ਦਿੱਲੀ ਵਾਂਗ ਹੀ ਪੰਜਾਬ ਚੋਣਾਂ ਵੀ ਜਿੱਤਾਂਗੇ : ਸੁਖਬੀਰ ਬਾਦਲ

ਦਿੱਲੀ ਵਾਂਗ ਹੀ ਪੰਜਾਬ ਚੋਣਾਂ ਵੀ ਜਿੱਤਾਂਗੇ : ਸੁਖਬੀਰ ਬਾਦਲ
ਕੈਪਸ਼ਨ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼।

ਅੰਮ੍ਰਿਤਸਰ/ਬਿਊਰੋ ਨਿਊਜ਼ :
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਕਮ ਧੜੇ ਨਾਲ ਸਬੰਧਤ ਜੇਤੂ ਉਮੀਦਵਾਰਾਂ ਦਾ ਸਨਮਾਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਖਿਆ ਕਿ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇਸ਼ ਵਿਦੇਸ਼ ਵਿੱਚ ਵੱਸਦੀ ਸਮੁੱਚੀ ਸਿੱਖ ਕੌਮ ਨੂੰ ਇੱਕ ਝੰਡੇ ਹੇਠ ਇਕੱਠਿਆਂ ਕਰੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਆਖਿਆ ਦਿੱਲੀ ਕਮੇਟੀ ਦੇ ਨਤੀਜਿਆਂ ਵਾਂਗ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਆਉਣਗੇ।
ਇੱਥੇ ਦਿੱਲੀ ਕਮੇਟੀ ਦੇ ਜੇਤੂ ਮੈਂਬਰ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਿੱਚ ਜਿੱਤ ਸਬੰਧੀ ਸ਼ੁਕਰਾਨਾ ਕਰਨ ਲਈ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸਨ। ਸਮੂਹ ਮੈਂਬਰਾਂ ਦਾ ਦਰਬਾਰ ਸਾਹਿਬ ਸਮੂਹ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਸਮੂਹ ਮੈਂਬਰਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਉਪ ਮੁੱਖ ਮੰਤਰੀ ਨੇ ਆਖਿਆ ਕਿ ਸਿੱਖ ਕੌਮ ਦੇ ਵਿਰਸੇ ਨੂੰ ਸੰਭਾਲਣ, ਸ਼ਤਾਬਦੀਆਂ ਮਨਾਉਣ  ਤੇ ਹੋਰ ਕੀਤੇ ਕੰਮਾਂ ਨੂੰ ਸਿੱਖ ਕੌਮ ਨੇ ਪ੍ਰਵਾਨਗੀ ਦਿੰਦਿਆਂ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਜਿੱਤ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਡਟਿਆ ਹੈ। ਉਨ੍ਹਾਂ ਆਖਿਆ ਕਿ ਸਿੱਖ ਵਿਰੋਧੀ ਤਾਕਤਾਂ ਨੇ ਪੰਥ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਸੀ, ਪਰ ਸੰਗਤ ਨੇ ਅਜਿਹੀਆਂ ਤਾਕਤਾਂ ਨੂੰ ਪਛਾੜ ਦਿੱਤਾ ਹੈ।
ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਚੋਣਾਂ ਲੜਨ ਤੋਂ ਬਾਅਦ ਇਸ ਪਾਰਟੀ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਵੀ ਉਮੀਦਵਾਰ ਖੜ੍ਹੇ ਕੀਤੇ, ਪਰ ਦਿੱਲੀ ਦੇ ਸਿੱਖਾਂ ਨੇ ਇਨ੍ਹਾਂ ਨੂੰ ਨਕਾਰ ਦਿੱਤਾ। ਉਨ੍ਹਾਂ ਨੇ ਆਸ ਪ੍ਰਗਟਾਈ ਕਿ 11 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਦਿੱਲੀ ਚੋਣਾਂ ਵਾਂਗ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹੋਣਗੇ। ਉਨ੍ਹਾਂ ਨੇ ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰਾਂ ਅਤੇ ਸੰਤ ਸਮਾਜ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਦਿੱਲੀ ਚੋਣਾਂ ਦੇ ਨਤੀਜੇ ਵਾਂਗ ਹੀ ਪੰਜਾਬ ਵਿੱਚ ਵੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੈਰਾਨੀਜਨਕ ਹੋਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹੋਣਗੇ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਦਿੱਲੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਨਾਲ ਸਿੱਖ ਕੌਮ ਦੇ ਹਿੱਤ ਵਿੱਚ ਕੀਤੇ ਗਏ ਕੰਮਾਂ ਨੂੰ ਦਿੱਲੀ ਦੀ ਸਿੱਖ ਸੰਗਤ ਨੇ ਫਤਵਾ ਦਿੱਤਾ ਹੈ। ਸਨਮਾਨਤ ਕੀਤੇ ਦਿੱਲੀ ਕਮੇਟੀ ਦੇ ਆਗੂਆਂ ਵਿੱਚ ਪ੍ਰਧਾਨ ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ, ਸਾਬਕਾ ਪ੍ਰਧਾਨ ਅਵਤਾਰ ਸਿੰਘ, ਪਰਮਜੀਤ ਸਿੰਘ ਚੰਡੋਕ ਸ਼ਾਮਲ ਸਨ। ਸਮਾਗਮ ਵਿੱਚ ਸੰਤ ਸਮਾਜ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਵੀ ਸ਼ਾਮਲ ਸਨ।