ਸਿੱਖ ਕਤਲੇਆਮ ਕੇਸਾਂ ਵਿਚ ਸੱਜਣ ਕੁਮਾਰ ਤੋਂ ਪੁੱਛ-ਪੜਤਾਲ
ਨਵੀਂ ਦਿੱਲੀ/ਬਿਊਰੋ ਨਿਊਜ਼ :
ਸਿੱਖ ਕਤਲੇਆਮ ਨਾਲ ਸਬੰਧਤ 58 ਕੇਸਾਂ ਦੀ ਮੁੜ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਪੱਛਮੀ ਦਿੱਲੀ ਵਿੱਚ ਪਿਤਾ-ਪੁੱਤ ਦੇ ਕਤਲ ਨਾਲ ਸਬੰਧਤ ਮਾਮਲੇ ਵਿੱਚ ਕਾਂਗਰਸ ਆਗੂ ਸੱਜਣ ਕੁਮਾਰ ਤੋਂ ਪੁੱਛ-ਪੜਤਾਲ ਕੀਤੀ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਸੱਜਣ ਕੁਮਾਰ ਤੋਂ ਨਵੰਬਰ 1984 ਵਿੱਚ ਪੰਜਾਬੀ ਬਾਗ ਵਿੱਚ ਦੰਗਿਆਂ ਦੌਰਾਨ ਜਸਵੰਤ ਸਿੰਘ ਤੇ ਉਸ ਦੇ ਪੁੱਤਰ ਦੇ ਹੋਏ ਕਤਲ ਦੇ ਕੇਸ ਵਿੱਚ ਪੁੱਛ-ਪੜਤਾਲ ਕੀਤੀ ਗਈ। ਇਸ ਘਟਨਾ ਦੀ ਗਵਾਹ ਜਸਵੰਤ ਸਿੰਘ ਦੀ ਪਤਨੀ ਹੈ, ਜਿਸ ਦਾ ਕਹਿਣਾ ਹੈ ਕਿ ਉਸ ਨੇ ਸੱਜਣ ਕੁਮਾਰ ਨੂੰ ਕਥਿਤ ਤੌਰ ‘ਤੇ ਭੀੜ ਨੂੰ ਭੜਕਾਉਂਦਿਆਂ ਦੇਖਿਆ। ਦਿੱਲੀ ਪੁਲੀਸ ਨੇ 1991 ਵਿੱਚ ਪੰਜਾਬੀ ਬਾਗ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ ਪਰ 1993 ਵਿੱਚ ਜਾਂਚ ਬੰਦ ਕਰ ਦਿੱਤੀ।
ਆਈਪੀਐਸ ਅਧਿਕਾਰੀ ਅਨੁਰਾਗ, ਸੇਵਾਮੁਕਤ ਜ਼ਿਲ੍ਹਾ ਜੱਜ ਰਾਕੇਸ਼ ਕਪੂਰ ਅਤੇ ਦਿੱਲੀ ਪੁਲੀਸ ਦੇ ਡੀਸੀਪੀ ਕੁਮਾਰ ਗਣੇਸ਼ ਉਤੇ ਆਧਾਰਤ ਸਿਟ ਦੀ ਤਿੰਨ ਮੈਂਬਰੀ ਟੀਮ ਨੇ ਕਾਂਗਰਸੀ ਆਗੂ ਤੋਂ ਕੱਲ੍ਹ ਪੁੱਛ-ਪੜਤਾਲ ਕੀਤੀ। ਸੱਜਣ ਕੁਮਾਰ ਤੋਂ ਸਿੱਖ ਕਤਲੇਆਮ ਦੇ ਕੇਸਾਂ ਵਿੱਚ ਪਿਛਲੇ ਸਾਲ ਤੋਂ ਚਾਰ ਦਫ਼ਾ ਪੁੱਛ-ਪੜਤਾਲ ਹੋ ਚੁੱਕੀ ਹੈ।
ਗ੍ਰਹਿ ਮੰਤਰਾਲੇ ਵੱਲੋਂ ਕਾਇਮ ਸਿਟ ਨੇ ਇਸ ਜਾਂਚ ਦੀ ਪ੍ਰਗਤੀ ਬਾਰੇ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਰਿਪੋਰਟ ਦਾਖ਼ਲ ਕਰ ਦਿੱਤੀ ਹੈ, ਜਿਸ ਵਿੱਚ ਦੱਸਿਆ ਗਿਆ ਕਿ ਜ਼ਿਆਦਾਤਰ ਕੇਸਾਂ ਵਿੱਚ ਜਾਂਚ ਤਕਰੀਬਨ ਮੁਕੰਮਲ ਹੋ ਚੁੱਕੀ ਹੈ।
Comments (0)