ਗੈਰਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਵੜੇ ਸੌ ਤੋਂ ਵੱਧ ਕਾਬੂ

ਗੈਰਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਵੜੇ ਸੌ ਤੋਂ ਵੱਧ ਕਾਬੂ

ਨਿਊਯਾਰਕ/ਬਿਉਰੋ ਨਿਊਜ਼ :
ਦੇਸ਼ ਵਿਚ ਗੈਰਕਾਨੂੰਨੀ ਤੌਰ ‘ਤੇ ਰਹਿ ਰਹੇ ਵਿਦੇਸ਼ੀਆਂ ਖਿਲਾਫ ਸ਼ਿਕੰਜਾ ਕਸਦਾ ਜਾ ਰਿਹਾ ਹੈ। ਪੁਲਿਸ ਦੁਆਰਾ ਸਰਹੱਦੀ ਗਸ਼ਤ ਦੌਰਾਨ ਅਤੇ ਇੰਮੀਗਰੇਸ਼ਨ ਪ੍ਰਸ਼ਾਸਨ ਵੱਲੋਂ ਵੱਖ-ਵੱਖ ਕਾਰਵਾਈਆਂ ਤਹਿਤ 100 ਤੋਂ ਵੱਧ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਅਤੇ ਰਹਿਣ ਦੇ ਚੱਲਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਵੀ ਸ਼ਾਮਲ ਹਨ। ਭਾਰਤੀਆਂ ਦੀਆਂ ਸਪਸ਼ਟ ਗਿਣਤੀ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਓਰੇਗਨ ਦੀ ਜੇਲ੍ਹ ਵਿਚ ਬਵੰਜਾ ਭਾਰਤੀਆਂ ਦੇ ਬੰਦ ਹੋਣ ਦੀ ਚਰਚਾ ਛਿੜੀ ਸੀ। ਹਾਲ ਹੀ ਵਿਚ ਅਮਰੀਕਨ ਸਰਕਾਰ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਇਕ ਸਾਲ ਦੌਰਾਨ ਇੱਕੀ ਹਜ਼ਾਰ ਤੋਂ ਵੱਧ ਭਾਰਤੀ ਅਮਰੀਕਾ ਵਿਚ ਵੀਜ਼ਾ ਮਿਆਦ ਪੁੱਗਣ ਤੋਂ ਬਾਅਦ ਵਾਪਸ ਆਪਣੇ ਦੇਸ਼ ਨਹੀਂ ਪਰਤੇ ਅਤੇ ਲਾਪਤਾ ਹਨ।
ਅਮਰੀਕੀ ਇੰਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਵਿਭਾਗ ਦੇ ਇਨਫੋਰਸਮੈਂਟ ਐਂਡ ਰਿਮੂਲਵ ਆਪ੍ਰੇਸ਼ਨ ਤਹਿਤ ਆਪਣੀ ਪੰਜ ਦਿਨਾਂ ਵਾਲੀ ਮੁਹਿੰਮ ਦੌਰਾਨ ਇਕੱਲੇ ਹਿਊਸਟਨ ਇਲਾਕੇ ਵਿੱਚੋਂ ਹੀ 45 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਈਈਸੀ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ, ਕਿਊਬਾ, ਨਾਈਜੀਰੀਆ, ਚਿੱਲੀ, ਤੁਰਕੀ, ਹੌਂਡੁਰਸ, ਐਲ ਸਾਲਵੇਡੋਰ, ਮੈਕਸੀਕੋ ਤੇ ਗੁਆਟੇਮਾਲਾ ਦੇ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਏਜੰਸੀ ਨੇ ਮੁਤਾਬਕ ਇਨ੍ਹਾਂ ਵਿਚੋਂ ਕੁਝ ਨੂੰ ਡਿਪੋਰਟ ਕੀਤੇ ਜਾਣ ਦੇ ਬਾਵਜੂਦ ਦੁਬਾਰਾ ਅਮਰੀਕਾ ਵਿਚ ਦਾਖ਼ਲ ਹੋਣ ਦੌਰਾਨ ਕਾਬੂ ਕੀਤਾ ਗਿਆ ਹੈ।
ਪਿਛਲੇ ਹਫ਼ਤੇ ਟੈਕਸਾਸ ਵਿਚ ਨਾਕੇ ਦੌਰਾਨ ਇਕ ਰੈਫ਼ਰੀਜਰੇਟਿਡ ਟਰਾਲੇ ਵਿੱਚੋਂ 78 ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕੀਤਾ ਗਿਆ, ਜੋ ਮੂਲ ਤੌਰ ‘ਤੇ ਭਾਰਤ, ਮੈਕਸੀਕੋ, ਗੁਆਟੇਮਾਲਾ, ਹੌਂਡੁਰਸ, ਐਲ ਸਾਲਵੇਡੋਰ, ਬ੍ਰਾਜ਼ੀਲ, ਇਕੁਏਡੋਰ ਤੇ ਡੋਮਿਨੀਕੈਨ ਰਿਪਬਲਿਕ ਦੇ ਰਹਿਣ ਵਾਲੇ ਸਨ। ਇਸ ਤੋਂ ਪਹਿਲਾਂ ਤਕਰੀਬਨ 100 ਭਾਰਤੀਆਂ ਨੂੰ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਸਨ, ਨੂੰ ਅਮਰੀਕਾ ਦੇ ਦੱਖਣੀ ਬਾਰਡਰ ਤੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਟੱਪਦਿਆਂ ਕਾਬੂ ਕੀਤਾ ਗਿਆ ਸੀ।