ਚੁਰਾਸੀ ਕਤਲੇਆਮ ਪੀੜਤ ਸਿੱਖ ਪਰਿਵਾਰ ਦਾ ਫਰਜੰਦ ਟਰੰਪ ਦੀ ਸਕਿਊਰਿਟੀ ਵਿਚ ਹੋਇਆ ਸ਼ਾਮਲ

ਚੁਰਾਸੀ ਕਤਲੇਆਮ ਪੀੜਤ ਸਿੱਖ ਪਰਿਵਾਰ ਦਾ ਫਰਜੰਦ ਟਰੰਪ ਦੀ ਸਕਿਊਰਿਟੀ ਵਿਚ ਹੋਇਆ ਸ਼ਾਮਲ

ਕਾਨਪੁਰ/ਬਿਊਰੋ ਨਿਊਜ਼ :
ਸੰਨ 1984 ‘ਚ ਭਾਰਤ ਵਿਚ ਸਿੱਖ ਵਿਰੋਧੀ ਕਤਲੇਆਮ ਦੇ ਪੀੜਤ, ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਸਿੱਖ ਨੌਜਵਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੁਰੱਖਿਆ ਵਿਚ ਤੈਨਾਤ ਦਸਤੇ ਵਿਚ ਸਥਾਨ ਹਾਸਲ ਕਰਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਇਸ ਸਿੱਖ ਨੌਜਵਾਨ ਦਾ ਨਾਂਅ ਅੰਸ਼ਦੀਪ ਸਿੰਘ ਭਾਟੀਆ ਹੈ। ਸੰਨ 1984 ਦੇ ਸਿੱਖ ਵਿਰੋਧੀ ਕਤਲੇਆਮ ਨੇ ਇਸ ਦੇ ਪਰਿਵਾਰ ਨੂੰ ਵੀ ਗਹਿਰੇ ਜ਼ਖ਼ਮ ਦਿੱਤੇ ਅਤੇ ਇਸ ਤੋਂ ਬਾਅਦ ਅੰਸ਼ਦੀਪ ਦਾ ਪਰਿਵਾਰ ਪਹਿਲਾਂ ਪੰਜਾਬ ਦੇ ਲੁਧਿਆਣਾ ਅਤੇ ਫਿਰ ਅਮਰੀਕਾ ਚਲਾ ਗਿਆ।
ਅੰਸ਼ਦੀਪ ਨੇ ਦੱਸਿਆ ਕਿ ਉਸ ਨੇ ਅਮਰੀਕਾ ਪਹੁੰਚਣ ਤੋਂ ਬਾਅਦ ਡੋਨਲਡ ਟਰੰਪ ਦੇ ਸੁਰੱਖਿਆ ਗਾਰਡ ‘ਚ ਸ਼ਾਮਿਲ ਹੋਣ ਦਾ ਮਨ ਬਣਾਇਆ ਪਰ ਉਸ ਲਈ ਵੱਡੀ ਸਮੱਸਿਆ ਸੀ ਕਿ ਇਨ੍ਹਾਂ ਸੁਰੱਖਿਆ ਗਾਰਡਾਂ ਵਿਚ ਸ਼ਾਮਿਲ ਹੋਣ ਲਈ ਉਸ ਦਾ ਆਮ ਪਹਿਰਾਵਾ ਹੋਣਾ ਚਾਹੀਦਾ ਸੀ। ਕਿਉਂਕਿ ਅੰਸ਼ਦੀਪ ਇਕ ਸਿੱਖ ਹੈ, ਤਾਂ ਉਸ ਨੂੰ ਇਸ ਸਬੰਧੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਾਲ ਹੀ ਤੈਨਾਤੀ ਲਈ ਜਦੋਂ ਉਸ ‘ਤੇ ਸ਼ਰਤਾਂ ਲਗਾਈਆਂ ਗਈਆਂ ਤਾਂ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਲੰਬੀ ਲੜਾਈ ਲੜਨ ਤੋਂ ਬਾਅਦ ਆਖਰ ਉਸ ਨੂੰ ਜਿੱਤ ਮਿਲੀ।
ਅੰਸ਼ਦੀਪ ਸਿੰਘ ਭਾਟੀਆ ਦਾ ਪਰਿਵਾਰ ਕਾਨਪੁਰ ਦੇ ਬੱਰਾ ਇਲਾਕੇ ਵਿਚ ਰਹਿੰਦਾ ਸੀ। ਉਸ ਦੇ ਪਰਿਵਾਰ ਦੇ ਮੁਖੀ ਸ. ਅਮਰੀਕ ਸਿੰਘ ਕਮਲ ਗੋਬਿੰਦ ਨਗਰ ਇਲਾਕੇ ਵਿਚ ਪੰਜਾਬ ਅਤੇ ਸਿੰਧ ਬੈਂਕ ਵਿਚ ਮੈਨੇਜਰ ਸਨ। ਸੰਨ 1984 ‘ਚ ਦੇਸ਼ ਵਿਚ ਸਿੱਖਾਂ ਵਿਰੋਧੀ ਕਤਲੇਆਮ ਦਾ ਅੰਸ਼ਦੀਪ ਦਾ ਪਰਿਵਾਰ ਵੀ ਸ਼ਿਕਾਰ ਹੋਇਆ। ਇਸ ਕਤਲੇਆਮ ਵਿਚ ਪਰਿਵਾਰ ਦੇ ਛੋਟੇ ਬੇਟੇ ਦੀ ਹੱਤਿਆ ਕਰ ਦਿੱਤੀ ਗਈ ਅਤੇ ਵੱਡੇ ਬੇਟੇ ਦਵਿੰਦਰ ਸਿੰਘ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਪਰ ਉਹ ਬਚ ਗਏ। ਇਸ ਤੋਂ ਬਾਅਦ ਪਰਿਵਾਰ ਲੁਧਿਆਣਾ ਆ ਗਿਆ ਅਤੇ ਦਵਿੰਦਰ ਸਿੰਘ ਅਮਰੀਕਾ ਚਲੇ ਗਏ। ਅੰਸ਼ਦੀਪ ਦਵਿੰਦਰ ਸਿੰਘ ਦਾ ਹੀ ਪੁੱਤਰ ਹੈ।