ਗੁਰਦੁਆਰਾ ਸਾਹਿਬ ਸੈਨਹੋਜ਼ੇ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ

ਗੁਰਦੁਆਰਾ ਸਾਹਿਬ ਸੈਨਹੋਜ਼ੇ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ

ਗੁਰਦੁਆਰਾ ਸਾਹਿਬ ਸੈਨਹੋਜ਼ੇ ਦੀ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਸਲੇਟ ਵਿਚਕਾਰ ਹੋਏ ਸਮਝੌਤੇ ਦੇ ਦਸਤਾਵੇਜ਼ ਦੀ ਕਾਪੀ।
ਸੈਨਹੋਜ਼ੇ/ਬਿਊਰੋ ਨਿਊਜ਼:
ਗੁਰਦੁਆਰਾ ਸਾਹਿਬ ਸੈਨਹੋਜ਼ੇ ਦੀ ਪ੍ਰਬੰਧਕ ਕਮੇਟੀ ਦੀ 1 ਅਕਤੂਬਰ ਨੂੰ ਹੋਣ ਜਾ ਰਹੀ ਚੋਣ ਵਿੱਚ ਮੌਜੂਦਾ ਪ੍ਰਬੰਧਕਾਂ ਅਤੇ ਸਾਧ ਸੰਗਤ ਸਲੇਟ ਵਿਚਕਾਰ ਸਮਝੌਤਾ ਹੋ ਗਿਆ ਹੈ, ਜਿਸ ਅਧੀਨ ਮੌਜੂਦਾ ਪ੍ਰਬੰਧਕ ਕਮੇਟੀ ਹੀ ਅਗਲੇ ਦੋ ਸਾਲ ਲਈ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰੇਗੀ ਪਰ ਸੰਵਿਧਾਨ ਵਿੱਚ ਕੋਈ ਵੀ ਸੋਧ ਨਹੀ ਕਰੇਗੀ। ਮੌਜੂਦਾ ਪ੍ਰਬੰਧਕ ਸੰਵਿਧਾਨ ਵਿੱਚ ਤਰਮੀਮ ਕਰਕੇ ਆਪਣੀ ਮਿਆਦ ਦੋ ਸਾਲ ਤੋਂ ਚਾਰ ਸਾਲ ਕਰਨਾ ਚਾਹੁੰਦੇ ਸਨ ਜਿਸ ਨੂੰ ਰੋਕਣ ਲਈ ਹੀ ਸਾਧ ਸੰਗਤ ਸਲੇਟ ਨੇ ਚੋਣ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਸੀ।
ਭਾਈ ਜਸਵੰਤ ਸਿੰਘ ਹੋਠੀ ਨੇ ਕਿਹਾ ਕਿ ਸਾਧ ਸੰਗਤ ਦਾ ਇਸ ਚੋਣ ਵਿਚ ਭਾਗ ਲੈਣ ਦਾ ਮੁੱਖ ਮੰਤਵ ਹੀ ਸੰਵਿਧਾਨ ਵਿਚ ਹੋ ਰਹੀ ਤਰਮੀਮਾਂ ਰੋਕਣਾ ਸੀ। ਜਦੋਂ ਮੌਜੂਦਾ ਪ੍ਰਬੰਧਕਾਂ ਨੇ ਇਹ ਮੱਦ ਵਾਪਸ ਲੈ ਲਈ ਤਾਂ ਅਸੀਂ ਵੀ ਚੋਣ ਵਿਚੋਂ ਆਪਣੇ ਨਾਮ ਵਾਪਸ ਲੈ ਲਏ ਹਨ। ਉਹਨਾਂ ਨੇ ਕਿਹਾ ਕਿ ਇਸ ਸਮਝੌਤੇ ਵਿਚ ਸਾਡੇ ਮੌਜੂਦਾ ਪ੍ਰਬੰਧਕਾਂ ਵਿਚ ਇਕ ਰਾਏ ਬਣਾਈ ਗਈ ਹੈ ਕਿ ਇਕ-ਦੂਜੇ ਨਾਲ ਸਹਿਯੋਗ ਕਰਦੇ ਹੋਏ ਪੰਥ ਦੀ ਅਤੇ ਗੁਰਦੁਆਰਾ ਸਾਹਿਬ ਦੀ ਚੜ੍ਹਦੀ ਕਲਾ ਲਈ ਉਪਰਾਲੇ ਕੀਤੇ ਜਾਣਗੇ।
ਉਹਨਾਂ ਕਿਹਾ ਕਿ ਸਾਧ ਸੰਗਤ ਸਲੇਟ ਦਾ ਮੁੱਖ ਉਦੇਸ਼ ਕਮੇਟੀ ਵਿਚ ਆਉਣਾ ਨਹੀਂ ਬਲਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਾਰਦਰਸ਼ੀ ਬਨਾਉਣਾ, ਚੋਣ ਪ੍ਰਬੰਧ ਅਤੇ ਸੰਵਿਧਾਨ ਨੂੰ ਬਰਕਰਾਰ ਰੱਖਣਾ ਹੈ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਸ਼ਾਇਦ ਆਲੇ-ਦੁਆਲੇ ਸਿੱਖ ਸੰਸਥਾਵਾਂ ਜਾਂ ਗੁਰਦੁਆਰਾ ਸਾਹਿਬਾਨਾਂ ਵਿਚ ਸ਼ਾਂਤੀ ਦਾ ਮਾਹੌਲ ਬਣਾਉਣ ਲਈ ਸਹਾਈ ਹੋਵੇ। ਉਹਨਾਂ ਨੇ ਆਪਣੇ ਸਲੇਟ ਦੇ ਮੈਬਰਾਂ ਖਾਸਕਰ ਭਾਈ ਗੁਰਮੇਲ ਸਿੰਘ ਬਾਠ, ਡਾਕਟਰ ਪ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ, ਐਸ ਪੀ ਸਿੰਘ ਅਤੇ ਮੌਜੂਦਾ ਪ੍ਰਬੰਧਕਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਇਹਨਾਂ ਦੋਹਾਂ ਧੜਿਆਂ ਨੂੰ ਆਹਮੋ-ਸਾਹਮਣੇ ਬਿਠਾਉਣ ਵਿਚ ਸਿੱਖ ਪੰਚਾਇਤ ਦੇ ਐਸ.ਪੀ. ਸਿੰਘ ਨੇ ਅਹਿਮ ਭੂਮਿਕਾ ਨਿਭਾਈ ਅਤੇ ਦੋਵੇਂ ਧਿਰਾਂ ਇਸ ਸਹਿਮਤੀ ਲਈ ਵਧਾਈ ਦੀਆਂ ਪਾਤਰ ਹਨ।