ਸਿਬੀਆ ਨੇ ‘ਹੱਥ’ ਛੱਡ ਕੇ ਫੜੀ ‘ਤੱਕੜੀ’

ਸਿਬੀਆ ਨੇ ‘ਹੱਥ’ ਛੱਡ ਕੇ ਫੜੀ ‘ਤੱਕੜੀ’
ਸੁਰਿੰਦਪਾਲ ਸਿੰਘ ਸਿਬੀਆ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਸੁਖਬੀਰ ਸਿੰਘ ਬਾਦਲ।

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੇ ਇੱਥੇ ਹੋਰ ਕਈ ਕਾਂਗਰਸੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਸਿਬੀਆ ਨੂੰ ਇੱਥੇ ਪ੍ਰੈਸ ਕਾਨਫ਼ਰੰਸ ਵਿੱਚ ਸ਼ਾਮਲ ਕਰਦਿਆਂ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਅਕਾਲੀ ਦਲ ਦਾ ਉਮੀਦਵਾਰ ਐਲਾਨ ਦਿੱਤਾ ਹੈ।
ਬਰਨਾਲਾ ਤੋਂ ਅਕਾਲੀ ਦਲ ਦੇ ਆਗੂ ਅਤੇ ਉਦਯੋਗਪਤੀ ਰਾਜਿੰਦਰ ਗੁਪਤਾ ਦੇ ਚੋਣ ਲੜਨ ਦੇ ਚਰਚੇ ਸਨ ਪਰ ਕਾਨਫ਼ਰੰਸ ਵਿੱਚ ਹੀ ਸ਼ਾਮਲ ਸ੍ਰੀ ਗੁਪਤਾ ਨੇ ਕਿਹਾ ਕਿ ਸਰੀਰਕ ਕਾਰਨਾਂ ਕਾਰਨ ਉਹ ਚੋਣ ਲੜਨ ਤੋਂ ਅਸਮਰਥ ਸਨ ਅਤੇ ਹੁਣ ਉਹ ਸ੍ਰੀ ਸਿਬੀਆ ਨੂੰ ਜਿਤਾਉਣ ਲਈ ਕੰਮ ਕਰਨਗੇ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦਾ ਮਿਸ਼ਨ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਨ ਤੋਂ ਰੋਕਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਕਾਂਗਰਸੀ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਆ ਰਹੇ ਹਨ ਅਤੇ ਅਗਲੇ ਦਿਨੀਂ ਕਈ ਹੋਰ ਧਮਾਕੇ ਹੋਣਗੇ।
ਇਸ ਮੌਕੇ ਸ੍ਰੀ ਸਿਬੀਆ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਕਾਂਗਰਸ ਦੀ ਸੇਵਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਮਹਿਸੂਸ ਹੋ ਗਿਆ ਹੈ ਕਿ ਹੁਣ ਕੈਪਟਨ ਦੀ ਅਗਵਾਈ ਹੇਠ ਪਾਰਟੀ ਵਿੱਚ ਟਕਸਾਲੀ ਆਗੂਆਂ ਦੀ ਨਹੀਂ, ਸਗੋਂ ਧਨਾਢਾਂ ਦੀ ਸੁਣਵਾਈ ਹੁੰਦੀ ਹੈ। ਇਸ ਮੌਕੇ ਕਾਂਗਰਸ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਮਾਨ, ਸਕੱਤਰ ਸੰਦੀਪ ਬਾਂਸਲ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਏ।