ਲੈਫਟੀਨੈਂਟ ਜਨਰਲ ਨਰਿੰਦਰਪਾਲ ਸਿੰਘ ਹੀਰਾ ਅਮਰੀਕਾ ਦੌਰੇ ‘ਤੇ

ਲੈਫਟੀਨੈਂਟ ਜਨਰਲ ਨਰਿੰਦਰਪਾਲ ਸਿੰਘ ਹੀਰਾ ਅਮਰੀਕਾ  ਦੌਰੇ ‘ਤੇ

ਫਰੀਮਾਂਟ/ਬਿਊਰੋ ਨਿਊਜ਼ :
ਸਾਲ 2016 ਤੋਂ ਪੰਜਾਬ ਦੇ ਪਟਿਆਲਾ ਵਿਖੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦੇ ਤੌਰ ‘ਤੇ ਸੇਵਾ ਨਿਭਾ ਰਹੇ ਲੈਫਟੀਨੈਂਟ ਜਨਰਲ ਨਰਿੰਦਰਪਾਲ ਸਿੰਘ ਹੀਰਾ ਅਮਰੀਕਾ ਦੇ ਦੌਰੇ ‘ਤੇ ਹਨ। ਉਹ ਆਪਣੀ ਪਤਨੀ ਸਮੇਤ ਆਪਣੇ ਸਕੂਲ ਦੇ ਸਹਿਪਾਠੀ ਦੋਸਤ ਸ. ਰਾਜਿੰਦਰਪਾਲ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੇ।
ਜ਼ਿਕਰਯੋਗ ਹੈ ਕਿ ਜਨਰਲ ਐਨਪੀਐੱਸ. ਹੀਰਾ ਨੇ ਸਰਕਾਰੀ ਹਾਈ ਸਕੂਲ ਸਮਰਾਲਾ, ਜ਼ਿਲ੍ਹਾ ਲੁਧਿਆਣਾ, ਪੰਜਾਬ ਤੋਂ ਸੰਨ 1972 ਵਿਚ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਸੀ। ਉਨ੍ਹਾਂ ਦੇ ਪਿਤਾ ਸਵ. ਮੇਹਰ ਸਿੰਘ ਹੀਰਾ ਉਸੇ ਹੀ ਸਕੂਲ ਵਿਚ ਪੜ੍ਹਾਉਂਦੇ ਸਨ। ਨਰਿੰਦਰਪਾਲ ਹੀਰਾ ਨੇ ਉੱਚੇ ਰੈਂਕ ਨਾਲ ਰਾਜ ਪੱਧਰ ‘ਤੇ ਇਸ ਸਕੂਲ ਦਾ ਮਾਣ ਵਧਾਇਆ ਸੀ। ਉਨ੍ਹਾਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਵਿਚ ਇੱਕ ਫ਼ੌਜੀ ਅਫ਼ਸਰ ਵਜੋਂ ਚੁਣਿਆ ਗਿਆ ਸੀ, ਜਿੱਥੇ ਉਨ੍ਹਾਂ ਨੇ ਸਾਲ 2016 ਤੱਕ ਭਾਰਤੀ ਫ਼ੌਜ ਦੇ ਡਿਪਟੀ ਚੀਫ਼ ਵਜੋਂ ਆਪਣੀ ਰਿਟਾਇਰਮੈਂਟ ਤੱਕ 42 ਸਾਲ ਤਕ ਸੇਵਾ ਨਿਭਾਈ। ਜਨਰਲ ਹੀਰਾ ਨੂੰ ਅਨੇਕ ਬਹਾਦਰੀ ਪੁਰਸਕਾਰ ਅਸ਼ੋਕ ਚੱਕਰ, ਕੀਰਤੀ ਚੱਕਰ, ਸ਼ੌਰਿਆ ਚੱਕਰ, ਅਤੀ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਯੂਨਿਟ ਨੇ 32 ਗੇਲੈਂਟਰੀ ਪੁਰਸਕਾਰ ਜਿੱਤੇ। ਇਸ ਮੌਕੇ ਇਕ ਸਵਾਲ ਦੇ ਜਵਾਬ ਵਿਚ ਸ. ਰਾਜਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਸਕੂਲ ਦੇ ਸਮੇਂ ਤੋਂ ਹੀ ਜਾਣਦੇ ਸਨ ਕਿ ਨਰਿੰਦਰ ਇੱਕ ਦਿਨ ਅਸਲੀ ਹੀਰਾ ਬਣੇਗਾ। ਉਨ੍ਹਾਂ ਮੁਸਕਰਾਹਟ ਨਾਲ ਜਵਾਬ ਦਿੱਤਾ ਕਿ ਅਜਿਹੀ ਵੱਖਰੀ ਸ਼ਖਸੀਅਤ ਦੀ ਸੰਗਤ ਕਰਕੇ ਉਹ ਖੁਦ ਨੂੰ ਸਨਮਾਨਿਤ ਮਹਿਸੂਸ ਕਰਦੇ ਹਨ। ਸ. ਢਿੱਲੋਂ ਨੇ ਕਿਹਾ ਕਿ ਮੈਨੂੰ ਆਪਣੇ ਦੋਸਤ ਜਨਰਲ ਹੀਰਾ ਦੇ ਸਮਰਪਣ, ਇਮਾਨਦਾਰੀ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਿਚ ਉਨ੍ਹਾਂ ਦੀ ਚੇਅਰਮੈਨਸ਼ਿਪ ਹੇਠ ਗਜ਼ਟਿਡ ਅਧਿਕਾਰੀਆਂ ਦੀ ਚੋਣ ਵਿਚ ਮੈਰਿਟ ਆਧਾਰਿਤ ਸਿਲੈਕਸ਼ਨਾਂ ‘ਤੇ ਮਾਣ ਹੈ।