ਪੰਜਾਬ ਕਾਂਗਰਸ ਦੀ ਦੂਜੀ ਸੂਚੀ ਮਗਰੋਂ ਕਈ ਥਾਂਵਾਂ ‘ਤੇ ਉਮੀਦਵਾਰਾਂ ਦਾ ਵਿਰੋਧ

ਪੰਜਾਬ ਕਾਂਗਰਸ ਦੀ ਦੂਜੀ ਸੂਚੀ ਮਗਰੋਂ ਕਈ ਥਾਂਵਾਂ ‘ਤੇ ਉਮੀਦਵਾਰਾਂ ਦਾ ਵਿਰੋਧ

ਬਾਗੀ ਕਾਂਗਰਸੀਆਂ ਵਲੋਂ ਆਜ਼ਾਦ ਲੜਨ ਦਾ ਐਲਾਨ
ਸੁਨਾਮ/ਮੁਕਤਸਰ/ਭਦੌੜ /ਬਿਊਰੋ ਨਿਉਜ਼ :
ਕਾਂਗਰਸ ਦੀ ਦੂਜੀ ਸੂਚੀ ਜਾਰੀ ਹੋਣ ਦੇ ਨਾਲ ਹੀ ਗਰਮਾ-ਗਰਮੀ ਸ਼ੁਰੂ ਹੋ ਗਈ ਹੈ। ਸੁਨਾਮ ‘ਚ ਨਵੇਂ ਚਿਹਰੇ ਦਮਨ ਬਾਜਵਾ ਅਤੇ ਮੁਕਤਸਰ ‘ਚ ਐਮ.ਐਲ.ਏ. ਕਰਨ ਬਰਾੜ ਵਿਰੁੱਧ ਬਗਾਵਤ ਸ਼ੁਰੂ ਹੋ ਗਈ ਹੈ। ਭਦੌੜ ਤੋਂ ਉਮੀਦਵਾਰ ਨਿੰਮਾ ਵਿਰੁਧ ਬਾਗੀ ਕਾਂਗਰਸੀਆਂ ਨੇ ਆਜ਼ਾਦ ਉਮੀਦਵਾਰ ਉਤਾਰਨ ਦਾ ਐਲਾਨ ਕੀਤਾ।

ਦਮਨ ਬਾਜਵਾ ਨੂੰ ਟਿਕਟ ਵੇਚੀ ਗਈ : ਦੀਪਾ
ਸੁਨਾਮ ਤੋਂ ਟਿਕਟ ਦੇ ਦਾਅਵੇਦਾਰ ਰਹੇ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਰਾਜਿੰਦਰ ਦੀਪਾ ਦਾ ਕਹਿਣਾ ਹੈ ਕਿ ਪਾਰਟੀ ਫੈਸਲੇ ‘ਤੇ ਰਿਵਿਊ ਕਰੇ। ਦਮਨ ਬਾਜਵਾ ਸੁਨਾਮ ਲਈ ਨਵਾਂ ਚਿਹਰਾ ਹਨ। ਨਸ਼ਾ ਤਸਕਰ ਰਾਜਾ ਕੰਦੋਲਾ ਨੇ ਦਮਨ ਬਾਜਵਾ ਦੇ ਪਤੀ ਨਾਲ ਸਬੰਧ ਕਬੂਲੇ ਸਨ। ਦੀਪਾ ਨੇ ਕਾਂਗਰਸ ਪਾਰਟੀ ਦੇ ਦਫਤਰ ਪੁੱਜ ਕੇ ਦੋਸ਼ ਲਗਾਇਆ ਕਿ ਟਿਕਟ ਵੇਚੀ ਗਈ ਹੈ। ਉਧਰ ਦਮਨ ਬਾਜਵਾ ਨੇ ਕਿਹਾ ਕਿ ਉਨ੍ਹਾਂ ‘ਤੇ ਲਗਾਏ ਗਏ ਦੋਸ਼ ਨਿਰਾਧਾਰ ਹਨ। ਉਸ ਦਾ ਸਹੁਰਾ ਪਰਿਵਾਰ 50 ਸਾਲਾਂ ਤੋਂ ਪਾਰਟੀ ਨਾਲ ਜੁੜਿਆ ਹੈ। ਸੁਨਾਮ ਤੋਂ ਉਹ ਯੋਗ ਉਮੀਦਵਾਰ ਸਨ। ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਉਨ੍ਹਾਂ ‘ਤੇ ਭਰੋਸਾ ਜਤਾਇਆ ਹੈ।

ਅਕਾਲੀ ਆਗੂ ਮਰਾੜ ਨੇ ਆਜ਼ਾਦ ਲੜਨ ਦਾ ਐਲਾਨ ਕੀਤਾ :
ਅਕਾਲੀ ਦਲ ਦੀ ਟਿਕਟ ਨਾ ਮਿਲਣ ਕਾਰਨ ਬਾਗੀ ਹੋਏ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਨੇ ਕਾਂਗਰਸ ਟਿਕਟ ਦਾ ਐਲਾਨ ਹੋਣ ਤੋਂ ਬਾਅਦ ਮੁਕਤਸਰ ਤੋਂ ਆਜ਼ਾਦ ਲੜਨ ਦਾ ਐਲਾਨ ਕਰ ਦਿੱਤਾ ਹੈ। ਮਰਾੜ ਨੇ ਕਿਹਾ, ”ਜੇ ਮੁਕਤਸਰ ਤੋਂ ਕਾਂਗਰਸ ਦੀ ਟਿਕਟ ਭਾਈ ਕੁੱਕੂ ਨੂੰ ਮਿਲਦੀ ਹੈ ਤਾਂ ਉਨ੍ਹਾਂ ਨੇ ਕੁੱਕੂ ਦੀ ਮਦਦ ਕਰਨੀ ਸੀ ਅਤੇ ਹੁਣ ਉਹ ਖੁਦ ਆਜ਼ਾਦ ਚੋਣ ਲੜਨਗੇ।”

ਦੂਜੀ ਸੂਚੀ ‘ਚ ਵੀ ਕੈਪਟਨ ਹਾਵੀ, ਨਾਮ ਨਾ ਆਉਣ ਤੋਂ ਤਿਵਾੜੀ, ਚੌਧਰੀ, ਹੈਨਰੀ ਪ੍ਰੇਸ਼ਾਨ
ਨਵੀਂ ਦਿੱਲੀ : ਕਾਂਗਰਸ ਦੀ ਦੂਜੀ ਸੂਚੀ ‘ਚ ਵੀ ਨਾਮ ਨਾ ਹੋਣ ਤੋਂ ਜਿੱਥੇ ਵੱਡੇ ਕਾਂਗਰਸੀ ਆਗੂ ਮਨੀਸ਼ ਤਿਵਾੜੀ, ਚੌਧਰੀ ਸੰਤੋਖ ਸਿੰਘ ਤੇ ਅਵਤਾਰ ਹੈਨਰੀ ਦੀ ਨੀਂਦ ਉੱਡੀ ਹੋਈ ਹੈ, ਉੱਥੇ ਦੂਜੀ ਸੂਚੀ ‘ਚ ਵੀ ਕੈਪਟਨ ਅਮਰਿੰਦਰ ਸਿੰਘ ਹੀ ਹਾਵੀ ਵਿਖਾਈ ਦੇ ਰਹੇ ਹਨ। ਸੂਤਰਾਂ ਅਨੁਸਾਰ ਇਨ੍ਹਾਂ ‘ਚੋਂ ਇਕ ਵੀ ਉਮੀਦਵਾਰ ਅਜਿਹਾ ਨਹੀਂ ਹੈ, ਜੋ ਕੈਪਟਨ ਦੀ ਮਰਜ਼ੀ ਵਿਰੁੱਧ ਟਿਕਟ ਲੈਣ ‘ਚ ਸਫਲ ਰਿਹਾ ਹੋਵੇ। ਇਹ ਗੱਲ ਵੱਖ ਹੈ ਕਿ ਸੂਚੀ ‘ਚ ਅੰਬਿਕਾ ਸੋਨੀ, ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਮਨਪ੍ਰੀਤ ਸਿੰਘ ਬਾਦਲ ਦੀ ਛਾਪ ਵੀ ਨਜ਼ਰ ਆ ਰਹੀ ਹੈ।
ਖਰੜ ਤੋਂ ਵਿਧਾਇਕ ਜਗਮੋਹਨ ਸਿੰਘ ਕੰਗ ਨੂੰ ਟਿਕਟ ਅੰਬਿਕਾ ਸੋਨੀ ਦੀ ਸਿਫਾਰਸ਼ ਕਾਰਨ ਮਿਲੀ ਹੈ। ਇਸੇ ਤਰ੍ਹਾਂ ਸੀ.ਐਲ.ਪੀ. ਆਗੂ ਚਰਨਜੀਤ ਚੰਨੀ ਬੰਗਾ ਦੇ ਵਿਧਾਇਕ ਤਰਲੋਚਨ ਸਿੰਘ ਸੂੰਡ ਦੀ ਟਿਕਟ ਕਟਵਾਉਣ ‘ਚ ਸਫਲ ਰਹੇ ਅਤੇ ਉਨ੍ਹਾਂ ਤੇ ਅੰਬਿਕਾ ਨੇ ਸਤਨਾਮ ਸਿੰਘ ਕੈਂਥ ਨੂੰ ਟਿਕਟ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ। ਜਦਕਿ ਬਲਾਚੌਰ ਤੋਂ ਦਰਸ਼ਨ ਲਾਲ ਮੰਗੂਪੁਰ ਨੂੰ ਵੀ ਟਿਕਟ ਮਿਲਣ ਪਿੱਛੇ ਅੰਬਿਕਾ ਦਾ ਹੱਥ ਮੰਨਿਆ ਜਾ ਰਿਹਾ ਹੈ। ਇਸੇ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਸੁਨਾਮ ਤੋਂ ਉਮੀਦਵਾਰ ਦਮਨ ਬਾਜਵਾ ਨੂੰ ਟਿਕਟ ਰਾਜਾ ਨੇ ਹੀ ਦਿਵਾਈ ਹੈ। ਗੁਰਦਾਸਪੁਰ ਤੋਂ ਪੀ.ਐਸ. ਪਾਹੜਾ, ਖੇਮਕਰਣ ਤੋਂ ਸੁਖਪਾਲ ਸਿੰਘ ਭੁੱਲਰ ਨੂੰ ਟਿਕਟਾਂ ਦੇਣ ਦਾ ਕਾਰਨ ਵੀ ਉਨ੍ਹਾਂ ਦਾ ਯੂਥ ਕੋਟੇ ਨਾਲ ਸਬੰਧਤ ਹੋਣਾ ਹੈ। ਬਾਕੀ ਸਾਰੇ ਉਮੀਦਵਾਰ ਕੈਪਟਨ ਦੀ ਪਸੰਦ ਹਨ। ਮੁਕਤਸਰ ਤੋਂ ਕਰਣ ਬਰਾੜ ਦਾ ਨਾਂ ਸੋਨੀਆ ਗਾਂਧੀ ਦੇ ਦਖ਼ਲ ‘ਤੇ ਫਾਈਨਲ ਹੋਇਆ ਹੈ।
ਇਸ ਤੋਂ ਇਲਾਵਾ ਸਨੌਰ ਤੇ ਸਮਾਣਾ ਤੋਂ ਸਾਬਕਾ ਮੰਤਰੀ ਲਾਲ ਸਿੰਘ, ਲੁਧਿਆਣਾ ਉੱਤਰੀ ਦੇ ਵਿਧਾਇਕ ਰਾਕੇਸ਼ ਪਾਂਡੇ, ਆਪਣੇ ਪੁੱਤਰ ਲਈ ਫਿਲੌਰ ਤੋਂ ਟਿਕਟ ਮੰਗ ਰਹੇ ਐਮ. ਪੀ ਚੌਧਰੀ ਸੰਤੋਖ ਸਿੰਘ, ਸ਼ਾਮਚੌਰਾਸੀ ਤੋਂ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਫਗਵਾੜਾ ਤੋਂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਰੋਪੜ ਤੋਂ ਸਾਬਕਾ ਮੰਤਰੀ ਡਾ. ਰਮੇਸ਼ ਦੱਤ ਸ਼ਰਮਾ ਦੀ ਵੀ ਦੂਜੀ ਸੂਚੀ ‘ਚ ਨਾਂ ਨਾ ਆਉਣ ਤੋਂ ਨੀਂਦ ਉੱਡੀ ਹੋਈ ਹੈ।

ਸਾਹਨੇਵਾਲ ‘ਚ ਬਿੱਟੀ ਦਾ ਨਾਂ ਅੱਧ-ਵਿਚਕਾਰ ਫਸਿਆ :
ਸਾਹਨੇਵਾਲ ‘ਚ ਗਾਇਕਾ ਸਤਵਿੰਦਰ ਬਿੱਟੀ ਦਾ ਨਾਂ ਤੈਅ ਸੀ। ਆਖਰੀ ਸਮੇਂ ‘ਚ ਰਾਜਾ ਗਿੱਲ ਨੇ ਉਨ੍ਹਾਂ ਨੂੰ ਚੁਣੌਤੀ ਦੇ ਦਿੱਤੀ, ਜਿਸ ਕਾਰਨ ਇਸ ਸੀਟ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਕੁੱਝ ਇਸੇ ਤਰ੍ਹਾਂ ਦੀ ਸਥਿਤੀ ਸ਼ਾਹਕੋਟ ‘ਚ ਵੀ ਬਣੀ ਹੋਣ ਕਾਰਨ ਉਥੇ ਵੀ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ।