ਜਿੱਤਿਆ ਹੋਇਆ ਉਮੀਦਵਾਰ ਹੀ ਹੋਵੇਗਾ ਮੁੱਖ ਮੰਤਰੀ, ਹਾਰਿਆ ਹੋਇਆ ਦੌੜ ‘ਚੋਂ ਬਾਹਰ : ਗੁਰਪ੍ਰੀਤ ਵੜੈਚ

ਜਿੱਤਿਆ ਹੋਇਆ ਉਮੀਦਵਾਰ ਹੀ ਹੋਵੇਗਾ ਮੁੱਖ ਮੰਤਰੀ, ਹਾਰਿਆ ਹੋਇਆ ਦੌੜ ‘ਚੋਂ ਬਾਹਰ : ਗੁਰਪ੍ਰੀਤ ਵੜੈਚ

ਕੈਪਸ਼ਨ-ਮੀਡੀਆ ਨਾਲ ਗੱਲਬਾਤ ਕਰਦੇ ਹੋਏ ‘ਆਪ’ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ।
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਦੀ ਸੂਰਤ ਵਿੱਚ ਪਾਰਟੀ ਦਾ ਵਿਧਾਇਕ ਹੀ ਮੁੱਖ ਮੰਤਰੀ ਬਣੇਗਾ। ਉਨ੍ਹਾਂ ਅਸਿੱਧੇ ਢੰਗ ਨਾਲ ਸਪਸ਼ਟ ਕਰ ਦਿੱਤਾ ਕਿ ਚੋਣ ਨਾ ਲੜਨ ਵਾਲੇ ਜਾਂ ਹਾਰਨ ਵਾਲੇ ਆਗੂ ਨੂੰ ਮੁੱਖ ਮੰਤਰੀ ਦਾ ਅਹੁਦਾ ਕਿਸੇ ਵੀ ਹਾਲਤ ਵਿੱਚ ਨਹੀਂ ਦਿੱਤਾ ਜਾਵੇਗਾ।
ਪਾਰਟੀ ਦੇ ਸੰਸਦ ਮੈਂਬਰ ਅਤੇ ਪੰਜਾਬ ਦੀ ਪ੍ਰਚਾਰ ਕਮੇਟੀ ਦੇ ਮੁਖੀ ਭਗਵੰਤ ਮਾਨ ਜਲਾਲਾਬਾਦ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਤੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਲੰਬੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਲੜੇ ਜਰਨੈਲ ਸਿੰਘ ਮੁੱਖ ਮੰਤਰੀ ਅਹੁਦੇ ਦੇ ਪ੍ਰਮੁੱਖ ਦਾਅਵੇਦਾਰ ਹਨ। ਇਨ੍ਹਾਂ ਦੋਵਾਂ ਆਗੂਆਂ ਦਾ ਮੌਜੂਦਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨਾਲ ਸਖ਼ਤ ਮੁਕਾਬਲਾ ਹੈ ਤੇ ਖ਼ਾਸ ਕਰਕੇ ਸਮੁੱਚੀ ਚੋਣ ਪ੍ਰਕਿਰਿਆ ਨੂੰ ਆਪਣੇ ਬਲਬੂਤੇ ‘ਤੇ ਚਲਾਉਣ ਵਾਲੇ ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਲਈ ਸਭ ਤੋਂ ਵੱਡੇ ਦਾਅਵੇਦਾਰ ਹਨ। ਗੁਰਪ੍ਰੀਤ ਸਿੰਘ ਵੜੈਚ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਪੁੱਛਿਆ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਉਹ ਕਿਹੜੇ ਵਿਭਾਗ ਦੇ ਮੰਤਰੀ ਬਣਨਗੇ ਤਾਂ ਉਨ੍ਹਾਂ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਉਹ ਬਤੌਰ ਕਨਵੀਨਰ ਵਿਭਾਗ ਵੰਡਣ ਦੀ ਜ਼ਿੰਮੇਵਾਰੀ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ, ਕਾਂਗਰਸ ਤੇ ਭਾਜਪਾ ਆਪਣੀ ਹਾਰ ਨੂੰ ਦੇਖਦਿਆਂ ਬੁਖਲਾਹਟ ਵਿੱਚ ਹੁਣ ‘ਆਪ’ ਦਾ ਨਾਮ ਗੈਂਗਸਟਰਾਂ ਨਾਲ   ਜੋੜ ਰਹੇ ਹਨ, ਜਦੋਂਕਿ ਪਹਿਲਾਂ ਉਹ ਪਾਰਟੀ ਨੂੰ ਖਾਲਿਸਤਾਨੀਆਂ ਅਤੇ ਨਕਸਲਬਾੜੀਆਂ ਨਾਲ ਵੀ ਜੋੜਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਗੈਂਗਸਟਰ ਗੁਰਪ੍ਰੀਤ ਸੇਖੋਂ ਜਿਹੜੇ ਪਰਵਾਸੀ ਭਾਰਤੀ ਦੇ ਘਰੋਂ ਮਿਲਿਆ ਹੈ, ਉਸ ਪਰਵਾਸੀ ਭਾਰਤੀ ਦਾ ਸਿੱਧੇ ਤੌਰ ‘ਤੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਲੰਬੀ ਅਤੇ ਪਟਿਆਲਾ ਦੋਵਾਂ ਹਲਕਿਆਂ ਤੋਂ ਚੋਣ ਹਾਰਨਗੇ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ  ਚੋਣ ਕਮਿਸ਼ਨ ਨੇ ਵਧੀਆ ਕੰਮ ਕੀਤਾ ਹੈ ਅਤੇ ਸਟਰੌਂਗ ਰੂਮਾਂ ਦੀਆਂ ਆ ਰਹੀਆਂ ਸ਼ਿਕਾਇਤਾਂ ਬਾਰੇ ਵੀ ਕਮਿਸ਼ਨ ਨੂੰ ਪੂਰੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।