ਸਿੱਖ ਸੰਸਥਾਵਾਂ ਵੱਲੋਂ ਕਾਂਗਰਸਮੈਨ ਜੈਰੀ ਮੈਕਨਰਨੀ ਨਾਲ ਵਿਸ਼ੇਸ਼ ਮੁਲਾਕਾਤ

ਸਿੱਖ ਸੰਸਥਾਵਾਂ ਵੱਲੋਂ ਕਾਂਗਰਸਮੈਨ ਜੈਰੀ ਮੈਕਨਰਨੀ ਨਾਲ ਵਿਸ਼ੇਸ਼ ਮੁਲਾਕਾਤ

ਸ਼ਿਕਾਗੋ ‘ਚ ਹੋਣ ਜਾ ਰਹੀ ਆਰਐਸਐਸ ਕਾਨਫਰੰਸ ਬਾਰੇ ਚਿੰਤਾ ਜ਼ਾਹਰ   
ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਵੀ ਜਾਣੂ ਕਰਵਾਇਆ

ਸਟਾਕਟਨ/ਬਲਵਿੰਦਰਪਾਲ ਸਿੰਘ ਖਾਲਸਾ :
ਸਿੱਖ ਕਾਕਸ ਦੇ ਸੀਨੀਅਰ ਮੈਂਬਰਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅਮਰੀਕਾ ਵਿਚ ਵਸਦੇ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਕਾਂਗਰਸਮੈਨ ਜੈਰੀ ਮੈਕਨਰਨੀ ਨੂੰ ਜਾਣੂ ਕਰਵਾਇਆ ਹੈ। ਕਾਂਗਰਸਮੈਨ ਜੈਰੀ ਮੈਕਨਰਨੀ ਨਾਲ ਸਿੱਖ ਆਗੂਆਂ ਨੇ “ਮੀਟ  ਐਂਡ ਗ੍ਰੀਟ” ਪ੍ਰੋਗਰਾਮ ਤਹਿਤ ਮੁਲਾਕਾਤ ਕੀਤੀ। ਕੈਲੀਫੋਰਨੀਆ ਰਾਜ ਦੇ ਲੈਥਰੋਪ ਸਿਟੀ ਦੇ ਮੇਅਰ ਸੁੱਖ ਧਾਲੀਵਾਲ ਨੇ ਮੀਟਿੰਗ ਆਪਣੇ ਗ੍ਰਹਿ ਵਿਖੇ ਬੁਲਾਈ ਸੀ।
ਸੁੱਖ ਧਾਲੀਵਾਲ, ਮੁਡੈਸਟੋ ਦੇ ਵਾਈਸ ਮੇਅਰ ਮਨਮੀਤ ਸਿੰਘ ਗਰੇਵਾਲ ਅਤੇ ਹਰਪਰੀਤ ਸਿੰਘ ਸੰਧੂ ਜੋ ਕਿ ਸਿੱਖ ਕਾਕਸ ਕਮੇਟੀ ਦੇ ਡਾਇਰੈਕਟਰ ਹਨ, ਨੇ ਕਾਂਗਰਸਮੈਨ ਜੈਰੀ ਮੈਕਨਰਨੀ ਦਾ ਸਿੱਖ ਮਸਲਿਆਂ ਨੂੰ ਉਚੇਚੇ ਤੌਰ ‘ਤੇ ਸਬੰਧਿਤ ਸਰਕਾਰੀ ਅਦਾਰਿਆਂ ਕੋਲ ਚੁੱਕਣ ਅਤੇ ਉਨ੍ਹਾਂ ਦੇ ਹੱਲ  ਕਰਨ ਉਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ-ਜਦੋਂ ਵੀ ਅਮਰੀਕਾ ‘ਚ ਰਹਿ ਰਹੇ ਸਿੱਖ ਭਾਈਚਾਰੇ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਕਾਂਗਰਸਮੈਨ ਜੈਰੀ ਮੈਕਨਰਨੀ ਖੁੱਲ੍ਹੇ ਮਨ ਨਾਲ ਭਾਈਚਾਰੇ ਦੀ ਮਦਦ ਕਰਦੇ ਰਹੇ ਹਨ
ਗੌਰਤਲਬ ਹੈ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਵਿਚ ਵਸਦੇ  ਸਿੱਖਾਂ ਉਤੇ ਪਹਿਚਾਣ ਦੀ ਭੁੱਲ ਕਰਕੇ ਕਈ ਨਸਲਵਾਦੀ ਹਮਲੇ ਹੋਏ ਨੇ ਜਿਸ ਵਿਚ ਕੁਝ ਸਿੱਖਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ। ਪਿਛਲੇ ਦਿਨੀਂ ਨਿਊਜਰਸੀ ‘ਚ ਹੋਏ ਨਸਲਵਾਦੀ ਹਮਲੇ ਵਿਚ ਇਕ ਸਿੱਖ ਦੀ ਜਾਨ ਚਲੀ ਗਈ ਸੀ। ਸੁੱਖ ਧਾਲੀਵਾਲ ਅਤੇ ਮਨਮੀਤ ਸਿੰਘ ਗਰੇਵਾਲ ਨੇ ਪਿਛਲੇ ਦਿਨਾਂ ਚ ਹੋਏ ਇਨ੍ਹਾਂ ਨਸਲਵਾਦੀ ਹਮਲਿਆਂ ਦੀ ਜਾਣਕਾਰੀ ਕਾਂਗਰਸਮੈਨ ਜੈਰੀ ਮੈਕਨਰਨੀ ਨਾਲ ਸਾਂਝੀ ਕੀਤੀ।
ਇਸ ਤੋਂ ਇਲਾਵਾ ਆਏ ਪਤਵੰਤੇ ਸਿੱਖ ਆਗੂਆਂ ਨੇ ਸਕੂਲਾਂ ਵਿਚ ਹੋ ਰਹੀ ਸਿੱਖ ਵਿਦਿਆਰਥੀਆਂ ਨਾਲ ਧੱਕੇਸ਼ਾਹੀ (ਬੁਲਿੰਗ) ਦੀਆਂ ਆ ਰਹੀਆਂ ਸ਼ਿਕਾਇਤਾਂ ਬਾਰੇ ਵੀ ਕਾਂਗਰਸਮੈਨ ਨੂੰ ਜਾਣੂ ਕਰਵਾਇਆ। ਉਤਰੀ ਕੈਲੀਫੋਰਨੀਆ ਵਿਚ ਚੱਲ ਰਹੇ ਪਾਣੀ ਦੇ ਮਸਲੇ ‘ਤੇ ਵੀ ਇਸ ਮੀਟਿੰਗ ਵਿਚ ਵਿਸਥਾਰ ਨਾਲ ਚਰਚਾ ਹੋਈ। ਸਿੱਖ ਆਗੂਆਂ ਨੇ ਦੱਸਿਆ ਕਿ ਸਿੱਖ ਭਾਈਚਾਰਾ ਇਕ ਅਮਨ-ਪਸੰਦ ਕੌਮ ਹੈ ਅਤੇ ਅਮਰੀਕਾ  ਦੀ ਤਰੱਕੀ ਵਿਚ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ। ਇਸ ਮੀਟਿੰਗ ਵਿਚ ਆਉਣ ਵਾਲੇ ਦਿਨਾਂ ਵਿਚ ਰਾਸ਼ਟਰਵਾਦੀ ਕੱਟੜ ਹਿੰਦੂ ਜਥੇਬੰਦੀਆਂ ਵਲੋਂ ਸ਼ਿਕਾਗੋ ਵਿਚ ਕਰਵਾਏ ਜਾ ਰਹੇ ਹਿੰਦੂ ਫਿਰਕਾਪ੍ਰਸਤੀ ਦੇ ਪਾਸਾਰ ਵਾਲੇ ਪ੍ਰੋਗਰਾਮ ਬਾਰੇ ਵੀ ਕਾਂਗਰਸਮੈਨ ਨੂੰ ਜਾਣੂੰ ਕਰਵਾਇਆ ਅਤੇ ਬੇਨਤੀ ਕੀਤੀ ਕਿ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਤੇ ਯੂਪੀ. ਦੇ ਮੁੱਖ ਮੰਤਰੀ ਅਦਿਤਿਆ ਨਾਥ ਯੋਗੀ ਦੇ ਅਮਰੀਕਾ ਦਾਖਲੇ ਉਤੇ ਪਾਬੰਦੀ ਲਗਾਈ ਜਾਵੇ।
ਕਾਂਗਰਸਮੈਨ  ਜੈਰੀ ਮੈਕਨਰਨੀ ਨੇ ਮੀਟ ਐਂਡ ਗ੍ਰੀਟ ਪ੍ਰੋਗਰਾਮ ਵਿਚ ਆਏ ਸਿੱਖ ਆਗੂਆਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਸਿੱਖ ਭਾਈਚਾਰੇ ਨਾਲ ਖੜ੍ਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਿੱਖ ਭਾਈਚਾਰੇ ਦੀ ਦਿਲੋਂ ਇੱਜ਼ਤ ਕਰਦੇ ਹਨ। ਮੈਕਨਰਨੀ ਨੇ ਕਿਹਾ ਕਿ ਉਹ ਸਿੱਖਾਂ ਦੀ ਪਹਿਚਾਣ ਨੂੰ ਅਮਰੀਕਾ ਭਰ ‘ਚ ਯਕੀਨੀ ਬਣਾਉਣ ਦਾ ਯਤਨ ਕਰਦੇ ਰਹਿਣਗੇ ਅਤੇ ਸਿੱਖਾਂ ਖਿਲਾਫ ਹੋ ਰਹੇ ਨਸਲਵਾਦ ਨੂੰ ਠੱਲ੍ਹ ਪਾਉਣ ਲਈ ਢੁਕਵੇਂ ਕਦਮ ਚੁੱਕਣ ਲਈ ਸਰਕਾਰ ਨੂੰ ਕਹਿਣਗੇ।
ਇਸ ਮੌਕੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ, ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ, ਜਾਹਨ ਸਿੰਘ ਗਿੱਲ, ਕੁਲਜੀਤ ਸਿੰਘ ਨਿੱਝਰ, ਦਵਿੰਦਰ ਸਿੰਘ ਬੱਬਰ ਤੇ ਮਨਜੀਤ ਸਿੰਘ ਬਰਾੜ ਵੀ ਹਾਜ਼ਰ ਸਨ। ਸੁੱਖ ਧਾਲੀਵਾਲ ਦੇ ਪਰਵਾਰ ਵੱਲੋਂ ਆਏ ਮਹਿਮਾਨਾਂ ਲਈ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ।