ਪੰਜਾਬੀ ਲਿਖਾਰੀ ਸਭਾ ਨੇ ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਪੰਜਾਬੀ ਲਿਖਾਰੀ ਸਭਾ ਨੇ ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਹੈਲਥ ਹੀਲਿੰਗ ਦੇ ਡਾਕਟਰਾਂ ਨੇ ਸਿਹਤ ਸਬੰਧੀ ਵਿਚਾਰ ਸਾਂਝੇ ਕੀਤੇ
ਸਿਆਟਲ/ਬਿਊਰੋ ਨਿਊਜ਼ :
ਪੰਜਾਬੀ ਲਿਖਾਰੀ ਸਭਾ ਸਿਆਟਲ ਰਜਿ. ਵਲੋਂ ਚੰਗੀ ਸਿਹਤ ਚੇਤਨਾ ਮੀਟਿੰਗ ਬੀਤੇ ਦਿਨੀਂ ਇਥੋਂ ਦੇ ਗੁਰਦੁਆਰਾ ਸਿੰਘ ਸਭਾ ਰੈਂਟਨ ਦੇ ਗੈਸਟ ਹਾਊਸ ਵਿਚ ਹੋਈ। ਇਸ ਵਿਚ ਗੈਰ ਲਾਭਕਾਰੀ ਸੰਸਥਾ ‘ਹੈਲਥ ਹੀਲਿੰਗ’ ਦੇ ਡਾਕਟਰਾਂ ਡਾ. ਸੁਧੀਰ ਰਲ੍ਹਨ (425-614-1282), ਡਾ. ਵਿਕਾਸ ਸ਼ਰਮਾ (425-892-4337), ਮਨਜੀਤ ਕੌਰ ਗਿਲ (253-283-3145), ਡਾ. ਸੁਰਿੰਦਰ ਸਿੰਘ ਗਿੱਲ ਨੇ ਸਿਹਤ ਸਬੰਧੀ ਵਿਚਾਰ ਸਾਂਝੇ ਕੀਤੇ। ਅਜੋਕੇ ਭੱਜ-ਦੌੜ ਦੇ ਦੌਰ ਵਿਚ ਮਨੋਵਿਗਿਆਨਕ ਅਤੇ ਸਰੀਰਕ ਰੋਗਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ, ਬਾਰੇ ਸਵਾਲ ਜਵਾਬ ਹੋਏ। ਇਹ ਸੰਸਥਾ ਅਜਿਹੀਆਂ ਉਲਝਣਾਂ ਦੇ ਹੱਲ ਲਈ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਦੀ ਹੈ। ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਸਲਾਹ-ਮਸ਼ਵਰਾ ਲੈਣ ਲਈ ਸਬੰਧਤ ਡਾਕਟਰਾਂ ਨਾਲ ਉਨ੍ਹਾਂ ਦੇ ਫੋਨਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੀਟਿੰਗ ਵਿਚ ਅਵਤਾਰ ਸਿੰਘ ਆਦਮਪੁਰੀ, ਜੰਗਪਾਲ ਸਿੰਘ, ਡਾ. ਜੰਗ ਬਹਾਦਰ ਸਿੰਘ, ਸਾਧੂ ਸਿੰਘ ਝੱਜ, ਅਮਰਜੀਤ ਸਿੰਘ ਤਰਸਿਕਾ, ਜੁਗਰਾਜ ਸਿੰਘ ਬਰਾੜ, ਸੁਰਿੰਦਰ ਕੌਰ ਅਤੇ ਗੁਰਦੇਵ ਸਿੰਘ ਸੋਹਲ ਸ਼ਾਮਲ ਹੋਏ। ਇਸ ਮੌਕੇ ਪੰਥ ਦੇ ਮਹਾਨ ਸੇਵਕ ਲੇਖਕ ਅਤੇ ਚਿੰਤਕ ਵਿਦਵਾਨ ਸ. ਰਘਬੀਰ ਸਿੰਘ ਬੈਂਸ ਅਤੇ ਨਾਵਲਕਾਰ ਅਤੇ ਕਹਾਣੀਕਾਰ ਲੇਖਕਾ ਸ਼ੁਸ਼ੀਲ ਕੌਰ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ, ਲਈ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੋਹਾਂ ਵਲੋਂ ਪੰਜਾਬੀ ਮਾਂ ਬੋਲੀ ਲਈ ਕੀਤੀ ਸੇਵਾ ਦੀ ਸ਼ਲਾਘਾ ਕੀਤੀ। ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਮਾਹੌਲ ਖੁਸ਼ਗਵਾਰ ਬਣਾਈ ਰੱਖਿਆ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਸਰੀਰਕ ਤੇ ਮਾਨਸਿਕ ਰੋਗਾਂ,  ਘਰੇਲੂ ਪ੍ਰੇਸ਼ਾਨੀਆਂ, ਰਿਸ਼ਤਿਆਂ ਵਿੱਚ ਕੁੜੱਤਣ ਸਬੰਧੀ ਸਵਾਲਾਂ ਦੇ ਜਵਾਬ ਲਈ ਡਾਕਟਰਾਂ ਦੀ ਮਦਦ ਲਈ ਜਾ ਸਕਦੀ ਹੈ। ਇਹ ਸਾਰੇ ਡਾਕਟਰ ਮੁਫ਼ਤ ਵਿਚ ਆਪਣੀਆਂ ਸੇਵਾਵਾਂ ਦਿੰਦੇ ਹਨ। ਇਨ੍ਹਾਂ ਨਾਲ ਪੰਜਾਬੀ, ਹਿੰਦੀ ਜਾਂ ਇੰਗਲਿਸ਼ ਵਿਚ ਗੱਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬੀ ਲਿਖਾਰੀ ਸਭਾ ਨਾਲ 253-335-6062 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।