ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਖਾਲਸੇ ਦਾ ਸਾਜਨਾ ਦਿਵਸ ‘ਵਿਸਾਖੀ’

ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਖਾਲਸੇ ਦਾ ਸਾਜਨਾ ਦਿਵਸ ‘ਵਿਸਾਖੀ’

ਮਿਲਪੀਟਸ/ਬਿਊਰੋ ਨਿਊਜ਼:
ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਵਿਖੇ ਬੀਤੇ ਐਤਵਾਰ ਖਾਲਸਾ ਸਾਜਨਾ ਦਿਵਸ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਮੁੱਖ ਸਮਾਗਮ ਵਿਚ ਬੀਬੀ ਬਲਜੀਤ ਕੌਰ ਖਾਲਸਾ ਨੇ ਵਿਸ਼ੇਸ਼ ਹਾਜਰੀ ਭਰੀ। ਇਸ ਮੌਕੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਦੇ ਖਾਲਸਾ ਸਕੂਲ ਦੇ ਬੱਚਿਆਂ ਨੇ ਵੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਿੱਖ ਸਮਾਗਮ ਵਿਚ ਭਾਗ ਲਿਆ।
ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਮੇਨ ਹਾਲ ਵਿਚ ਕੀਰਤਨ ਦੀਵਾਨ ਸਜਾਏ ਗਏ ਜਿਸ ਵਿਚ ਪਹਿਲਾਂ ਗੁਰਦੁਆਰਾ ਸਾਹਿਬ ਦੇ ਹਜੂਰੀ ਕੀਰਤਨੀ ਜਥੇ ਭਾਈ ਸੁਖਦੇਵ ਸਿੰਘ ਨੇ ਕੀਰਤਨ ਸਰਵਣ ਕਰਵਾਇਆ ਅਤੇ ਬਾਅਦ ਵਿਚ ਬੀਬੀ ਬਲਜੀਤ ਕੌਰ ਖਾਲਸਾ ਤਲਵਾੜੇ ਵਾਲੀਆਂ ਬੀਬੀਆਂ ਦੇ ਕੀਰਤਨੀ ਜਥੇ ਨੇ ਆਪਣੀ ਮਨੋਹਰ ਰਸਨਾ ਦੁਆਰਾ ਹਰਜਸ ਗਾਇਨ ਕੀਤਾ। ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਦੇ ਖਾਲਸਾ ਸਕੂਲ ਦੇ ਬੱਚਿਆਂ ਨੇ ਵੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਿੱਖ ਸਮਾਗਮ ਵਿਚ ਭਾਗ ਲਿਆ। ਬੱਚਿਆਂ ਨੇ ਪਹਿਲਾਂ ਆਪਣੀ ਮਨੋਹਰ ਰਸਨਾ ਵਿਚ ਸ਼ਬਦ ਕੀਰਤਨ ਕੀਤਾ।
ਉਪਰੰਤ ਖਾਲਸਾ ਸਾਜਨਾ, ਪੰਜ ਪਿਆਰੇ ਅਤੇ ਪੰਜ ਕਕਾਰ ਆਦਿ ਵਿਸ਼ਿਆਂ ਤੇ ਭਾਸ਼ਣ ਕੀਤੇ ਗਏ। ਇਸ ਮੌਕੇ ਬੱਚਿਆਂ ਵਲੋਂ ਬਣਾਏ ਗਏ ਖਾਲਸਾ ਸਾਜਨਾ ਨੂੰ ਪਰਦਰਸ਼ਿਤ ਕਰਦੇ ਚਿੱਤਰ ਵੀ ਸੰਗਤਾਂ ਦੇ ਸਨਮੁਖ ਪੇਸ਼ ਕੀਤੇ ਗਏ। ਬਾਅਦ ਵਿਚ ਸਿੱਖ ਇਤਿਹਾਸ ਪ੍ਰਸ਼ਨੋਤਰੀ ਵਿਚ  ਜੁਨੀਅਰ ਅਤੇ ਸੀਨੀਅਰ ਵਰਗ ਵਿਚ ਬੱਚਿਆਂ ਨੇ ਵਿਸ਼ੇਸ਼ ਭਾਗ ਲਿਆ। ਜੇਤੂ ਬਚਿਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਅੰਤ ਵਿਚ ਬੱਚਿਆਂ ਵਲੋਂ ਗਤਕੇ ਦੇ ਜੋਹਰ ਦਿਖਾ ਕੇ ਇਸ ਸਮਾਗਮ ਦੀ ਸੰਪੂਰਨਤਾ ਹੋਈ। ਸਮੂਹ ਸਿੱਖ ਸੰਗਤ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਇਸ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਨੇ ਸਮੂਹ ਸੰਗਤਾਂ ਦਾ ਧਨਵਾਦ ਕੀਤਾ ਅਤੇ ਭਵਿਖ ਵਿਚ ਵੀ ਇਹੋ ਜਿਹੇ ਉਪਰਾਲੇ ਕਰਦੇ ਰਹਿਣ ਲਈ ਸੰਗਤਾਂ ਨੂੰ ਯਕੀਨ ਦਿਵਾਇਆ।