ਗੁਰਜਤਿੰਦਰ ਸਿੰਘ ਰੰਧਾਵਾ ਨੂੰ ਸਦਮਾ ਪਿਤਾ ਬਲਬੀਰ ਸਿੰਘ ਪਰਲੋਕ ਸਿਧਾਰੇ

ਗੁਰਜਤਿੰਦਰ ਸਿੰਘ ਰੰਧਾਵਾ ਨੂੰ ਸਦਮਾ ਪਿਤਾ ਬਲਬੀਰ ਸਿੰਘ ਪਰਲੋਕ ਸਿਧਾਰੇ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਸੈਕਰਾਮੈਂਟੋ ਤੋਂ ਨਿਕਲਦੀ ਅਖਬਾਰ ‘ਪੰਜਾਬ ਮੇਲ’ ਦੇ ਅਡੀਟਰ ਗੁਰਜਤਿੰਦਰ ਸਿੰਘ ਰੰਧਾਵਾ ਦੇ ਮਾਣਯੋਗ ਪਿਤਾ ਸ. ਬਲਬੀਰ ਸਿੰਘ ਰੰਧਾਵਾ ਇਸ ਫਾਨੀ ਦੁਨੀਆਂ ਨੂੰ 7 ਦਸੰਬਰ 2017 ਨੂੰ ਸਦਾ ਲਈ ਅਲਵਿਦਾ ਆਖ ਗਏ। ਉਹ 85 ਵਰ੍ਹਿਆਂ ਦੇ ਸਨ।
ਇਸ ਅਚਾਨਕ ਹੋਈ ਦੁਖਦਾਇਕ ਮੌਤ ਨਾਲ ਜਿੱਥੇ ਸਾਰੇ ਪਰਿਵਾਰ ਨੂੰ ਭਾਰੀ ਸਦਮਾ ਪਹੁੰਚਿਆ ਹੈ, ਉਥੇ ਸ. ਬਲਬੀਰ ਸਿੰਘ ਵਰਗੇ ਬੁੱਧੀਜੀਵੀ ਇਨਸਾਨ ਦੇ ਚਲੇ ਜਾਣ ਨਾਲ ਸਮਾਜ ਨੂੰ ਵੀ ਘਾਟਾ ਪਿਆ ਹੈ, ਜੋ ਕਦੀ ਵੀ ਨਾ ਪੂਰਾ ਹੋਣ ਵਾਲਾ ਹੈ।
ਸ. ਬਲਬੀਰ ਸਿੰਘ ਰੰਧਾਵਾ ਦਾ ਜਨਮ 20 ਸਤੰਬਰ, 1932 ਗੁੱਜਰਾਂਵਾਲਾ, ਅਣਵੰਡੇ ਹਿੰਦੋਸਤਾਨ ਵਿਚ ਹੋਇਆ। ਉਨ੍ਹਾਂ ਬੀ.ਏ. ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੀਤੀ। ਉਪਰੰਤ ਭਾਰਤੀ ਫੌਜ ਵਿਚ ਭਰਤੀ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਕੁੱਝ ਸਮਾਂ ਸਿੱਖਿਆ ਦੇ ਖੇਤਰ ਵਿਚ ਵੀ ਲਾਇਆ। ਫਿਰ ਭਾਰੀ ਜੀਵਨ ਬੀਮਾ ਨਿਗਮ ਵਿਚ ਉੱਚ ਅਹੁਦੇ ‘ਤੇ ਸੇਵਾ ਨਿਭਾਉਣ ਉਪਰੰਤ 1992 ਵਿਚ ਰਿਟਾਇਰ ਹੋਏ। ਹੁਣ ਪਿਛਲੇ ਲੰਮੇ ਸਮੇਂ ਤੋਂ ਉਹ ਆਪਣੇ ਸਪੁੱਤਰ ਗੁਰਜਤਿੰਦਰ ਸਿੰਘ ਰੰਧਾਵਾ ਨਾਲ ਅਮਰੀਕਾ ਵਿਖੇ ਰਹਿ ਰਹੇ ਸਨ।
ਸ. ਬਲਬੀਰ ਸਿੰਘ ਰੰਧਾਵਾ ਵਧੀਆ ਤੇ ਨੇਕ ਇਨਸਾਨ ਹੋਣ ਦੇ ਨਾਲ-ਨਾਲ ਉਚ ਪਾਏ ਦੇ ਬੁੱਧੀਜੀਵੀ ਅਤੇ ਚੰਗਾ ਗਿਆਨ ਰੱਖਣ ਵਾਲੇ ਸਨ ਤੇ ਜਿਸ ਕਰਕੇ ਉਨ੍ਹਾਂ ਦਾ ਸਮਾਜ ਵਿਚ ਵੀ ਚੰਗਾ ਸਤਿਕਾਰ ਬਣਿਆ ਹੋਇਆ ਸੀ। ਉਨ੍ਹਾਂ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਉਹ ਸਮਾਜ ਦੇ ਹਰ ਕਾਰਜ ਵਿਚ ਹਿੱਸਾ ਲੈਣ ਲਈ ਸਦਾ ਤੱਤਪਰ ਰਹੇ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਉੱਚ ਸਿੱਖਿਆ ਦੇ ਕੇ ਚੰਗੇ ਗੁਣਾਂ ਦੇ ਧਾਰਨੀ ਅਤੇ ਸਮਾਜ ਸੇਵਾ ਨਾਲ ਜੋੜਿਆ। ਉਨ੍ਹਾਂ ਦੀ ਦਿੱਤੀ ਸਿੱਖਿਆ ਦਾ ਹੀ ਅਸਰ ਹੈ ਕਿ ਅੱਜ ਦੇ ਸਮੇਂ ਵਿਚ ਵੀ ਗੁਰਜਤਿੰਦਰ ਸਿੰਘ ਰੰਧਾਵਾ ਦੇ ਘਰ ਵਿਚ ਚਾਰ ਪੀੜ੍ਹੀਆਂ ਇਕੋ ਘਰ, ਇਕੋ ਛੱਤ ਥੱਲੇ ਇਕੱਠੀਆਂ ਰਹਿ ਰਹੀਆਂ ਹਨ, ਜੋ ਅਜੋਕੇ ਸਮਾਜ ਲਈ ਇਕ ਮਿਸਾਲ ਹੈ। ਪਿੱਛੇ ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੇ ਧਰਮਪਤਨੀ ਬੀਬੀ ਸਤਵੰਤ ਕੌਰ ਜੀ, ਸਪੁੱਤਰ ਗੁਰਜਤਿੰਦਰ ਸਿੰਘ ਰੰਧਾਵਾ, ਤਿੰਨ ਧੀਆਂ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਅਤੇ ਪੜਪੋਤੇ-ਪੜਪੋਤੀਆਂ ਨਾਲ ਭਰਿਆ ਪਰਿਵਾਰ ਖੁਸ਼ਹਾਲ ਜੀਵਨ ਜੀਅ ਰਿਹਾ ਹੈ ਅਤੇ ਸਾਰਾ ਪਰਿਵਾਰ ਅਮਰੀਕਾ ਵਿਚ ਵੈਲ ਸੈਟਲਡ ਹੈ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ. ਗੁਰਜਤਿੰਦਰ ਸਿੰਘ ਰੰਧਾਵਾ ਨਾਲ 916-320-9444 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।