ਮਾਸਟਰ ਦੀਪਕ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਮਾਸਟਰ ਦੀਪਕ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਯੂਨੀਅਨ ਸਿਟੀ/ਬਿਊਰੋ ਨਿਊਜ਼ :
ਫਰਿਜ਼ਨੋਂ ਲਾਗੇ ਹਾਦਸੇ ਵਿਚ ਮਾਰੇ ਗਏ 5 ਪੰਜਾਬੀਆਂ ‘ਚੋਂ ਜੋਤਿਸ਼ ਵਿਗਿਆਨੀ ਮਾਸਟਰ ਦੀਪਕ ਦੀਆਂ ਅੰਤਿਮ ਰਸਮਾਂ ਇੱਥੇ ਚੈਪਲ ਆਫ ਚਾਈਮਜ਼ ਮਿਸ਼ਨ ਬੁਲੇਵਾਰਡ ‘ਚ ਕੀਤੀਆਂ ਗਈਆਂ। ਉਨ੍ਹਾਂ ਦੀ ਮ੍ਰਿਤਕ ਦੇਹ ਦੀ ਚਿਖਾ ਨੂੰ ਗੜ੍ਹਸ਼ੰਕਰ (ਪੰਜਾਬ) ਤੋਂ ਉਚੇਚੇ ਤੌਰ ‘ਤੇ ਪੁੱਜੇ ਉਨ੍ਹਾਂ ਦੇ ਪਿਤਾ ਸ੍ਰੀ ਲਛਮਣ ਦਾਸ ਨੇ ਅਗਨੀ ਵਿਖਾਈ। ਇਸ ਤੋਂ ਪਹਿਲਾਂ ਵੱਡੀ ਗਿਣਤੀ ‘ਚ ਆਏ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਉਨ੍ਹਾਂ ਦੀ ਸ਼ਵ ਯਾਤਰਾ ਵਿਚ ਸ਼ਿਰਕਤ ਕੀਤੀ। ਸ਼ਰਧਾਂਜਲੀ ਸਮਾਗਮ ਮੌਕੇ ਉਨ੍ਹਾਂ ਦੇ ਕਰੀਬੀ ਰਹੇ ਅਟਾਰਨੀ ਅਸ਼ਵਨੀ ਭਾਖੜੀ, ਰਾਜ ਭਨੋਟ, ਐੱਸ ਅਸ਼ੋਕ ਭੌਰਾ ਨੇ ਮਾਸਟਰ ਦੀਪਕ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਪਿਤਾ ਲਛਮਣ ਦਾਸ ਨੇ ਕਿਹਾ ਕਿ ਮਾਸਟਰ ਦੀਪਕ ਗੜ੍ਹਸ਼ੰਕਰ ਦਾ ਹੀਰਾ ਪੁੱਤ ਸੀ ਤੇ ਉਸ ਦੀਆਂ ਸਮਾਜਿਕ ਸੇਵਾਵਾਂ ਬਦਲੇ ਉਸ ਨੂੰ ਭਾਈਚਾਰਕ ਤੌਰ ‘ਤੇ ਬਹੁਤ ਵਡਿਆਇਆ ਤੇ ਸਲਾਹਿਆ ਜਾਂਦਾ ਸੀ। ਪੰਜਾਬ ਕਲਚਰਲ ਐਸੋਸੀਏਸ਼ਨ ਦੇ ਮਿੱਕੀ ਸਰਾਂ ਨੇ ਕਿਹਾ ਕਿ ਬੇ-ਏਰੀਆ ਦੀਆਂ ਸੱਭਿਆਚਾਰਕ ਗਤੀਵਿਧੀਆਂ ਨੂੰ ਮਾਸਟਰ ਦੇ ਦੀਪਕ ਦੇ ਤੁਰ ਜਾਣ ਨਾਲ ਬਹੁਤ ਵੱਡਾ ਝਟਕਾ ਲੱਗਾ ਹੈ। ਬੀਬੀ ਆਸ਼ਾ ਸ਼ਰਮਾ ਨੇ ਵੀ ਮਾਸਟਰ ਦੀਪਕ ਦੀ ਮੌਤ ਨੂੰ ਸਮੁੱਚੇ ਭਾਈਚਾਰੇ ਲਈ ਗਹਿਰਾ ਸਦਮਾ ਦੱਸਿਆ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਉੱਘੇ ਪ੍ਰਮੋਟਰ ਜੱਸੀ ਬੰਗਾ, ਸਿਵਾ ਲੀਨਾ ਭਾਟੀਆ, ਪਰਮਜੀਤ ਕੌਰ, ਸਤੀਸ਼ ਕੁਮਾਰ, ਸੰਜੀਵ ਸਕਸੈਨਾ ਵੀ ਸ਼ਾਮਲ ਸਨ। ਪਰਿਵਾਰ ਨਾਲ ਨੇੜਤਾ ਰੱਖਣ ਵਾਲੇ ਅਤੇ ਇਨ੍ਹਾਂ ਰਸਮਾ ਨੂੰ ਪ੍ਰਮੁੱਖ ਰੂਪ ਵਿਚ ਵੱਡੇ ਦਰਦ ਨਾਲ ਸਾਰੀਆਂ ਰਸਮਾ ਨਿਭਾਉਣ ਵਾਲੇ ਅਵਤਾਰ ਲਾਖਾ ਨੇ ਵੀ ਮਾਸਟਰ ਦੀਪਕ ਨੂੰ ਹੰਝੂਆਂ ਭਰੀ ਵਿਦਾਇਗੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਵੱਡੇ ਭਰਾ ਨੂੰ ਹੋਣੀ ਨੇ ਬੇਵਕਤ ਹੀ ਖੋਹ ਲਿਆ ਹੈ। ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਹੇਵਰਡ ਵਿਖੇ ਹੋਈ ਅਤੇ ਇਨ੍ਹਾਂ ਪੰਜਾਂ ਦਾ ਭਰ ਜੋਬਨ ਵਿਚ ਤੁਰ ਜਾਣਾ ਸਮੁੱਚੇ ਭਾਈਚਾਰੇ ਦੀ ਪੀੜਾ ਬਿਆਨ ਕਰ ਰਿਹਾ ਸੀ।