”ਕਰਮ ਭੂਮੀ ਦੀਆਂ ਖੁਸ਼ਹਾਲੀਆਂ ਦੀ ਲਾਲੀ, ਕਿਤੇ ਜਨਮ ਭੂਮੀ ਦੇ ‘ਮਾਲੀ’ ਬਣਨਾ ਨਾ ਭੁਲਾ ਦੇਵੇ”

”ਕਰਮ ਭੂਮੀ ਦੀਆਂ ਖੁਸ਼ਹਾਲੀਆਂ ਦੀ ਲਾਲੀ, ਕਿਤੇ ਜਨਮ ਭੂਮੀ ਦੇ ‘ਮਾਲੀ’ ਬਣਨਾ ਨਾ ਭੁਲਾ ਦੇਵੇ”

‘ਪੰਜਾਬੀ ਸੱਥ’ ਲਾਂਗੜਾ ਦੇ ਸੰਸਥਾਪਕ ਡਾ. ਨਿਰਮਲ ਸਿੰਘ ਲਾਂਬੜਾ ਦੀ ਪੰਜਾਬੀਆਂ ਨੂੰ ਪਿੱਛੇ ਛੱਡੇ ਪੰਜਾਬ ਦਾ ਫ਼ਿਕਰ ਰੱਖਣ ਦੀ ਤਾਕੀਦ ਤੇ ਅਪੀਲ
ਸੈਨਹੋਜ਼ੇ/ਤਰਲੋਚਨ ਸਿੰਘ ਦੁਪਾਲਪੁਰ:
”ਕਰਮ ਭੂਮੀ ਦੀਆਂ ਖੁਸ਼ਹਾਲੀਆਂ ਦੀ ਲਾਲੀ, ਕਿਤੇ ਜਨਮ ਭੂਮੀ ਦੇ ‘ਮਾਲੀ’ ਬਣਨਾ ਨਾ ਭੁਲਾ ਦੇਵੇ”  ਪੰਜਾਬੀਆਂ ਨੂੰ ਪਿੱਛੇ ਛੱਡੇ ਪੰਜਾਬ ਦਾ ਫ਼ਿਕਰ ਰੱਖਣ ਦੀ ਇਹ ਭਾਵਪੂਰਤ ਤਾਕੀਦ ਤੇ ਅਪੀਲ ਪੰਜਾਬੀ ਸਭਿਆਚਾਰ ਦੇ ਬਹੁ ਪੱਖੀ ਪ੍ਰਚਾਰ ਪ੍ਰਸਾਰ ਵਿਚ ਸਰਗਰਮੀ ਨਾਲ ਜੁੱਟੀ ਹੋਈ ਸੰਸਥਾ ”ਪੰਜਾਬੀ ਸੱਥ” ਦੇ ਰੂਹੇ ਰਵਾਂ ਡਾ. ਨਿਰਮਲ ਸਿੰਘ ਲਾਂਬੜਾ ਬੀਤੇ ਕੱਲ੍ਹ ਸੈਨਹੋਜ਼ੇ ਸ਼ਹਿਰ ਵਿਚ ਪ੍ਰਵਾਸੀ ਪੰਜਾਬੀਆਂ ਨਾਲ ”ਰੂ ਬ ਰੂ” ਦੌਰਾਨ ਬੋਲਦਿਆਂ ਕੀਤੀ।
ਆਪਣੀ ਸੰਖੇਪ ਜਿਹੀ ਪ੍ਰਵਾਰਕ ਫੇਰੀ ‘ਤੇ ਆਏ ਹੋਏ ਡਾ. ਲਾਂਬੜਾ ਡਾਕਟਰ ਗੁਰਮੀਤ ਸਿੰਘ ਬਰਸਾਲ ਦੇ ਘਰ ਪਹੁੰਚੇ ਜਿੱਥੇ ਸਥਾਨਕ ਸਾਹਿਤ ਪ੍ਰੇਮੀਆਂ ਨਾਲ ਉਨ੍ਹਾਂ ਖੁੱਲ੍ਹਾ ਵਿਚਾਰ ਵਟਾਂਦਰਾ ਕੀਤਾ। ਪੰਜਾਬੀ ਸੱਥ ਦੀ ਸਥਾਪਨਾ ਦੇ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੱਕ ਕੀਤੀਆਂ ਪ੍ਰਾਪਤੀਆਂ ਬਾਰੇ ਡਾ. ਲਾਂਬੜਾ ਨੇ ਬੜੇ ਫਖ਼ਰ ਨਾਲ ਦਸਿਆ ਕਿ ਸੱਥ ਦੇ ਯਤਨਾਂ ਸਦਕਾ ਹੁਣ ਲਾਹੌਰ ਵਿਚ ਵੀ ਗੁਰਮੁਖੀ ਲਿੱਪੀ ਵਿਚ ਕਿਤਾਬਾਂ ਛਪਣੀਆਂ ਸ਼ੁਰੂ ਹੋ ਗਈਆਂ ਹਨ। ਤਕਰੀਬਨ ਦੁਨੀਆਂ ਦੇ ਹਰ ਕੋਨੇ ਵਿਚ ਸਥਾਪਤ ਹੋ ਚੁੱਕੀਆਂ ਸੱਥਾਂ ਦੇ ਸੰਚਾਲਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਇੰਗਲੈਂਡ ਨਿਵਾਸੀ ਮੋਤਾ ਸਿੰਘ ਸਰਾਏ ਦਾ ਉਚੇਚਾ ਜਿਕਰ ਕਰਦਿਆਂ ਆਖਿਆ ਕਿ ਭਾਰਤ ਦੇ ਨਾਲ ਨਾਲ ਵਿਦੇਸ਼ਾਂ ਵਿਚ ਸੱਥਾਂ ਦੀ ਕਾਰਗੁਜਾਰੀ ਵਿਚ ਉਸਦਾ ਵੱਡਾ ਯੋਗਦਾਨ ਹੁੰਦਾ ਹੈ। ਇਸੇ ਤਰ੍ਹਾਂ ਉਨ੍ਹਾਂ ਆਸਟਰੇਲੀਆ ਅਤੇ ਅਮਰੀਕਨ ਸੱਥਾਂ ਦਾ ਵੀ ਬੜੇ ਮਾਣ ਨਾਲ ਵੇਰਵਾ ਦਿੱਤਾ।
ਸਹਿਜ ਸਾਦਗੀ ਅਤੇ ਸੁਹਜ ਭਰਪੂਰ ਜੀਵਨ ਜਿਊਣ ਦੇ ਮੁਦੱਈ ਡਾ. ਲਾਂਬੜਾ ਨੇ ਆਪਣੀ ਜ਼ਿੰਦਗੀ ਦੇ ਖੱਟੇ ਮਿੱਠੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਦੀ ਅਜੋਕੀ ਦਰਦਨਾਕ ਦਸ਼ਾ ਕਦੇ ਅਜਿਹੀ ਨਾ ਹੁੰਦੀ ਜੇ ਇਥੇ ਸੌੜੀਆਂ ਸਿਆਸਤਾਂ ਨਾ ਖੇਡੀਆਂ ਗਈਆਂ ਹੁੰਦੀਆਂ। ਪੰਜਾਬ ‘ਚੋਂ ਲਗਾਤਾਰ ਵਿਦੇਸ਼ਾਂ ਨੂੰ ਹੋ ਰਹੇ ਪਲਾਇਨ ਬਾਰੇ ਉਨ੍ਹਾਂ ਬੜੇ ਕਰੁਣਾਮਈ ਸ਼ਬਦਾਂ ਵਿਚ ਆਖਿਆ ਕਿ ਵਰਤਮਾਨ ਦੌਰ ਵਾਂਗ ਪੰਜਾਬੀ ਕਦੇ ਭਾਂਜ-ਵਾਦੀ ਨਹੀਂ ਬਣੇ ਸਗੋਂ ਸਿਰੜ ਤੇ ਸਿਦਕ ਨਾਲ ਪੰਜਾਬ ਲਈ ਮਰ ਮਿਟਣਾ ਸਾਡਾ ਇਤਿਹਾਸ ਰਿਹਾ ਹੈ। ਪਰ ਹੁਣ ਅਸੀਂ ਜੰਮਣ ਭੂਮੀ ਤੋਂ ਨਿਰਮੋਹੇ ਹੋ ਕੇ ਵਿਦੇਸ਼ਾਂ ਨੂੰ ਦੌੜੇ ਜਾ ਰਹੇ ਹਾਂ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੀ ਸਦਕੇ ਵਿਦੇਸ਼ਾਂ ਵਿਚ ਕਾਰੋਬਾਰ ਵਧਾਉ ਕਮਾਈ ਕਰੋ, ਪਰ ਤਰਾਸਦੀਆਂ ਮਾਰੇ ਪੰਜਾਬ ਦੇ ਉਜੜ ਰਹੇ ਬਾਗਾਂ ਦੇ ਮਾਲੀ ਬਣਨਾ ਵੀ ਨਾ ਭੁਲਾ ਦਿਉ। ਉਨ੍ਹਾਂ ਸੁਲਤਾਨਪੁਰ ਲੋਧੀ ਵਾਲੀ ਇਤਿਹਾਸਕ ਵੇਈਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਜੇ ਬਦਬੂ ਮਾਰਦੀ ਵੇਈਂ ਨੂੰ ਬਾਬਾ ਬਲਬੀਰ ਸਿੰਘ ਸੀਂਚੇਵਾਲ ਦੀ ਪ੍ਰੇਰਨਾ ਸਦਕਾ ਹਿੰਮਤ ਅਤੇ ਲਗਨ ਨਾਲ ਸਾਫ਼ ਕਰਕੇ ਉਸ ਨੂੰ ਮੁੜ ਸਵੱਛ ਅਤੇ ਨਿਰਮਲ ਬਣਾਇਆ ਜਾ ਸਕਦਾ ਹੈ ਤਾਂ ਹੁਣ ਗੰਧਲੇ ਪੰਜਾਬ ਦੇ ਵਾਤਾਵਰਣ ਨੂੰ ਵੀ ਸੁਧਾਰਿਆ ਜਾ ਸਕਦਾ ਹੈ। ਡਾ. ਲਾਂਬੜਾ ਨੇ ਕਈ ਹੱਡ ਬੀਤੀਆਂ ਸੁਣਾਉਂਦਿਆਂ ਕਿਹਾ ਕਿ ਸਰਕਾਰਾਂ ਦੀ ਨੀਂਦ ਵੀ ਉਦੋਂ ਹੀ ਖੁੱਲ੍ਹਦੀ ਹੈ ਜਦੋਂ ਆਮ ਲੋਕ ਕਾਫ਼ਲੇ ਬੰਨ੍ਹ ਕੇ ਕਿਸੇ ਨੇਕ ਕਾਰਜ ਲਈ ਤੁਰ ਪੈਂਦੇ ਹਨ।
ਇਸ ਮੌਕੇ ਡਾ. ਲਾਂਬੜਾ ਨੇ ਚੋਣਵੇਂ ਲੇਖਕਾਂ ਨੂੰ ਸੱਥ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਵੀ ਭੇਂਟ ਕੀਤੀਆਂ। ਇਕ ਦੋ ਸ਼ਾਇਰਾਂ ਨੇ ਆਪਣੇ ਕਲਾਮ ਸੁਣਾ ਕੇ ਮਹਿਫਲ ਵਿਚ ਕਾਵਿਕ ਮਾਹੌਲ ਸਿਰਜਿਆ। ਇਸ ਇਕੱਠ ਵਿਚ ਬਜ਼ੁਰਗ ਸ਼ਾਇਰ ਅਜ਼ਾਦ ਜਲੰਧਰੀ, ਈਸ਼ਰ ਸਿੰਘ ਮੋਮਨ, ਚਰਨਜੀਤ ਸਿੰਘ ਪੰਨੂ, ਰੇਡੀਓ ਹੋਸਟ ਜਸਪਾਲ ਸਿੰਘ, ਰੁਪਿੰਦਰ ਕੌਰ, ਸੁਖਦੀਪ ਕੌਰ ਬਰਸਾਲ, ਰਾਜਵੀਰ ਕੌਰ ਢੀਂਡਸਾ, ਮਝੈਲ ਸਿੰਘ ਸਰਾਂ, ਅਵਤਾਰ ਸਿੰਘ ਮਿਸ਼ਨਰੀ, ਗੁਰਦਿਆਲ ਸਿੰਘ ਨੂਰਪੁਰੀ, ਤਰਨਜੀਤ ਸਿੰਘ ਟਿਵਾਣਾ, ਡਾ. ਗੁਰਮੀਤ ਸਿੰਘ ਬਰਸਾਲ ਅਤੇ ਨਗਿੰਦਰ ਸਿੰਘ ਬਰਸਾਲ ਸਮੇਤ ਹੋਰ ਸਾਹਿਤ ਪ੍ਰੇਮੀ ਸ਼ਾਮਲ ਹੋਏ। ਸਮਾਪਤੀ ਤੇ ਸਾਰਿਆਂ ਨੇ ਪ੍ਰੀਤੀ ਭੋਜ ਦਾ ਆਨੰਦ ਮਾਣਿਆ।