ਪੰਥ ਦਾ ਰੋਸ ਮਾਰਚ ਬਨਾਮ ਸਿਆਸੀ ਰੈਲੀਆਂ

ਪੰਥ ਦਾ ਰੋਸ ਮਾਰਚ ਬਨਾਮ ਸਿਆਸੀ ਰੈਲੀਆਂ

ਸਮੁੱਚਾ ਸਿੱਖ ਪੰਥ ਤੇ ਪੰਜਾਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਰੋਸ ਨਾਲ ਭਰਿਆ ਹੋਇਆ ਹੈ। ਪਿਛਲੇ ਤਿੰਨ ਕੁ ਸਾਲ ਦੇ ਵਕਫੇ ਵਿਚ ਪਹਿਲਾਂ ਚੱਬੇ ਪਿੰਡ ਦੀ ਧਰਤੀ ਉਤੇ ਅਤੇ ਹੁਣ ਕੋਟਕਪੂਰਾ ਤੋਂ ਬਰਗਾੜੀ ਤਕ ਦੇ ਰੋਸ ਮਾਰਚ ਨਾਲ ਪੰਥ ਨੇ ਆਪਣੇ ਦਿਲ ਦੀ ਟੀਸ ਦਾ ਪ੍ਰਤੱਖ ਵਿਖਾਵਾ ਕੀਤਾ ਹੈ। ਤਿੰਨ ਸਾਲ ਪਹਿਲਾਂ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਦੀਆਂ ਜ਼ੁਲਮੀ ਘਟਨਾਵਾਂ ਮੁੜ ਸਿਆਸਤ ਦੇ ਕੇਂਦਰ ਵਿਚ ਹਨ।
ਪੁਰਾਣੇ ਤੇ ਮੌਜੂਦਾ ਹਾਕਮਾਂ ਨੂੰ ਕੰਧ ਉਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਬੇਅਦਬੀ ਕਾਂਡ ਦਾ ਇਨਸਾਫ ਦੇਣ ਲਈ ਅਪੀਲਾਂ ਕਰ ਰਿਹਾ ਸਿੱਖ ਪੰਥ ਹੁਣ ਹੋਰ ਸਬਰ ਕਰਨ ਦੀ ਰੌਂਅ ਵਿਚ ਨਹੀਂ ਹੈ। ਪੰਥ ਤੇ ਪੰਜਾਬ ਦਾ ਦਿਲ ਬਰਗਾੜੀ ਦੇ ਇਨਸਾਫ ਮੋਰਚੇ ਨਾਲ ਜੁੜ ਚੁੱਕਾ ਹੈ। ਉਸ ਲਈ ਕਰੋ ਜਾਂ ਮਰੋ ਦੀ ਹਾਲਤ ਬਣੀ ਹੋਈ ਹੈ। ਬੱਚੇ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਸਿੱਖ ਦੇ ਮਨ ‘ਚ ਬਰਗਾੜੀ ਵਸ ਚੁੱਕੀ ਹੈ। ਗੁਰੂ ਘਰ ਦੇ ਢਾਡੀ ਵਾਰਾਂ ਗਾਉਣ ਲੱਗੇ ਹਨ। ਬਰਗਾੜੀ ਦੀ ਧਰਤੀ ਉਤੇ ਹੋਏ ਲਾਮਿਸਾਲ ਇਕੱਠ ਨੇ ਇਸ ਭਾਵਨਾ ਨੂੰ ਸਾਕਾਰ ਕੀਤਾ ਹੈ ਕਿ ਸਿੱਖ ਪੰਥ ਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਧ ਕੇ ਕੋਈ ਨਹੀਂ ਹੈ। ਗੁਰੂ ਨੂੰ ਸਮਰਪਿਤ ਸੰਗਤਾਂ ਆਪ ਮੁਹਾਰੇ ਵਹੀਰਾਂ ਘੱਤ ਕੇ ਬਰਗਾੜੀ ਜਾ ਪੁੱਜੀਆਂ।
ਦੂਜੇ ਪਾਸੇ ਇਸੇ ਹੀ ਦਿਨ ਪੈਸੇ ਦੇ ਹੰਕਾਰ ਤੇ ਸੱਤਾ ਦੇ ਨਸ਼ੇ ਵਿਚ ਗਲਤਾਨ ਸਿਆਸਤ ਦੀਆਂ ਦੋ ਵੱਖ-ਵੱਖ ਰੈਲੀਆਂ ਵਿਚ ”ਪਾਪ ਕੀ ਜੰਝ” ਢੁੱਕੀ ਹੋਈ ਸੀ। ਲਗਜ਼ਰੀ ਬੱਸਾਂ, 500 ਰੁਪਏ ਦਿਹਾੜੀ, ਸਰਕਾਰ ਤੇ ਸਰਕਾਰੀ ਤੰਤਰ ਦਾ ਪ੍ਰਭਾਵ ਹੋਣ ਦੇ ਬਾਵਜੂਦ ਲੰਬੀ ਤੇ ਪਟਿਆਲਾ ਦੀਆਂ ਸਿਆਸੀ ਰੈਲੀਆਂ ‘ਚ 25 ਹਜ਼ਾਰ ਤੋਂ 35 ਹਜ਼ਾਰ ਦੇ ਇਕੱਠ ਮੌਕਾਪ੍ਰਸਤ ਤੇ ਦੰਭੀ ਰਾਜਨੀਤੀ ਦਾ ਮੁੰਹ ਚਿੜਾ ਰਹੇ ਸਨ। ਬਰਗਾੜੀ ਦੇ ਪੰਥਕ ਇਕੱਠ ਨੇ ਸਮੇਂ ਦੀਆਂ ਸਰਕਾਰਾਂ ਅਤੇ ਪੰਥ ਦੇ ਦੁਸ਼ਮਣ ਬਾਦਲਕਿਆਂ ਨੂੰ ਦੱਸ ਦਿੱਤਾ ਹੈ ਕਿ ਸਮੁੱਚਾ ਪੰਥ, ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਨਾਲ ਭਰਿਆ ਹੋਇਆ ਹੈ।
ਪਟਿਆਲਾ ਰੈਲੀ ਵਿਚ ਬਾਦਲਕਿਆਂ ਦੀ ਬੁਖਲਾਹਟ ਨੇ ਸੰਕੇਤ ਦੇ ਦਿੱਤਾ ਹੈ ਕਿ ਉਨ੍ਹਾਂ ਦੇ ਪਾਪ ਕੰਬਣ ਲੱਗੇ ਹਨ। ਕਦੇ ਪੰਥਕ ਆਗੂਆਂ ਨੂੰ ਪਾਕਿਸਤਾਨ ਦੀ ਆਈਐਸਆਈ ਦੇ ਏਜੰਟ ਕਿਹਾ ਗਿਆ ਤੇ ਕਦੇ ਕਾਂਗਰਸ ਦੀ ਬੀ ਟੀਮ ਦੱਸਿਆ ਗਿਆ। ਸਿਤਮਜ਼ਰੀਫੀ ਦੀ ਗੱਲ ਦੇਖੋ ਕਿ ਪੰਥ ਦੀ ਧੱਕੇ ਨਾਲ ਅਲੰਬਰਦਾਰ ਬਣੀ ਇਸ ਪਾਰਟੀ ਦੇ ਕਿਸੇ ਆਗੂ ਦੇ ਮੁੰਹੋਂ ਭੁੱਲ ਕੇ ਵੀ ਗੁਰੂ ਦੀ ਬੇਅਦਬੀ ਬਾਰੇ ਇਕ ਲਫਜ਼ ਤਕ ਨਾ ਨਿਕਲਿਆ।
ਲੰਬੀ ਹਲਕੇ ਦੇ ਕਿਲਿਆਂਵਾਲੀ ਵਿਚ ਲੱਗੀ ਕਾਂਗਰਸ ਦੀ ਸਟੇਜ ਤੋਂ ਵੀ ਬਾਦਲਕਿਆਂ ਦੇ ਬਰਾਬਰ ਹੀ ਬਰਗਾੜੀ ਮੋਰਚੇ ਨੂੰ ਵੀ ਨਿਸ਼ਾਨੇ ਉਤੇ ਲਿਆ ਗਿਆ, ਜਿਸ ਤੋਂ ਕੈਪਟਨ ਸਰਕਾਰ ਦੀ ਮੋਰਚੇ ਪ੍ਰਤੀ ਬਦਨੀਅਤ ਵੀ ਸਾਫ਼ ਹੋਈ ਹੈ। ਸੱਤਾਧਾਰੀ ਧਿਰ ਕਾਂਗਰਸ ਅਤੇ ਉਸ ਦਾ ਕਪਤਾਨ ਬਾਦਲਾਂ ਨਾਲ ”ਲੁਕਣਮੀਟੀ” ਖੇਡ ਰਿਹਾ ਹੈ। ਉਹ ਪੰਜਾਬ ਦੇ ਲੋਕਾਂ ਵੱਲੋਂ ਸੌਂਪੀ ਜ਼ਿੰਮੇਵਾਰੀ ਛੱਡ ਕੇ ਰੈਲੀਆਂ ਦੇ ਚੱਕਰ ‘ਚ ਪੈ ਗਏ ਹਨ। ਜਦੋਂ ਪੰਜ ਸਾਲ ਬਾਅਦ ਲੇਖੇ ਜੋਖੇ ਦਾ ਦਿਨ ਆਉਣਾ ਹੈ, ਉਦੋਂ ਕਿਸੇ ਨੇ ਨਹੀਂ ਪੁੱਛਣਾ ਕਿ ਪਿਛਲੇ 5 ਸਾਲ ‘ਚ ਕਿੰਨੀਆਂ ਰੈਲੀਆਂ ਕੀਤੀਆਂ ਸਨ, ਉਦੋਂ ਪੁੱਛਿਆ ਜਾਣਾ ਹੈ ਕਿ ਪੰਜ ਸਾਲ ‘ਚ ਕੀਤਾ ਕੀ ਹੈ? ਚੋਣ ਪ੍ਰਚਾਰ ਦੇ ਸਮੇਂ ਤੋਂ ਬਿਨਾ ਸਰਕਾਰ ਵੱਲੋਂ ਰੈਲੀਆਂ ਕਰਨਾ, ਆਪਣੇ ਫਰਜ਼ਾਂ ਤੋਂ ਕੁਤਾਹੀ ਕਰਨਾ, ਪੈਸੇ ਤੇ ਸਮੇਂ ਨੂੰ ਬਰਬਾਦ ਕਰਨਾ ਹੀ ਮੰਨਿਆ ਜਾਂਦਾ ਹੈ। ਫ਼ੈਸਲਾ ਤੁਹਾਡੇ ਕਰਮਾਂ ਨੇ ਕਰਨਾ ਹੈ, ਪੈਸੇ ਦੇ ਜ਼ੋਰ ਨਾਲ ਕੀਤੀਆਂ ਰੈਲੀਆਂ ਦੀ ਸ਼ੋਸ਼ੇਬਾਜ਼ੀ ਨੇ ਨਹੀਂ।
ਬਰਗਾੜੀ ਇਕੱਠ ਨੇ ਪੰਜਾਬ ਸਰਕਾਰ ਨੂੰ ਸਖ਼ਤ ਚੇਤਾਵਨੀ ਜ਼ਰੂਰ ਦੇ ਦਿੱਤੀ ਹੈ ਕਿ ਹੁਣ ਬਰਗਾੜੀ ਮੋਰਚੇ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ। ਬਾਦਲਕਿਆਂ ਨੂੰ ਵੀ ਇਹ ਸੁਨੇਹਾ ਜ਼ਰੂਰ ਹੀ ਮਿਲ ਗਿਆ ਹੈ ਕਿ ਹੁਣ ਪੰਥ ਤੇ ਪੰਜਾਬ ਦੀਆਂ ਜੜ੍ਹਾਂ ਵਿਚ ਤੇਲ ਦੇ ਕੇ ਤੇ ਦਿੱਲੀ ਦੀ ਦਲਾਲੀ ਕਰਕੇ, ਸੱਤਾ ਹਾਸਲ ਕਰਨ ਦਾ ਸੁਪਨਾ ਛੱਡ ਦੇਣਾ ਚਾਹੀਦਾ ਹੈ। ਬਾਦਲਕਿਆਂ ਨੂੰ ਪੰਜਾਬ ਦੇ ਲੋਕ ਪਹਿਲਾਂ ਹੀ ਨਕਾਰ ਚੁੱਕੇ ਹਨ। ਗੁਰੂ ਦੇ ਦੋਖੀਆਂ ਤੇ ਗੁਰੂ ਨੂੰ ਸਮਰਪਿਤ ਸਿੱਖਾਂ ‘ਚ ਇਕ ਮੁਕਾਬਲਾ ਬਣ ਗਿਆ ਹੈ।
ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਵੱਲੋਂ ਆਪਣਾ ਸਾਰਾ ਧਿਆਨ ਵੱਡੀਆਂ ਰੈਲੀਆਂ ਦੀ ਸਿਆਸਤ ਉੱਤੇ ਕੇਂਦਰਿਤ ਕਰਨ ਨਾਲ ਲੋਕਾਂ ਦੇ ਬਹੁਤ ਸਾਰੇ ਮੁੱਦੇ ਨਜ਼ਰਅੰਦਾਜ਼ ਹੋ ਗਏ ਹਨ। ਪੰਥਕ  ਆਗੂਆਂ ਨੂੰ ਇਹ ਵੀ ਧਿਆਨ ਰੱਖਣਾ ਪਵੇਗਾ ਕਿ ਇਹ ਇਕੱਠ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਇਨਸਾਫ਼ ਨਾ ਮਿਲਣ ਤੋਂ ਦੁਖੀ ਲੋਕਾਂ ਦਾ ਸੀ। ਅਜਿਹੇ ਨਾਜ਼ੁਕ ਮੌਕੇ ਚੌਤਰਫ਼ਾ ਸੰਕਟ ਨਾਲ ਜੂਝ ਰਹੇ ਪੰਜਾਬ ਨੂੰ ਦੂਰਅੰਦੇਸ਼ ਨੀਤੀਗਤ ਪਹੁੰਚ ਰੱਖਣ ਵਾਲੀ ਅਗਵਾਈ ਦੀ ਲੋੜ ਹੈ। ਬਹੁਤ ਸਾਰੇ ਲੋਕ ਇਸ ਘਟਨਾਕ੍ਰਮ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਵਿਚ ਹੋਣਗੇ। ਇਸੇ ਲਈ ਵੱਡੇ-ਛੋਟੇ ਆਗੂਆਂ ਵਲੋਂ ਨਿੱਤ ਦਿਨ ਵਧ-ਚੜ੍ਹ ਕੇ ਇਸ ਬਾਰੇ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ। ਸਮੁੱਚੇ ਘਟਨਾਕ੍ਰਮ ਉਤੇ ਵੱਖ-ਵੱਖ ਪਾਰਟੀਆਂ ਅਤੇ ਸੰਗਠਨਾਂ ਵਲੋਂ ਸਿਆਸਤ ਖੇਡੀ ਜਾ ਸਕਦੀ ਹੈ। ਮੁੱਖ ਮੁੱਦਾ ਜਿੱਥੇ ਸਿੱਖ ਪੰਥ ਨੂੰ ਇਨਸਾਫ ਦੇਣ ਦਾ ਹੈ, ਨਾਲ ਹੀ ਪੰਜਾਬ ਨੂੰ ਵਿਕਾਸ ਦੀ ਰਾਹ ‘ਤੇ ਤੋਰਨ ਦਾ ਵੀ ਹੈ, ਇਸ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਦਾ ਵੀ ਹੈ। ਇਸ ਕਰਕੇ ਪੰਥ ਦੀ ਲੀਡਰਸ਼ਿਪ ਨੂੰ ”ਜ਼ਖਮ ਨੂੰ ਸੂਰਜ ਬਣਾਉਣ” ਦੀ ਸੋਚ ਸਾਹਮਣੇ ਰੱਖ ਕੇ ਹੀ ਅੱਗੇ ਵਧਣਾ ਹੋਵੇਗਾ। ਸਾਡੇ ਕੋਲ ਆਮ ਹੀ ਇਕ ਧਾਰਣਾ ਬਣੀ ਆ ਰਹੀ ਹੈ, ਕਿ ਪੰਥ ਨੂੰ ਕੋਈ ਅਜਿਹਾ ਆਗੂ ਜਾਂ ਸਮੁੱਚ ਵਿਚ ਲੀਡਰਸ਼ਿਪ ਨਹੀਂ ਮਿਲੀ, ਜਿਸ ਕਾਰਨ ਅਸੀਂ ਬੇ-ਦਰ ਹੋ ਕੇ ਧੱਕੇ ਖਾ ਰਹੇ ਹਾਂ। ਪਿਛਲੇ ਕੁਝ ਸਮੇਂ ਦੌਰਾਨ ਕੁਝ ਪੰਥਕ ਆਗੂਆਂ ਦੇ ਮੁੰਹੋਂ ਇਹ ਸੁਣਨ ਨੂੰ ਵੀ ਮਿਲਿਆ ਕਿ, ”ਅਸੀਂ ਕੀ ਕਰੀਏ, ਲੋਕ ਹੀ ਸਾਥ ਨਹੀਂ ਦਿੰਦੇ।” ਸਾਡੀ ਸਮਝ ਮੁਤਾਬਕ ਹੁਣ ਪੰਥ ਨੇ ਇਸ ਸਵਾਲ ਦਾ ਵੀ ਢੁਕਵਾਂ ਜਵਾਬ ਦੇ ਦਿੱਤਾ ਹੈ। ਇਸ ਕਰਕੇ ਪੰਥਕ ਏਕਤਾ ਅਤੇ ਕੋਈ ਸਰਬ-ਸਾਂਝਾ ਸਿਆਸੀ ਪਲੇਟਫਾਰਮ ਖੜ੍ਹਾ ਕਰਨ ਨਾਲ ਹੀ ਪੰਥ ਤੇ ਪੰਜਾਬ ਦੀ ਵਿਗੜੀ ਸੌਰ ਸਕਦੀ ਹੈ।