ਅਮਰੀਕਾ ਪਾਕਿ ‘ਚ ਦਹਿਸ਼ਤੀ ਗੁੱਟਾਂ ਖ਼ਿਲਾਫ਼ ਕਾਰਵਾਈ ਲਈ ਦ੍ਰਿੜ

ਅਮਰੀਕਾ ਪਾਕਿ ‘ਚ ਦਹਿਸ਼ਤੀ ਗੁੱਟਾਂ ਖ਼ਿਲਾਫ਼ ਕਾਰਵਾਈ ਲਈ ਦ੍ਰਿੜ

ਵਾਸ਼ਿੰਗਟਨ/ਬਿਊਰੋ ਨਿਊਜ਼:
ਹੁਣ ਜਦੋਂ ਟਰੰਪ ਪ੍ਰਸ਼ਾਸਨ ਪਾਕਿਸਤਾਨ ‘ਚ ਸੁਰੱਖਿਅਤ ਦਹਿਸ਼ਤੀ ਪਨਾਹਗਾਹਾਂ ਨੂੰ ਤਬਾਹ ਕਰਨ ਲਈ ਦ੍ਰਿੜ੍ਹ ਨਜ਼ਰ ਆ ਰਿਹਾ ਹੈ ਤਾਂ ਅਮਰੀਕਾ ਨੇ ਆਸ ਜਤਾਈ ਹੈ ਕਿ ਚੀਨ ਆਪਣੇ ਭਾਈਵਾਲ ਪਾਕਿਸਤਾਨ ਨੂੰ ਮਨਾਉਣ ‘ਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਉਂਜ ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ‘ਚ ਦਹਿਸ਼ਤੀ ਟਿਕਾਣੇ ਤਬਾਹ ਕਰਕੇ ਹੀ ਅਫ਼ਗਾਨਿਸਤਾਨ ਅਤੇ ਖ਼ਿੱਤੇ ‘ਚ ਸ਼ਾਂਤੀ ਬਹਾਲ ਕੀਤੀ ਜਾ ਸਕਦੀ ਹੈ। ਉਸ ਨੇ ਕਿਹਾ ਕਿ ਪਾਕਿਸਤਾਨ ਦੇ ਚੀਨ ਨਾਲ ਇਤਿਹਾਸਕ ਅਤੇ ਫੌਜੀ ਸਬੰਧ ਹਨ। ਚੀਨ ਪਾਕਿਸਤਾਨ ਆਰਥਿਕ ਲਾਂਘੇ ਨਾਲ ਵੀ ਆਰਥਿਕ ਰਿਸ਼ਤੇ ਵੱਧ ਰਹੇ ਹਨ। ਉਸ ਨੇ ਕਿਹਾ ਕਿ ਅਮਰੀਕਾ ਦਹਿਸ਼ਤੀ ਸਮੱਸਿਆ ਨਾਲ ਨਜਿੱਠਣ ਲਈ ਇਲਾਕਾਈ ਮੁਲਕਾਂ ਨਾਲ ਕੰਮ ਕਰਨ ਨੂੰ ਤਿਆਰ ਹੈ ਅਤੇ ਉਨ੍ਹਾਂ ‘ਚ ਚੀਨ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਮਨਾਉਣ ਨਾਲ ਚੀਨ ਨੂੰ ਵੀ ਫਾਇਦਾ ਹੋਵੇਗਾ। ਚੀਨ ਵੀ ਸਥਿਰ ਤੇ ਸ਼ਾਂਤ ਅਫ਼ਗਾਨਿਸਤਾਨ ਲਈ ਕੰਮ ਕਰ ਰਿਹਾ ਹੈ ਕਿਉਂਕਿ ਚੀਨ ਵੀ ਦੱਖਣੀ ਏਸ਼ੀਆ ‘ਚ ਅਤਿਵਾਦ ਅਤੇ ਕੱਟੜਵਾਦ ਤੋਂ ਪ੍ਰੇਸ਼ਾਨ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇਕਰ ਉਹ (ਚੀਨ) ਖ਼ਿੱਤੇ ‘ਚ ਸਥਿਰਤਾ ਚਾਹੁੰਦੇ ਹਨ ਤਾਂ ਉਹ ਵੀ ਪਾਕਿਸਤਾਨ ‘ਚ ਹੱਕਾਨੀ ਅਤੇ ਤਾਲਿਬਾਨ ਨੈੱਟਵਰਕ ਖ਼ਿਲਾਫ਼ ਕਾਰਵਾਈ ਹੁੰਦਾ ਦੇਖਣਾ ਚਾਹੁੰਦੇ ਹਨ।

ਫੰਡਾਂ ਉੱਤੇ ਰੋਕ ਦੇ ਬਾਵਜੂਦ ਪਾਕਿ ਅਮਰੀਕਾ ਨਾਲ ਗੱਲਬਾਤ ਜਾਰੀ ਰਖੇਗਾ
ਕਰਾਚੀ: ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ 2 ਅਰਬ ਡਾਲਰ ਦੀ ਫੌਜੀ ਸਹਾਇਤਾ ਰੋਕੇ ਜਾਣ ਦੇ ਬਾਵਜੂਦ ਪਾਕਿਸਤਾਨ ਉਸ ਨਾਲ ਜਿਥੋਂ ਤਕ ਸੰਭਵ ਹੋਇਆ, ਗੱਲਬਾਤ ਕਰਨਾ ਜਾਰੀ ਰੱਖੇਗਾ। ‘ਡਾਅਨ’ ਦੀ ਰਿਪੋਰਟ ਮੁਤਾਬਕ ਉਨ੍ਹਾਂ ਕਿਹਾ ਕਿ ਅਮਰੀਕਾ ਦੀ ਸਾਰੀ ਨਾਰਾਜ਼ਗੀ ਦਾ ਪਾਕਿਸਤਾਨ ਨਪੇ-ਤੁਲੇ ਢੰਗ ਨਾਲ ਜਵਾਬ ਦੇਣਾ ਜਾਰੀ ਰੱਖੇਗਾ। ਜੰਜੂਆ ਨੇ ਕਿਹਾ ਕਿ ਅਮਰੀਕਾ ਨਾ ਸਿਰਫ਼ ਆਲਮੀ ਤਾਕਤ ਹੈ ਸਗੋਂ ਖਿੱਤੇ ‘ਚ ਵੀ ਉਸ ਦੀ ਮੌਜੂਦਗੀ ਹੈ ਅਤੇ ਪਾਕਿਸਤਾਨ ਲਈ ਉਹ ਗੁਆਂਢੀਆਂ ਵਰਗਾ ਹੈ। ਕਰਾਚੀ ‘ਚ ਬਿਜ਼ਨਸ ਐਡਮਿਨੀਸਟਰੇਸ਼ਨ ਇੰਸਟੀਚਿਊਸ਼ਨ ‘ਚ ‘ਪਾਕਿਸਤਾਨ ਦੀ ਵਿਦੇਸ਼ ਨੀਤੀ ਦੇ ਮਸਲਿਆਂ’ ਬਾਰੇ ਹੋਏ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਪਹਿਲੀ ਜਨਵਰੀ ਨੂੰ ਆਇਆ ਟਵੀਟ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਜਾਪਦਾ ਹੈ। ਅਫ਼ਗਾਨਿਸਤਾਨ ‘ਚ ਅਮਰੀਕਾ ਦੇ ਮਾੜੇ ਹਾਲਾਤ ਕਰਕੇ ਇਹ ਟਵੀਟ ਖਿੱਝ ਕਾਰਨ ਵੀ ਆਇਆ ਹੋ ਸਕਦਾ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਮੈਟਿੱਜ਼ ਨਾਲ ਚੰਗੀ ਗੱਲਬਾਤ ਹੋਈ ਸੀ ਪਰ ਅਚਾਨਕ ਹੀ ਟਰੰਪ ਪਾਕਿਸਤਾਨ ਅਤੇ ਇਰਾਨ ਖ਼ਿਲਾਫ਼ ਕਿਵੇਂ ਹੋ ਗਏ। ਉਨ੍ਹਾਂ ਕਿਹਾ ਕਿ ਭਾਰਤ ਨੂੰ ਖ਼ਿੱਤੇ ਦੀ ਸੁਰੱਖਿਆ ਦੇ ਅਧਿਕਾਰ ਦਿੱਤੇ ਗਏ ਜੋ ਜਾਇਜ਼ ਨਹੀਂ। ਇਹ ਵੀ ਕਾਰਨ ਹੋ ਸਕਦਾ ਹੈ ਕਿ ਚੀਨ ਦੀ ਆਰਥਿਕ ਅਤੇ ਫੌਜੀ ਤਾਕਤ ਅਮਰੀਕਾ ਨੂੰ ਚੁਣੌਤੀ ਦੇ ਰਹੀ ਹੈ।