ਕੈਲੀਫੋਰਨੀਆ ਵਿਧਾਨ ਸਭਾ ਮੈਂਬਰ ਕੈਂਸਨ ਚੂ ਨੇ ਫਰੀਮਾਂਟ ਵਿਚ ਸਿੱਖ ਭਾਈਚਾਰੇ ਨਾਲ ਕੀਤੀ ਮੀਟਿੰਗ

ਕੈਲੀਫੋਰਨੀਆ ਵਿਧਾਨ ਸਭਾ ਮੈਂਬਰ ਕੈਂਸਨ ਚੂ ਨੇ ਫਰੀਮਾਂਟ ਵਿਚ ਸਿੱਖ ਭਾਈਚਾਰੇ ਨਾਲ ਕੀਤੀ ਮੀਟਿੰਗ

ਕੈਂਸਨ ਚੂ ਨੇ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ
ਫਰੀਮਾਂਟ/ਬਿਊਰੋ ਨਿਊਜ਼ :
ਅਮਰੀਕਨ ਸਿੱਖ ਕਾਕਸ ਕਮੇਟੀ ਦੇ ਉਦਮ ਸਦਕਾ ਫਰੀਮਾਂਟ ਵਿਚ ਸਟੇਟ ਅਸੰਬਲੀ ਕੈਲੀਫੋਰਨੀਆ ਦੇ ਨੇਤਾ ਕੈਂਸਨ ਚੂ ਨੇ ਸਿੱਖ ਭਾਈਚਾਰੇ ਨਾਲ ਇਕ ਮੀਟਿੰਗ ਕੀਤੀ। ਮੀਟਿੰਗ ਵਿਚ ਸਿੱਖਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਦੇਸ਼ਾਂ ਵਿਚ ਸਿੱਖਾਂ ਨਾਲ ਹੋ ਰਹੇ ਨਸਲੀ ਵਿਤਕਰੇ ਅਤੇ ਧੱਕੇਸ਼ਾਹੀ ਦੇ ਮਾਮਲਿਆਂ ‘ਤੇ ਵੀ ਵਿਚਾਰ ਪ੍ਰਗਟ ਕੀਤੇ ਗਏ।
ਗੌਰਤਲਬ ਹੈ ਕਿ ਅਮਰੀਕਾ ‘ਚ ਰਹਿੰਦੇ ਸਿੱਖਾਂ ‘ਤੇ ਨਸਲੀ ਹਮਲੇ ਅਤੇ ਨਸਲੀ ਟਿੱਪਣੀਆਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਉਤੇ ਲਗਾਤਾਰ ਹਮਲੇ ਹੋ ਰਹੇ ਨੇ, ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਦਿਨੀਂ ਅਮਰੀਕਾ ‘ਚ 2 ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੈਲੀਫੋਰਨੀਆ ਦੇ ਸ਼ਹਿਰ ਮਨਟੀਕਾ ਵਿਚ ਪਿਛਲੇ ਦਿਨੀਂ 71 ਸਾਲਾ ਬਜ਼ੁਰਗ ਸਿੱਖ ‘ਤੇ ਬੇਰਹਿਮੀ ਨਾਲ ਹਮਲਾ ਹੋਇਆ।
ਅਮਰੀਕੀ ਸਿੱਖ ਕੌਕਸ ਕਮੇਟੀ ਦੇ ਡਾਇਰੈਕਟਰ ਹਰਪ੍ਰੀਤ  ਸਿੰਘ ਸੰਧੂ ਨੇ  ਕੈਂਸਨ ਚੂ  ਨੂੰ ਸਿੱਖਾਂ ਦੀ ਪਹਿਚਾਣ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ।
ਸਟੇਟ ਅਸੰਬਲੀ ਕੈਲੀਫੋਰਨੀਆ ਦੇ ਨੇਤਾ ਕੈਂਸਨ ਚੂ  ਨੇ ਸਿੱਖਾਂ ਦੇ ਇਨ੍ਹਾਂ ਮਸਲਿਆਂ ਨੂੰ ਗ਼ੰਭੀਰਤਾ ਨਾਲ ਸੁਣਿਆ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ  ਕਿ ਉਹ ਅਮਰੀਕਾ ਵਿਚ ਸਿੱਖਾਂ ‘ਤੇ ਹੋ ਰਹੇ ਹਮਲਿਆਂ ਲਈ ਤੇ ਉਨ੍ਹਾਂ ਦੀ ਪਹਿਚਾਣ ਦੇ ਮਸਲਿਆਂ ਦੇ ਹੱਲ ਲਈ ਯਤਨ ਕਰਨਗੇ। ਉਹ ਮਨੁੱਖੀ ਅਧਿਕਾਰਾਂ ਅਤੇ ਸਿੱਖਾਂ ਦੀ ਸੁਰੱਖਿਆ ਲਈ ਕੰਮ ਕਰਨਗੇ ਤੇ ਉਨ੍ਹਾਂ ਦੀ ਆਵਾਜ਼ ਬਣਨਗੇ।
ਇਸ ਮੀਟਿੰਗ ਵਿਚ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਕਈ ਸਿੱਖ ਸੰਸਥਾਵਾਂ ਸ਼ਾਮਲ ਹੋਈਆਂ। ਕਾਕਸ ਕਮੇਟੀ ਦੇ ਬੁਲਾਰੇ ਹਰਪਰੀਤ ਸਿੰਘ ਸੰਧੂ ਸਮੇਤ ਸਭ ਨੇ ਕੈਂਸਨ ਚੂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਹ ਮੀਟਿੰਗ ਏਜੀਪੀਸੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਹੁਰਾਂ ਦੇ ਗ੍ਰਹਿ ਵਿਖੇ ਕੀਤੀ ਗਈ ।