿਆਲਾ ਸੁਲਤਾਨਪੁਰ ਲੋਧੀ ਦਾ ਬ੍ਰਾਂਚ ਮੈਨੇਜਰ ਸੁਲਿੰਦਰ ਸਿੰਘ ਜੋ ਕਿ ਜਲੰਧਰ ਦੇ ਏਕਤਾ ਵਿਹਾਰ ਵਿਚ ਰਹਿੰਦਾ ਹੈ, ਇਸੇ ਤਰ੍ਹਾਂ ਉਕਤ ਬ੍ਰਾਂਚ ਦੇ ਫੀਲਡ ਅਫਸਰ ਸੁਰਿੰਦਰਪਾਲ ਵਾਸੀ ਕਪੂਰਥਲਾ ਸ਼ਹਿਰ ਅਤੇ ਸਹਾਇਕ ਸਿਸਟਮ ਮੈਨੇਜਰ ਫਰਦ ਕੇਂਦਰ ਸੁਲਤਾਨਪੁਰ ਲੋਧੀ ਲਖਵਿੰਦਰ ਸਿੰਘ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਘਪਲੇ ਵਿੱਚ 23 ਹੋਰ ਜਣੇ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਹੈ। ਇਨ੍ਹਾਂ ਮੁਲਜ਼ਮਾਂ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਵਿੱਚ ਕੇਸ ਦਰਜ ਕੀਤਾ ਗਿਆ ਹੈ।