ਪੰਜਾਬੀ ਕਾਮੇਡੀ ਦੇ ਬੇਤਾਜ ਬਾਦਸ਼ਾਹ ਮੇਹਰ ਮਿੱਤਲ ਦਾ ਦੇਹਾਂਤ

ਪੰਜਾਬੀ ਕਾਮੇਡੀ ਦੇ ਬੇਤਾਜ ਬਾਦਸ਼ਾਹ ਮੇਹਰ ਮਿੱਤਲ ਦਾ ਦੇਹਾਂਤ

ਚੰਡੀਗੜ੍ਹ/ਬਿਊਰੋ ਨਿਊਜ਼ :
ਸੋਸ਼ਲ ਮੀਡੀਆ ਉਤੇ ਦੋ ਹਫ਼ਤੇ ਪਹਿਲਾਂ ਪੰਜਾਬੀ ਸਿਨੇਮਾ ਦੇ ਹਾਸਰਸ ਕਲਾਕਾਰ ਮੇਹਰ ਮਿੱਤਲ ਦੇ ਦੇਹਾਂਤ ਦੀ ਅਫ਼ਵਾਹ ਫੈਲੀ ਸੀ। ਇਹ ਅਫਵਾਹ ਇੰਨੀ ਤੇਜ਼ੀ ਨਾਲ ਫੈਲੀ ਕਿ ਪੰਜਾਬੀ ਫਿਲਮ ਸਨਅਤ ਨਾਲ ਜੁੜੀਆਂ ਕਈ ਹਸਤੀਆਂ ਨੇ ਆਪਣੇ ਫੇਸਬੁੱਕ ਪੇਜ਼ ਉਤੇ ਸੋਕ ਸੁਨੇਹੇ ਪਾ ਦਿੱਤੇ। 300 ਤੋਂ ਵੱਧ ਫਿਲਮਾਂ ਕਰ ਚੁੱਕੇ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਇਸ ਕਲਾਕਾਰ ਦੇ ਦੇਹਾਂਤ ਦੀ ਅਫ਼ਵਾਹ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ ਸੱਚ ਹੋ ਗਈ। ਉਨ੍ਹਾਂ ਲੰਮੀ ਬਿਮਾਰੀ ਮਗਰੋਂ ਮਾਊਂਟ ਆਬੂ ਵਿੱਚ ਆਖ਼ਰੀ ਸਾਹ ਲਿਆ। ਅੰਤਮ ਰਸਮਾਂ ਲਈ ਪਰਿਵਾਰਕ ਮੈਂਬਰ ਮਾਊਂਟ ਆਬੂ ਪੁੱਜ ਗਏ।
ਮੇਹਰ ਮਿੱਤਲ ਦੇ ਦੋਹਤੇ ਅਤੇ ਹਾਈ ਕੋਰਟ ਦੇ ਵਕੀਲ ਸੰਜੀਵ ਗੁਪਤਾ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ। ਸੰਜੀਵ ਨੇ ਦੱਸਿਆ ਕਿ ਉਹ ਤਿੰਨ ਚਾਰ ਦਿਨਾਂ ਤੋਂ ਕੋਮਾ ਵਿੱਚ ਸਨ। ਸ਼ਨਿਚਰਵਾਰ ਬਾਅਦ ਦੁਪਹਿਰ ਉਨ੍ਹਾਂ ਨੂੰ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ। ਉਨ੍ਹਾਂ ਦੱਸਿਆ ਕਿ ਉਹ ਨਾਨਾ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਤੋਂ ਇਕ ਦਿਨ ਬਾਅਦ 21 ਅਕਤੂਬਰ ਨੂੰ ਮਿਲਿਆ ਸੀ, ਉਦੋਂ ਉਹ ਠੀਕ ਸਨ। ਸੰਜੀਵ ਨੇ ਯਾਦਾਂ ਦੇ ਵਿਸ਼ਾਲ ਸਮੁੰਦਰ ਵੱਲ ਖਿੜਕੀ ਖੋਲ੍ਹਦਿਆਂ ਦੱਸਿਆ ਕਿ ਨਾਨਾ ਜੀ ਜਿੱਥੇ ਵੀ ਜਾਂਦੇ ਸਨ, ਉਥੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਘੇਰ ਲੈਂਦੇ ਸਨ। ਉਹ ਆਪਣੀਆਂ ਫਿਲਮਾਂ ਵਿੱਚ ਨਿਭਾਏ ਕਿਰਦਾਰਾਂ ਵਰਗੇ ਹੀ ਬਣ ਗਏ ਸਨ। ਬਠਿੰਡਾ ਵਿੱਚ 24 ਅਕਤੂਬਰ 1935 ਨੂੰ ਜਨਮੇ ਮੇਹਰ ਮਿੱਤਲ ਨੇ 300 ਤੋਂ ਵੱਧ ਪੰਜਾਬੀ ਫਿਲਮਾਂ ਵਿੱਚ ਹਾਸਰਸ ਭੂਮਿਕਾਵਾਂ ਨਿਭਾਈਆਂ।
ਫਿਲਮੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਇਸ ਲਾਅ ਗਰੈਜੂਏਟ ਕਲਾਕਾਰ ਨੇ ਅੱਠ ਸਾਲ ਚੰਡੀਗੜ੍ਹ ਵਿੱਚ ਵਕਾਲਤ ਕੀਤੀ। ਉਹ ਪਹਿਲੀ ਵਾਰ 1974 ਵਿੱਚ ਆਈ ਫਿਲਮ ‘ਸੱਚਾ ਮੇਰਾ ਰੂਪ ਹੈ’ ਵਿੱਚ ਦਿਸੇ। ਇਸ ਮਗਰੋਂ ਚੰਨ ਪਰਦੇਸੀ, ਲੰਬਰਦਾਰਾ, ਵਲਾਇਤੀ ਬਾਬੂ, ਪੁੱਤ ਜੱਟਾਂ ਦਾ, ਕੁਰਬਾਨੀ ਜੱਟ ਦੀ ਅਤੇ ਕਈ ਹੋਰ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੂੰ ਦਾਦਾਸਾਹਿਬ ਫਾਲਕੇ ਐਵਾਰਡ ਵੀ ਮਿਲਿਆ ਸੀ। ਉਨ੍ਹਾਂ ਦੋ ਫਿਲਮਾਂ ‘ਅੰਬੇ ਮਾਂ ਜਗਦੰਬੇ ਮਾਂ’ (1980) ਅਤੇ ‘ਵਲਾਇਤੀ ਬਾਬੂ’ (1981) ਦਾ ਨਿਰਮਾਣ ਵੀ ਕੀਤਾ।
ਅਦਾਕਾਰ ਤੇ ਕਾਮੇਡੀਅਨ ਬੀਨੂੰ ਢਿੱਲੋਂ ਨੇ ਕਿਹਾ ਕਿ ਮੇਹਰ ਮਿੱਤਲ ਸਾਰੇ ਪੰਜਾਬੀ ਕਾਮੇਡੀਅਨਾਂ ਲਈ ਆਦਰਸ਼ ਸਨ। ਉਨ੍ਹਾਂ ਯਾਦ ਕੀਤਾ ਕਿ ਇਕ ਸਮੇਂ ਡਿਸਟ੍ਰੀਬਿਊਟਰਾਂ ਨੇ ਫਿਲਮ ਚੰਨ ਪਰਦੇਸੀ ਨੂੰ ਨਾਂਹ ਕਰ ਦਿੱਤੀ ਸੀ ਕਿਉਂਕਿ ਉਸ ਵਿੱਚ ਮੇਹਰ ਮਿੱਤਲ ਨਹੀਂ ਸੀ। ਬਾਅਦ ਵਿੱਚ ਫਿਲਮਸਾਜ਼ਾਂ ਨੇ ਮੇਹਰ ਮਿੱਤਲ ਨੂੰ ਫਿਲਮ ਵਿੱਚ ਲਿਆ। ਇਹ ਉਨ੍ਹਾਂ ਦੀ ਪ੍ਰਸਿੱਧੀ ਸੀ ਕਿ ਉਨ੍ਹਾਂ ਦੇ ਨਾਮ ਨਾਲ ਹੀ ਫਿਲਮ ਵਿਕਦੀ ਸੀ। ਮੇਹਰ ਮਿੱਤਲ ਪਿਛਲੇ ਚਾਰ ਸਾਲਾਂ ਤੋਂ ਧਿਆਨ ਲਾਉਣ ਲਈ ਮਾਊਂਟ ਆਬੂ ਵਿੱਚ ਸਨ।