ਸੈਨਹੋਜ਼ੇ ਗੁਰਦੁਆਰੇ ਦਾ ਕੇਸ ਦੁਬਾਰਾ ਕਚਹਿਰੀ ਵਿਚ ਜਾਣ ਦੇ ਆਸਾਰ

ਸੈਨਹੋਜ਼ੇ ਗੁਰਦੁਆਰੇ ਦਾ ਕੇਸ ਦੁਬਾਰਾ ਕਚਹਿਰੀ ਵਿਚ ਜਾਣ ਦੇ ਆਸਾਰ

ਬਾਬ ਢਿੱਲੋਂ ਦੇ ਤਾਨਾਸ਼ਾਹੀ ਰਵੱਈਏ ਤੋਂ ਕਈ ਕਮੇਟੀ ਮੈਂਬਰ ਵੀ ਦੁਖੀ
‘ਕੇਸਾਂ ਵਿੱਚ ਸਾਥ ਦੇਣ ਵਾਲੇ ਪਰੀਤਮ ਸਿੰਘ ਗਰੇਵਾਲ ਤੇ ਹੋਰਨਾਂ ਨੂੰ ਕੱਖੋਂ ਹੌਲੇ ਕੀਤਾ’
ਸੈਨਹੋਜ਼ੇ/ਬਿਊਰੋ ਨਿਊਜ਼:
ਗੁਰਦੁਆਰਾ ਸਾਹਿਬ ਸੈਨ ਹੋਜ਼ੇ ਦਾ ਕੇਸ ਦੁਬਾਰਾ ਕਚਹਿਰੀ ਵਿਚ ਜਾਣ ਦੇ ਆਸਾਰ ਨਜ਼ਰ ਆ ਰਹੇ ਹਨ। ਵਰਨਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਗੁਰਦਆਰਾ ਸਾਹਿਬ ਸੈਨਹੋਜ਼ੇ ਕਚਹਿਰੀ ਕੇਸਾਂ ਵਿਚ ਇਕ ਮਿਲੀਅਨ ਡਾਲਰ ਤੋਂ ਉਪਰ ਸੰਗਤ ਦੀ ਗੋਲਕ ਵਿਚੋਂ ਲਾ ਚੁੱਕਿਆ ਹੈ, ਜਿਸ ਦਾ ਕਾਰਨ ਸਿਰਫ਼ ਤੇ ਸਿਰਫ਼ ਬਾਬ ਢਿਲੋਂ ਦਾ ਹੈਂਕੜੀ ਰਵੱਈਆ ਅਤੇ ਕਬਜ਼ੇ ਨੂੰ ਬਰਕਰਾਰ ਰੱਖਣ ਦੀਆਂ ਚਾਲਾਂ ਹੀ ਸਨ। ਦੋ ਸਾਲ ਪਹਿਲਾਂ ਕੋਰਟ ਦੀ ਨਿਗਰਾਨੀ ਹੇਠ ਚੋਣਾਂ ਹੋਈਆਂ ਸਨ ਅਤੇ ਸੰਗਤ ਨੇ ਸਮਝਿਆ ਕਿ ਹੁਣ ਸ਼ਾਇਦ ਸੁੱਖ ਦਾ ਸਾਹ ਆਵੇ ਪਰ ਆਦਤਾਂ ਤੋਂ ਮਜਬੂਰ ਬਾਬ ਢਿਲੋਂ ਗ਼ੈਰਕਾਨੂੰਨੀ ਢੰਗ ਨਾਲ ਸੰਵਿਧਾਨ ਵਿਚੋਂ ਸੋਧਾਂ ਕਰਦਾ ਆ ਰਿਹਾ ਹੈ ਤਾਂ ਜੋ ਕਮੇਟੀ ‘ਤੇ ਕਬਜ਼ਾ ਬਰਕਰਾਰ ਰੱਖਿਆ ਜਾਵੇ ਅਤੇ ਮਨਮਰਜ਼ੀ ਨਾਲ ਖਰਚਾ ਵੀ ਕੀਤਾ ਜਾਵੇ। ਪਿਛਲੇ ਸਾਲ ਬਾਬ ਢਿਲੋਂ ਨੇ ਸੰਗਤ ਵਿਚ ਹੱਥ ਖੜ੍ਹੇ ਕਰਾ ਕੇ ਕਮੇਟੀ ਵਲੋਂ ਖਰਚਾ ਕਰਨ ਦੀ ਲਿਮਟ $50,000 ਡਾਲਰ ਤੋਂ ਵਧਾ ਕੇ $2,50,000 ਡਾਲਰ ਕਰ ਲਈ ਹੈ। ਇਸਤੋਂ ਇਲਾਵਾ ਹਰੇਕ ਮੈਂਬਰ ਨੂੰ ਕਮੇਟੀ ਦੀ ਚੋਣ ਲੜਨ ਲਈ $1000 ਡਾਲਰ ਦੀ ਫੀਸ ਵੀ ਲਾ ਦਿੱਤੀ ਤਾਂ ਜੋ ਖੇਡ ਸਿਰਫ਼ ਅਮੀਰਾਂ ਦੇ ਹੱਥ ਹੀ ਰਹਿ ਸਕੇ ਅਤੇ ਆਮ ਨੌਕਰੀ ਕਰਨ ਵਾਲਾ ਬੰਦਾ ਇਲੈਕਸ਼ਨ ਵਿਚ ਖੜ੍ਹਾ ਹੀ ਨਾ ਹੋ ਸਕੇ। ਇਹ ਸੋਧਾਂ ਗ਼ੈਰ ਸੰਵਿਧਾਨਿਕ ਹਨ ਕਿਉਂਕਿ ਜਦੋਂ ਮੈਂਬਰਸ਼ਿਪ ਬਣ ਜਾਵੇ ਤਾਂ ਸੋਧਾਂ ਵੋਟਾਂ ਪਾ ਕੇ ਹੀ ਹੋ ਸਕਦੀਆਂ ਹਨ।

ਇਹਨਾਂ ਸੋਧਾਂ ਤੋਂ ਬਾਅਦ ਹੁਣ ਬਾਬ ਢਿੱਲੋਂ ਅਤੇ ਉਹਦੇ ਸਾਥੀ ਕਮੇਟੀ ਦੀ ਮਿਆਦ ਵੀ 2 ਸਾਲ ਤੋਂ ਵਧਾ ਕੇ 4 ਸਾਲ ਕਰਨਾ ਚਾਹੁੰਦੇ ਹਨ ਜਿਸ ਨਾਲ ਕੁੱਝ ਕਮੇਟੀ ਮੈਂਬਰ ਵੀ ਸਹਿਮਤ ਨਹੀਂ। ‘ਅੰਮ੍ਰਿਤਸਰ ਟਾਈਮਜ਼’ ਨਾਲ ਗੱਲਬਾਤ ਕਰਦਿਆਂ ਇੱਕ ਕਮੇਟੀ ਨੇ ਕਿਹਾ ਕਿ ”ਬਾਬ ਢਿਲੋਂ ਨੂੰ ਜੀ-ਹਜ਼ੂਰੀਏ ਚਾਹੀਦੇ ਹਨ। ਜਿਹੜਾ ਕੋਈ ਆਜ਼ਾਦਾਨਾ ਸੋਚ ਰੱਖਦੈ ਉਹਨੂੰ ਇਹ ਖੂੰਜੇ ਲਾ ਦਿੰਦਾ ਹੈ। ਸਾਡੀ ਹੁਣ ਕਮੇਟੀ ਵਿਚ ਕੋਈ ਨਹੀਂ ਚਲਦੀ ਅਤੇ ਬਾਕੀ ਦੇ ਇਹਦੇ ਚਮਚੇ ਹੀ ਹਨ। ਬੱਸ ਕਮੇਟੀ ਮਾਮਾ-ਭਾਣਜਾ (ਬਾਬ ਢਿਲੋਂ ਅਤੇ ਸੁਖਦੇਵ ਸਿੰਘ ਬੈਨੀਪਾਲ) ਹੀ ਚਲਾਉਂਦੇ ਹਨ। ਪਰੀਤਮ ਸਿੰਘ ਗਰੇਵਾਲ ਵਰਗੇ ਜਿਹਨਾਂ ਨੇ ਹਜ਼ਾਰਾਂ ਡਾਲਰ ਗੁਰੂਘਰ ਨੂੰ ਦਿੱਤਾ ਹੈ ਅਤੇ ਜਿਹੜਾ ਬਾਬ ਢਿੱਲੋਂ ਨਾਲ ਕੋਰਟ ਕੇਸਾਂ ਵਿਚ ਚਟਾਨ ਵਾਂਗ ਖੜ੍ਹਾ ਰਿਹਾ ਹੈ, ਨੂੰ ਵੀ ਇਸ ਨੇ ਕੱਖੋਂ ਹੌਲੇ ਕਰ ਦਿੱਤਾ ਹੈ।” ਉਸ ਨੇ ਇਹ ਵੀ ਦਸਿਆ ਕਿ ਕਮੇਟੀ ਵਿਚ ਬਹੁਤੇ ਮੈਂਬਰ $1000 ਡਾਲਰ ਦੀ ਫੀਸ ਅਤੇ 4 ਸਾਲ ਦੀ ਮਿਆਦ ਵਧਾਉਣ ਨਾਲ ਵੀ ਸਹਿਮਤ ਨਹੀਂ।

ਭਾਈ ਜਸਵੰਤ ਸਿੰਘ ਹੋਠੀ ਨੇ ‘ਅੰਮ੍ਰਿਤਸਰ ਟਾਈਮਜ਼’ ਨੂੰ ਦਸਿਆ ਕਿ ਉਹਨਾਂ ਦੇ ਧੜੇ ਦਾ ਇਹਨਾਂ ਇਲੈਕਸ਼ਨਾਂ ਵਿਚ ਹਿੱਸਾ ਜਾਂ ਦਖ਼ਲ ਦੇਣ ਦਾ ਕੋਈ ਇਰਾਦਾ ਨਹੀਂ ਸੀ ਪਰ ਉਹ 4 ਸਾਲ ਦੀ ਮਿਆਦ ਨਾਲ ਸਹਿਮਤ ਨਹੀਂ ਅਤੇ ਨਾ ਹੀ ਉਹ ਦੀਵਾਨ ਹਾਲ ਵਿਚ ਹੱਥ ਖੜ੍ਹੇ ਕਰਵਾ ਕੇ ਸਵਿਧਾਨ ਦੀਆਂ ਸੋਧਾਂ ਨਾਲ ਸਹਿਮਤ ਹਨ। ਉਹਨਾਂ ਨੇ ਕਿਹਾ ਕਿ ਮਿਲੀਅਨ ਡਾਲਰ ਖਰਚ ਕੇ ਕੋਰਟ ਨੇ ਇਕ ਸਿਸਟਮ ਤਿਆਰ ਕੀਤਾ ਸੀ ਅਤੇ ਬਾਬ ਢਿਲੋਂ ਇਸ ਨੂੰ ਬਿਲਕੁਲ ਨਹੀਂ ਮੰਨ ਰਿਹਾ ਅਤੇ ਨਾ ਹੀ ਉਸ ਸਿਸਟਮ ਅਧੀਨ ਇਸ ਵਾਰ ਵੋਟਾਂ ਦੀ ਰਜਿਸਟਰੇਸ਼ਨ ਹੋਈ ਹੈ। ਬਾਬਾ ਢਿਲੋਂ ਨੂੰ ਸ਼ਾਇਦ ਭੁਲੇਖਾ ਹੈ ਕਿ ਸ਼ਾਇਦ ਹੁਣ ਕੋਰਟ ਵਿਚ ਕੋਈ ਨਾ ਜਾਵੇ ਕਿਉਂਕਿ ਇਸ ਨੇ ਪਹਿਲਾਂ ਸਾਨੂੰ ਕਈ ਸਾਲ ਖੱਜਲ-ਖੁਆਰ ਕੀਤਾ ਹੈ ਪਰ ਅਸੀਂ ਹਰ ਧੱਕੇ ਵਿਰੁੱਧ ਸੰਗਤ ਵਿਚ ਵੀ ਜਾਵਾਂਗੇ ਅਤੇ ਜੇ ਲੋੜ ਪਈ ਤਾਂ ਕਚਹਿਰੀ ਦਾ ਦਰਵਾਜ਼ਾ ਦੁਬਾਰਾ ਵੀ ਖੜ੍ਹਕਾ ਸਕਦੇ ਹਾਂ।
ਭਾਈ ਭਾਈ ਜਸਵੰਤ ਸਿੰਘ ਹੋਠੀ ਨੇ ਦਸਿਆ ਕਿ ਅਸੀਂ ਬਾਬ ਢਿਲੋਂ ਅਤੇ ਕਮੇਟੀ ਨੂੰ ਚਿੱਠੀ ਦਿੱਤੀ ਹੈ ਜਿਸ ਵਿਚ ਮੀਟਿੰਗ ਦੀ ਮੰਗ ਕੀਤੀ ਹੈ ਅਤੇ ਉਸ ਵਿਚ ਏਜੰਡਾ ਆਈਟਮਾਂ ਇਸ ਪ੍ਰਕਾਰ ਹਨ :
1. ਕੋਰਟ ਵਲੋਂ ਲਾਗੂ ਸਿਸਟਮ ਅਧੀਨ ਵੋਟਾਂ ਕਿਉਂ ਨਹੀਂ ਹੋ ਰਹੀਆਂ?
2. $1000 ਡਾਲਰ ਦੀ ਫੀਸ ਸਿੱਖ ਸਿਧਾਂਤ ਵਿਰੋਧੀ ਹੈ।
3. ਕਮੇਟੀ ਮੈਂਬਰ ਦੀ ਮਿਆਦ 2 ਤੋਂ 4 ਸਾਲ ਠੀਕ ਨਹੀਂ.
4. ਹੱਥ ਖੜ੍ਹੇ ਕਰਕੇ ਸੋਧਾਂ ਨੂੰ ਪ੍ਰਵਾਨਗੀ ਨਹੀਂ ਆਦਿ.

ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਬਾਬ ਢਿਲੋਂ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਨਹੀਂ ਕੱਢਦਾ ਤਾਂ ਸਾਨੂੰ ਮਜਬੂਰਨ ਕਚਹਿਰੀ ਦਾ ਦਰਵਾਜ਼ਾ ਖੜਕਾਉਣਾ ਪਏਗਾ। ਉਹਨਾਂ ਨੇ ਸੈਨਹੋਜ਼ੇ ਗੁਰਦੁਆਰੇ ਦੇ ਪ੍ਰਬੰਧ ਵਿੱਚ ਖਾਮੀਆਂ ਦੇ ਸੁਆਲ ਦਾ ਜੁਆਬ ਦਿੰਦੇ ਦਸਿਆ ਕਿ ਅਸੀਂ ਕੰਮ-ਕਾਜ ਬਾਰ ਹੀਲੇ ਕੁੱਝ ਨਹੀਂ ਕਹਿਣਾ ਚਾਹੁੰਦੇ ਪਰ ਖਾਲਸਾ ਸਕੂਲ ਬਹੁਤ ਵਧੀਆ ਚੱਲ ਰਿਹਾ ਹੈ। ਅਸੀਂ ਸਿਰਫ ਸੰਵਿਧਾਨ ਦੀਆਂ ਧੱਕੇ ਨਾਲ ਕੀਤੀਆਂ ਜਾ ਰਹੀਆਂ ਸੋਧਾਂ ਦੇ ਵਿਰੁਧ ਹਾਂ ਅਤੇ ਉਹਨਾਂ ਨੂੰ ਰੋਕਨ ਲਈ ਪਹਿਲਾਂ ਅਖਬਾਰਾਂ ਦੇ ਜ਼ਰੀਏ ਅਤੇ ਇਸ ਹਫਤੇ ਸੰਗਤੀ ਰੂਪ ਵਿੱਚ ਕਮੇਟੀ ਨੂੰ ਬੇਨਤੀ ਵੀ ਕਰਾਂਗੇ। ਪਰ ਜੇ ਇਹ ਫਿਰ ਵੀ ਨਹੀਂ ਮੰਨਦੇ ਤਾਂ ਸਾਡੇ ਕੋਲ ਕਚਹਿਰੀ ਜਾਣ ਬਿਨਾ ਕੋਈ ਰਸਤਾ ਨਹੀਂ ਰਹਿ ਜਾਂਦਾ। ਅਸੀਂ ਸੰਗਤ ਨੂੰ ਵੀ ਅਪੀਲ ਕਰਦੇ ਹਾਂ ਕਿ ਬਾਬ ਢਿੱਲੋਂ ਨੂੰ ਇਹ ਗਲਤ ਕੰਮ ਕਰਨ ਤੋਂ ਰੋਕਣ ਲਈ ਸਾਡਾ ਸਾਥ ਦਵੇ।