ਸੇਖੋਂ, ਗੌਂਡਰ ਤੇ ਸਾਥੀਆਂ ਨੂੰ ਪਨਾਹ ਦੇਣ ਵਾਲੇ ‘ਆਪ’ ਸਮਰਥਕ ਗੋਲਡੀ ‘ਤੇ ਕੇਸ ਦਰਜ

ਸੇਖੋਂ, ਗੌਂਡਰ ਤੇ ਸਾਥੀਆਂ ਨੂੰ ਪਨਾਹ ਦੇਣ ਵਾਲੇ ‘ਆਪ’ ਸਮਰਥਕ ਗੋਲਡੀ ‘ਤੇ ਕੇਸ ਦਰਜ

ਵੋਟਿੰਗ ਤੋਂ ਬਾਅਦ ਹੀ ਗੈਂਗਸਟਰ ਪੰਜਾਬ ‘ਚ ਦਾਖਲ ਹੋਏ ਸਨ, 
ਪੁਲੀਸ ਕਹਿੰਦੀ ਰਹੀ 13 ਨੂੰ ਆਏ
ਮੋਗਾ/ਬਿਊਰੋ ਨਿਊਜ਼ :
ਨਾਭਾ ਜੇਲ੍ਹ ਬਰੇਕ ਮਾਮਲੇ ‘ਚ ਪਟਿਆਲਾ ਪੁਲੀਸ ਦੀ ਜਾਂਚ ‘ਚ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਪਤਾ ਲੱਗਾ ਹੈ ਕਿ 13 ਫ਼ਰਵਰੀ ਨੂੰ ਪਿੰਡ ਢੂਢੀਕੇ ਦੇ ਇਕ ਘਰ ‘ਚ ਫੜੇ ਗਏ ਗੈਂਗਸਟਰ ਗੁਰਪ੍ਰੀਤ ਸੇਖੋਂ ਤੇ ਉਨ੍ਹਾਂ ਦੇ ਤਿੰਨ ਸਾਥੀ ਇੱਥੇ ਕਾਫੀ ਦਿਨਾਂ ਤੋਂ ਲੁਕੇ ਹੋਏ ਸਨ। ਵੋਟਿੰਗ ਦੇ ਤੁਰੰਤ ਬਾਅਦ ਹੀ ਇੱਥੇ ਆ ਗਏ। ਜਦਕਿ ਉਸ ਦਿਨ ਪੁਲੀਸ ਨੇ ਮੀਡੀਆ ਨੂੰ ਦੱਸਿਆ ਸੀ ਕਿ ਇਹ ਸਾਰੇ 13 ਫ਼ਰਵਰੀ ਨੂੰ ਹੀ ਪਿੰਡ ਢੁਢੀਕੇ ਆਏ ਸਨ। ਇਹੀ ਨਹੀਂ ਸੇਖੋਂ ਦੇ ਨਾਲ ਗੈਂਗਸਟਰ ਵਿੱਕੀ ਗੌਂਡਰ, ਹੈਰੀ ਚੱਠਾ, ਅਮਨਦੀਪ ਧੋਤੀਆ, ਪ੍ਰੇਮਾ ਲਾਹੌਰਿਆ ਅਤੇ ਉਸ ਦੀ ਮਦਦ ਕਰਨ ਵਾਲੇ ਰਾਜਵਿੰਦਰ ਸਿੰਘ ਰਾਜਾ ਉਰਫ਼ ਸੁਲਤਾਨ, ਮਨਵੀਰ ਸਿੰਘ ਸੇਖੋਂ ਅਤੇ ਕੁਲਵਿੰਦਰ ਸਿੰਘ ਸਿਡਾਨਾ ਵੀ ਸਨ। ਪਰ ਛਾਪੇ ਤੋਂ ਪਹਿਲਾਂ ਹੀ ਉਹ ਕਿਤੇ ਚਲੇ ਗਏ ਸਨ। ਇਸ ਲਈ ਪੁਲੀਸ ਦੇ ਹੱਥ ਨਹੀਂ ਲੱਗੇ। ਪੁਲੀਸ ਨੇ ਜਿਸ ਘਰ ਤੋਂ ਇਨ੍ਹਾਂ ਚਾਰਾਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ, ਉਹ ਆਮ ਆਦਮੀ ਪਾਰਟੀ ਦੇ ਸਮਰਥਕ ਐਨ.ਆਰ.ਆਈ. ਕੁਲਤਾਰ ਸਿੰਘ ਗੋਲਡੀ ਦਾ ਹੈ। ਇਨ੍ਹਾਂ ਨੂੰ ਇੱਥੇ ਸੇਖੋਂ ਦੇ ਰਿਸ਼ਤੇ ‘ਚ ਸਾਲਾ ਲਗਦੇ ਗੁਰਿੰਦਰ ਸਿੰਘ ਗੁਰੀ ਨੇ ਠਹਿਰਾਇਆ ਸੀ। ਗੋਲਡੀ ਦੀ ਗੁਰੀ ਨਾਲ ਮੁਲਾਕਾਤ ਇਕ ਜਿਮ ‘ਚ ਹੋਈ ਸੀ। ਇੱਥੇ ਹੀ ਦੋਸਤ ਬਣ ਗਏ। ਹੁਣ ਪੁਲੀਸ ਨੇ ਗੋਲਡੀ ਅਤੇ ਗੁਰੀ ਵਾਸੀ ਦਸ਼ਮੇਸ਼ ਨਗਰ ਮੋਗਾ ‘ਤੇ ਵੀ ਗੈਂਗਸਟਰ ਨੂੰ ਪਨਾਹ ਦੇਣ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ।
ਪੁਲੀਸ ਜਾਣਦੀ ਸੀ, ਚੋਣ ਤੋਂ ਬਾਅਦ ਗੈਂਗਸਟਰ ਰਾਜਸਥਾਨ ਤੋਂ ਪੰਜਾਬ ਆਉਣਗੇ, ਪਰ ਕਿਹੜੇ ਰਸਤੇ ਇਹ ਨਹੀਂ ਪਤਾ ਸੀ :
ਪੁਲੀਸ ਸੂਤਰਾਂ ਅਨੁਸਾਰ 27 ਨਵੰਬਰ 2016 ਨੂੰ ਹੋਏ ਨਾਭਾ ਜੇਲ ਬਰੇਕ ਕਾਂਡ ਤੋਂ ਬਾਅਦ ਪਟਿਆਲਾ ਪੁਲੀਸ ਵੱਲੋਂ ਬਣਾਈ ਗਈ ਐਸ.ਆਈ.ਟੀ. ਨੂੰ ਭਿਣਕ ਲੱਗ ਗਈ ਸੀ ਕਿ ਚੋਣ ਤੋਂ ਬਾਅਦ ਗੈਂਗਸਟਰ ਪੰਜਾਬ ‘ਚ ਐਂਟਰ ਕਰਨਗੇ, ਪਰ ਪੁਲੀਸ ਨੂੰ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਰਾਜਸਥਾਨ ਤੋਂ ਕਿਹੜੇ ਪਾਸਿਉਂ ਆਉਣਗੇ। ਇਸ ਵਿਚਕਾਰ ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ ਰਾਜਸਥਾਨ ਤੋਂ ਪੰਜਾਬ ‘ਚ ਰਹਿਣ ਲੱਗੇ। ਸਵੈਟ ਦੀ ਆਈ.ਟੀ. ਟੀਮ ਦੀ ਮਦਦ ਨਾਲ ਪੁਲੀਸ ਨੂੰ ਟਿਕਾਣੇ ਦੀ ਭਿਣਕ ਲੱਗੀ ਅਤੇ 13 ਫ਼ਰਵਰੀ ਨੂੰ ਪੁਲੀਸ ਨੇ ਛਾਪਾ ਮਾਰ ਦਿੱਤਾ।
ਸੇਖੋਂ ਦੇ ਸਾਲੇ ਗੁਰੀ ਦੇ ਕਹਿਣ ‘ਤੇ ਗੋਲਡੀ ਨੇ ਗੈਂਗਸਟਰਾਂ ਨੂੰ ਆਪਣੇ ਘਰ ‘ਚ ਛੁਪਾ ਕੇ ਰੱਖਿਆ ਸੀ :
ਮੋਗਾ ਦੇ ਐਸ.ਐਸ.ਪੀ. ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਜਾਂਚ ‘ਚ ਪਤਾ ਲੱਗਾ ਹੈ ਕਿ ਜਿਸ ਸਮੇਂ ਗੈਂਗਸਟਰ ਸੇਖੋਂ ਤੇ ਉਨ੍ਹਾਂ ਦੇ ਸਾਥੀ ਪੰਜਾਬ ‘ਚ ਆਪਣੇ ਲੁਕੇ ਹੋਏ ਟਿਕਾਣੇ ਦੀ ਭਾਲ ਕਰ ਰਹੇ ਸਨ, ਠੀਕ ਉਸ ਸਮੇਂ ਸੇਖੋਂ ਦੇ ਇਕ ਰਿਸ਼ਤੇਦਾਰ ਦੀ ਗੋਲਡੀ ਨਾਲ ਜਿਮ ‘ਚ ਦੋਸਤੀ ਹੋਈ। ਗੁਰੀ ਦੇ ਕਹਿਣ ‘ਤੇ ਗੋਲਡੀ ਉਨ੍ਹਾਂ ਨੂੰ ਆਪਣੇ ਢੁਢੀਕੇ ਦੇ ਘਰ ‘ਚ ਰੱਖਣ ਲਈ ਮੰਨ ਗਿਆ ਸੀ। ਗੈਂਗਸਟਰ ਕਿੰਨੇ ਸਮੇਂ ਤੋਂ ਇੱਥੇ ਸਨ, ਕੌਣ-ਕੌਣ ਸਨ, ਇਹ ਜਾਂਚ ਦਾ ਵਿਸ਼ਾ ਹੈ। ਹਾਂ, ਉਸ ਸਮੇਂ ਜਾਂ ਉਸ ਤੋਂ ਪਹਿਲਾਂ ਹੋਰ ਵੀ ਗੈਂਗਸਟਰ ਉੱਥੇ ਸਨ। ਇਹ ਪਟਿਆਲਾ ਦੀ ਸਵੈਟ ਟੀਮ ਤੋਂ ਪਤਾ ਲੱਗਾ ਹੈ।