ਸੀਈਓਜ਼ ਦੀਆਂ ਲਾਹਨਤਾਂ ਮਗਰੋਂ ਟਰੰਪ ਨੇ ਵਪਾਰਕ ਪ੍ਰੀਸ਼ਦਾਂ ਭੰਗ ਕੀਤੀਆਂ

ਸੀਈਓਜ਼ ਦੀਆਂ ਲਾਹਨਤਾਂ ਮਗਰੋਂ ਟਰੰਪ ਨੇ ਵਪਾਰਕ ਪ੍ਰੀਸ਼ਦਾਂ ਭੰਗ ਕੀਤੀਆਂ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕੁਝ ਸੀਈਓਜ਼ ਵੱਲੋਂ ਲਾਹਨਤਾਂ ਪਾਏ ਜਾਣ ਮਗਰੋਂ ਉਨ੍ਹਾਂ ਦੋ ਅਹਿਮ ਵਪਾਰਕ ਪ੍ਰੀਸ਼ਦਾਂ ਨੂੰ ਭੰਗ ਕਰ ਦਿੱਤਾ ਹੈ। ਵਰਜੀਨੀਆ ਹਿੰਸਾ ਸਬੰਧੀ ਟਰੰਪ ਵੱਲੋਂ ਕੁਝ ਵਿਵਾਦਤ ਟਿੱਪਣੀਆਂ ਅਤੇ ਗੋਰਿਆਂ ਦੀ ਵਕਾਲਤ ਕਰਨ ਤੋਂ ਸੀਈਓਜ਼ ਨੇ ਉਨ੍ਹਾਂ ਫਿਟਕਾਰਿਆ ਸੀ। ਇਹ ਫ਼ੈਸਲਾ ਉਸ ਸਮੇਂ ਆਇਆ ਜਦੋਂ ਰਣਨੀਤਕ ਅਤੇ ਨੀਤੀ ਫੋਰਮ, ਜਿਸ ਵਿਚ ਜੇਪੀ ਮੌਰਗਨ ਦੇ ਸੀਈਓ ਜੇਮੀ ਡਿਮੋਨ, ਪੈਪਸੀਕੋ ਦੀ ਭਾਰਤੀ ਮੂਲ ਦੀ ਸੀਈਓ ਇੰਦਰਾ ਨੂਈ, ਜਨਰਲ ਮੋਟਰਜ਼ ਦੇ ਸੀਈਓ ਮੈਰੀ ਬੱਰਾ ਅਤੇ ਵਾਲਮਾਰਟ ਸੀਈਓ ਡਗ ਮੈਕਮਿਲਨ ਸ਼ਾਮਲ ਹਨ, ਨੇ ਇਸ ਤੋਂ ਕਿਨਾਰਾ ਕਰਨ ਦਾ ਫ਼ੈਸਲਾ ਕਰ ਲਿਆ। ਸਲਾਹਕਾਰ ਪ੍ਰੀਸ਼ਦਾਂ ਨੂੰ ਹੁਣ ਤਕ 11 ਸੀਈਓਜ਼ ਛੱਡ ਚੁੱਕੇ ਹਨ। ਚੋਟੀ ਦੀਆਂ ਅਮਰੀਕੀ ਕੰਪਨੀਆਂ ਦੇ ਸੀਈਓਜ਼ ਵੱਲੋਂ ਰਣਨੀਤਕ ਤੇ ਨੀਤੀ ਫੋਰਮ ਅਤੇ ਵ੍ਹਾਈਟ ਹਾਊਸ ਮੈਨੂਫੈਕਚਰਿੰਗ ਰੁਜ਼ਗਾਰ ਪਹਿਲਕਦਮੀ ਵਿਚੋਂ ਅਸਤੀਫ਼ੇ ਦਿੱਤੇ ਜਾਣ ਮਗਰੋਂ ਦੋਹਾਂ ਨੂੰ ਭੰਗ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਰਣਨੀਤਕ ਨੀਤੀ ਫੋਰਮ ਨੇ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਅਸਹਿਣਸ਼ੀਲਤਾ, ਜਾਤੀਵਾਦ ਅਤੇ ਹਿੰਸਾ ਲਈ ਮੁਲਕ ਵਿਚ ਕੋਈ ਥਾਂ ਨਹੀਂ ਹੈ।