ਨਾਮ ਚਰਚਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਤੇ ਡੇਰਾ ਪ੍ਰੇਮੀਆਂ ਵਿਚਾਲੇ ਟਕਰਾਅ

ਨਾਮ ਚਰਚਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਤੇ ਡੇਰਾ ਪ੍ਰੇਮੀਆਂ ਵਿਚਾਲੇ ਟਕਰਾਅ

ਕੈਪਸ਼ਨ-ਡੇਰਾ ਪ੍ਰੇਮੀਆਂ ਤੇ ਸਿੱਖ ਜਥੇਬੰਦੀਆਂ ਵਿਚਾਲੇ ਟਕਰਾਅ ਨੂੰ ਰੋਕਦੀ ਹੋਈ ਪੁਲੀਸ।
ਮੱਖੂ/ਬਿਊਰੋ ਨਿਊਜ਼ :
ਇਥੇ ਕੈਨਾਲ ਕਲੋਨੀ ਵਿਚ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਨਾਮ ਚਰਚਾ ਲਈ ਆਏ ਡੇਰਾ ਪ੍ਰੇਮੀਆਂ ਨੂੰ ਸਿੱਖ ਜਥੇਬੰਦੀ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿਚ ਪੁਲੀਸ ਵੱਲੋਂ 37 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਦੋਂ ਕਿ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਗ੍ਰੀਨ ਐੱਸ ਫੋਰਸ ਦੀ 15 ਮੈਂਬਰੀ ਕਮੇਟੀ ਦੇ ਮੈਂਬਰ ਰਾਜ ਕੁਮਾਰ ਤੇ ਬਲਾਕ ਭੰਗੀ ਦਾਸ ਕੁਲਵੰਤ ਸਿੰਘ ਦੀ ਅਗਵਾਈ ਵਿਚ ਨਾਮ ਚਰਚਾ ਹੋ ਰਹੀ ਸੀ। ਏਕਨੂਰ ਫੌਜ ਦੇ ਆਗੂ ਬਾਬਾ ਦਿਲਬਾਗ ਸਿੰਘ ਆਰਿਫਕੇ, ਕਾਰ ਸੇਵਾ ਫਤਿਹਗੜ੍ਹ ਸਭਰਾ ਦੇ ਬਾਬਾ ਸ਼ਿੰਦਰ ਸਿੰਘ ਦੇ ਜਥੇ ਦੇ ਆਗੂ ਸੁਖਮੰਦਰ ਸਿੰਘ, ਸਭਰਾ ਤੇ ਪੱਧਰੀ ਦੇ ਹੋਰ ਸੇਵਾਦਾਰਾਂ ਤੋਂ ਇਲਾਵਾ ਗੁਰਸੇਵਕ ਸਿੰਘ ਗੱਟਾ ਬਾਦਸ਼ਾਹ, ਸਰਪੰਚ ਹਰਜਿੰਦਰ ਸਿੰਘ ਚਿਰਾਗਵਾਲੀ, ਵੱਟੂ ਭੱਟੀ ਤੋਂ ਜੋਗਾ ਸਿੰਘ, ਨਿਜਾਮਦੀਨ ਵਾਲਾ ਤੋਂ ਹਰਜੀਤ ਸਿੰਘ ਦੀ ਅਗਵਾਈ ਵਿਚ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਪੁਲੀਸ ਦੀਆਂ ਰੋਕਾਂ ਪਾਰ ਕਰਦੇ ਹੋਏ ਨਾਮ ਚਰਚਾ ਵਾਲੀ ਥਾਂ ‘ਤੇ ਧਾਵਾ ਬੋਲ ਦਿੱਤਾ। ਦੂਜੇ ਪਾਸੇ ਡੇਰਾ ਪ੍ਰੇਮੀਆਂ ਦੇ ਆਗੂਆਂ ਨੇ ਟੈਂਟ ਉਖਾੜ ਰਹੇ ਸਿੰਘਾਂ ‘ਤੇ ਜੁਆਬੀ ਹਮਲਾ ਕਰ ਦਿੱਤਾ ਜਿਸ ਕਾਰਨ ਸਥਿਤੀ ਤਣਾਅਪੂਰਨ ਹੋ ਗਈ।
ਇਸੇ ਦੌਰਾਨ ਡੀਐੱਸਪੀ ਫਿਰੋਜ਼ਪੁਰ ਜਸਪਾਲ ਸਿੰਘ, ਥਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ, ਥਾਣਾ ਸਦਰ ਜ਼ੀਰਾ ਮੁਖੀ ਜੈਅੰਤ ਕੁਮਾਰ ਤੇ ਹੋਰ ਕਈ ਥਾਣਿਆਂ ਦੀ ਪੁਲੀਸ ਨੇ ਸਥਿਤੀ ‘ਤੇ ਕਾਬੂ ਪਾ ਲਿਆ ਪਰ ਕੁਝ ਸਮੇਂ ਬਾਅਦ ਡੇਰਾ ਪ੍ਰੇਮੀਆਂ ਨੇ ਦੁਬਾਰਾ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਪੁਲੀਸ ਅਧਿਕਾਰੀਆਂ ਨਾਲ ਬਦਸਲੂਕੀ ਕੀਤੀ। ਉਧਰ, ਸਿੱਖ ਆਗੂਆਂ ਨੇ ਸੰਤ ਭਿੰਡਰਾਂਵਾਲਾ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ ਦੇ ਜੁਆਬੀ ਜੈਕਾਰੇ ਗੂੰਜਾਉਂਦੇ ਹੋਏ ਡੇਰਾ ਪ੍ਰੇਮੀਆਂ ਦਾ ਟੈਂਟ ਉਖਾੜ ਦਿੱਤਾ। ਇਸ ਤੋਂ ਬਾਅਦ ਪੁਲੀਸ ਨੇ ਆਪਣੀ ਨਿਗਰਾਨੀ ਵਿਚ ਬਾਹਰੋਂ ਆਏ ਡੇਰਾ ਪ੍ਰੇਮੀਆਂ ਨੂੰ ਝਗੜੇ ਵਾਲੀ ਥਾਂ ਤੋਂ ਉਨ੍ਹਾਂ ਦੇ ਪਿੰਡਾਂ ਨੂੰ ਰਵਾਨਾ ਕਰ ਦਿੱਤਾ ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਸਿੱਖ ਜਥੇਬੰਦੀਆਂ ਦੇ ਆਗੂ ਬਾਬਾ ਦਿਲਬਾਗ ਸਿੰਘ ਨੇ ਦੱਸਿਆ ਕਿ ਅਕਾਲ ਤਖ਼ਤ ਵੱਲੋਂ ਡੇਰਾ ਮੁਖੀ ਖ਼ਿਲਾਫ਼ ਹੁਕਮਨਾਮਾ ਜਾਰੀ ਹੋਇਆ ਹੈ ਪਰ ਬਾਦਲ ਅਕਾਲੀ ਦਲ ਨੇ ਚੋਣਾਂ ਵਿਚ ਡੇਰੇ ਤੋਂ ਹਮਾਇਤ ਲੈ ਕੇ ਕਥਿਤ ਤੌਰ ‘ਤੇ ਸਿੱਖਾਂ ਦੀ ਗੈਰਤ ਨੂੰ ਵੰਗਾਰਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀਆਂ ਬਾਦਲਾਂ ਦੀ ਕਥਿਤ ਸ਼ਹਿ ‘ਤੇ ਡੇਰਾ ਪ੍ਰੇਮੀਆਂ ਦੀ ਕਿਤੇ ਵੀ ਨਾਮ ਚਰਚਾ ਨਹੀਂ ਹੋਣ ਦੇਣਗੀਆਂ।
ਡੇਰਾ ਪ੍ਰੇਮੀਆਂ ਦੇ ਆਗੂ ਬਸੰਤ ਲਾਲ ਨੇ ਕਿਹਾ ਕਿ ਗ੍ਰੀਨ ਐੱਸ ਵੈਲਫੇਅਰ ਫੋਰਸ ਦੇ ਮੈਂਬਰ ਰਾਜ ਕੁਮਾਰ ਵੱਲੋਂ ਪ੍ਰੇਮੀਆਂ ਦੀ ਮਦਦ ਲਈ ਆਏ ਅਧਿਕਾਰੀਆਂ ਨਾਲ ਕੀਤੀ ਗਈ ਬਦਸਲੂਕੀ ਨਿੰਦਣਯੋਗ ਹੈ। ਦੂਜੇ ਪਾਸੇ ਥਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਪੁੱਛੇ ਜਾਣ ‘ਤੇ ਕਿਹਾ ਕਿ ਨਾਮ ਚਰਚਾ ਲਈ ਕਿਸੇ ਤਰ੍ਹਾਂ ਦੀ ਮਨਜ਼ੂਰੀ ਨਹੀਂ ਲਈ ਗਈ ਸੀ ਪਰ ਖੁਫੀਆ ਇਤਲਾਹ ਨੂੰ ਦੇਖਦਿਆਂ ਉਨ੍ਹਾਂ ਸਵੇਰ ਤੋਂ ਹੀ ਪੁਲੀਸ ਤਾਇਨਾਤ ਕਰ ਦਿੱਤੀ ਸੀ।