ਜਰਨੈਲ ਸਿੰਘ ਨੇ ਛੱਡੀ ਦਿੱਲੀ ਦੀ ਵਿਧਾਇਕੀ

ਜਰਨੈਲ ਸਿੰਘ ਨੇ ਛੱਡੀ ਦਿੱਲੀ ਦੀ ਵਿਧਾਇਕੀ

ਨਵੀਂ ਦਿੱਲੀ/ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਦੇ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਜਰਨੈਲ ਸਿੰਘ ਨੇ ਸਪੀਕਰ ਰਾਮ ਨਿਵਾਸ ਗੋਇਲ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਸਾਬਕਾ ਪੱਤਰਕਾਰ ਜਰਨੈਲ ਸਿੰਘ ਲੰਬੀ ਤੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ‘ਆਪ’ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਨ੍ਹਾਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ (ਦਿੱਲੀ ਕਮੇਟੀ ਦੇ ਜਨਰਲ ਸਕੱਤਰ) ਨੂੰ ਕਰਾਰੀ ਹਾਰ ਦਿੱਤੀ ਸੀ। ਜਰਨੈਲ ਸਿੰਘ ਉਦੋਂ ਚਰਚਾ ਵਿੱਚ ਆਏ ਸਨ ਜਦੋਂ ਉਨ੍ਹਾਂ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਕਾਂਗਰਸ ਹੈੱਡਕੁਆਰਟਰ ਵਿਚ ਪ੍ਰੈਸ ਕਾਨਫਰੰਸ ਦੌਰਾਨ ਤਤਕਾਲੀ ਗ੍ਰਹਿ ਮੰਤਰੀ ਪੀਥ ਚਿਦੰਬਰਮ ਵੱਲ ਆਪਣਾ ਜੁੱਤਾ ਸੁੱਟਿਆ ਸੀ। ‘ਆਪ’ ਦੇ ਸਿੱਖ ਚਿਹਰੇ ਵਜੋਂ ਮੰਨੇ ਜਾਂਦੇ ਜਰਨੈਲ ਸਿੰਘ ਨੂੰ ਸੰਜੈ ਸਿੰਘ ਨਾਲ ਪਾਰਟੀ ਨੇ ਪੰਜਾਬ ਇਕਾਈ ਦਾ ਸਹਾਇਕ ਇੰਚਰਾਜ ਵੀ ਬਣਾਇਆ ਸੀ।
ਸ੍ਰੀ ਸੰਜੈ ਸਿੰਘ ਨੇ ਖ਼ੁਲਾਸਾ ਕੀਤਾ ਕਿ ਜਰਨੈਲ ਸਿੰਘ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਦਿੱਲੀ ਤੋਂ ਆਪਣੀ ਵੋਟ ਰੱਦ ਕਰਵਾਉਣ ਦੀ ਅਰਜ਼ੀ ਵੀ ਦਿੱਤੀ ਹੋਈ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਲੰਬੀ ਹਲਕੇ ਤੋਂ ਜਰਨੈਲ ਸਿੰਘ ਹੀ ਚੋਣ ਲੜਨਗੇ ਅਤੇ ਗਾਇਕ ਜੱਸੀ ਜਸਰਾਜ ਦੇ ਉਥੋਂ ਚੋਣ ਲੜਨ ਦੀਆਂ ਸਾਰੀਆਂ ਕਿਆਸਾਂ ਮਨਘੜਤ ਹਨ।