ਫਰਿਜ਼ਨੋ ਵਿਚ ਸਭਿਆਚਾਰਕ ਸ਼ਾਮ : ਜਸਵੀਰ ਗੁਣਾਚੌਰੀਆ ਤੇ ਧਰਮਵੀਰ ਥਾਂਦੀ ਨੇ ਲਵਾਈ ਹਾਜ਼ਰੀ

ਫਰਿਜ਼ਨੋ ਵਿਚ ਸਭਿਆਚਾਰਕ ਸ਼ਾਮ : ਜਸਵੀਰ ਗੁਣਾਚੌਰੀਆ ਤੇ ਧਰਮਵੀਰ ਥਾਂਦੀ ਨੇ ਲਵਾਈ ਹਾਜ਼ਰੀ

ਸਭਿਆਚਾਰਕ ਪੰਜਾਬੀ ਗਾਇਕੀ ਤੇ ਗੀਤਕਾਰੀ ‘ਤੇ ਹੋਈ ਚਰਚਾ
ਫਰਿਜ਼ਨੋ/ਕੁਲਵੰਤ ਉੱਭੀ ਧਾਲੀਆ/ਨੀਟਾ ਮਾਛੀਕੇ :
ਪ੍ਰਸਿੱਧ ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ, ਪਿੰਦਾ ਚੀਮਾ ਅਤੇ ਗੁੱਲੂ ਸਿੱਧੂ ਬਰਾੜ ਨੇ ਕਲੋਵਸ ਸ਼ਹਿਰ ਦੇ ਆਲੀਸ਼ਾਨ ਰੈਸ਼ਟੋਰੇਟ ‘ਐਲੀਫੈਂਟ ਲੋਗ’ ਵਿੱਚ ਪੰਜਾਬੀ ਗੀਤਕਾਰੀ ਨੂੰ ਸਮਰਪਤ ਸ਼ਾਮ ਮਨਾਈ। ਪੰਜਾਬੀ ਗਾਇਕੀ ਦੇ ਜਾਣੇ-ਪਛਾਣੇ ਲੇਖਕ ਜਸਵੀਰ ਗੁਣਾਚੌਰੀਆ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੌਰਾਨ ਸਾਫ-ਸੁਥਰੀ ਸਭਿਆਚਾਰਕ ਗੀਤਕਾਰੀ ਅਤੇ ਗਾਇਕੀ ‘ਤੇ ਭਰਪੂਰ ਵਿਚਾਰਾ ਹੋਈਆਂ। ਇਸ ਮਗਰੋਂ ਸ਼ਾਨਦਾਰ ਮਹਿਫਲ ਦਾ ਆਗਾਜ਼ ਹੋਇਆ।
ਜਸਵੀਰ ਗੁਣਾਚੌਰੀਆ ਨੇ ਪੰਜਾਬੀ ਬੋਲੀ ਦੇ ਵਿਕਾਸ ਦੀ ਗੱਲ ਕਰਦਿਆਂ ਪੁਰਾਤਨ ਗੀਤਕਾਰੀ ਅਤੇ ਅੱਜ ਦੇ ਸਮੇਂ ਅੰਦਰ ਪ੍ਰਚੱਲਤ ਗੀਤਾਂ ਦੀ ਗੱਲ ਕੀਤੀ। ਉਨ੍ਹਾਂ ਆਪਣੇ ਬਹੁਤ ਸਾਰੇ ਮਕਬੂਲ ਗੀਤ ਸੁਣਾ ਕੇ ਹਾਜ਼ਰੀਨ ਦੀ ਵਾਹ-ਵਾਹ ਖੱਟੀ। ਪ੍ਰਸਿੱਧ ਗੀਤਕਾਰ ਸੁੱਖੀ ਧਾਲੀਵਾਲ, ਕਵੀ ਜਨਾਬ ਹਰਜਿੰਦਰ ਕੰਗ, ਅਵਤਾਰ ਗੌਦਾਰਾ, ਸੰਤੋਖ ਮਿਨਹਾਸ, ਗੈਰੀ ਢੇਸੀ, ਵਿੱਕੀ ਹੀਰ, ਬਲਵੀਰ ਢਿੱਲੋਂ, ਜਸਵੰਤ ਮਹਿੰਮੀ, ਦਿਲਬਾਗ ਬੰਗੜ, ਕੁਲਵੰਤ ਉੱਭੀ, ਪਿੰਦਾ ਚੀਮਾ, ਗੁੱਲੂ ਸਿੱਧੂ ਬਰਾੜ, ਅਵਤਾਰ ਲਾਖਾ, ਕੁਲਵੰਤ ਸੇਖੋਂ, ਪਾਲ ਧਾਲੀਵਾਲ, ਪ੍ਰਦੀਪ ਮਿਨਹਾਸ, ਬਹਾਦਰ ਸਿੰਘ ਚੀਮਾ, ਭਜਨ ਸਿੰਘ ਲੰਬੜਦਾਰ ਨੇ ਵਿਚਾਰ ਸਾਂਝੇ ਕਰਦਿਆਂ ਅਜੋਕੇ ਸਮੇਂ ਦੌਰਾਨ ਵੀਡੀਓ ਦੇ ਯੁੱਗ ਵਿੱਚ ਪੱਛਮੀ ਪ੍ਰਭਾਵ ਅਧੀਨ ਗਿਰਾਵਟ ਵੱਲ ਜਾ ਰਹੀ ਗਾਇਕੀ ‘ਤੇ ਚਿੰਤਾ ਪ੍ਰਗਟ ਕੀਤੀ। ਸਟੇਜ ਸੰਚਾਲਨ ਜਸਵੰਤ ਸਿੰਘ ਸ਼ਾਦ ਨੇ ਕੀਤਾ।  ਦੇਰ ਰਾਤ ਤੱਕ ਚੱਲੀ ਇਸ ਮਹਿਫਲ ਵਿੱਚ ਹਾਜ਼ਰੀਨ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਧਰਮਵੀਰ ਥਾਂਦੀ ਨੇ ਆਪਣੀ ਗਾਇਕੀ ਰਾਹੀਂ ਹਾਜ਼ਰੀਨ ਨੂੰ ਕੀਲੀ ਰੱਖਿਆ।