ਰਾਜੀਵ ਗਾਂਧੀ ਅਮਰੀਕਾ ਨਾਲ ਫ਼ੌਜੀ ਸਬੰਧ ਵਧਾਉਣਾ ਚਾਹੁੰਦੇ ਸਨ :ਸੀ.ਆਈ.ਏ.

ਰਾਜੀਵ ਗਾਂਧੀ ਅਮਰੀਕਾ ਨਾਲ ਫ਼ੌਜੀ ਸਬੰਧ ਵਧਾਉਣਾ ਚਾਹੁੰਦੇ ਸਨ :ਸੀ.ਆਈ.ਏ.

ਵਾਸ਼ਿੰਗਟਨ/ਬਿਊਰੋ ਨਿਊਜ਼ :
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਮਰੀਕਾ ਨਾਲ ਫ਼ੌਜੀ ਸਬੰਧ ਵਧਾਉਣ ਵਿੱਚ ‘ਸੱਚਮੁੱਚ ਦਿਲਚਸਪੀ’ ਰੱਖਦੇ ਸਨ ਤੇ ਮਰਹੂਮ ਪ੍ਰਧਾਨ ਮੰਤਰੀ ਨੇ ਦਰਸਾਇਆ ਸੀ ਕਿ ਉਹ ਇਸ ਲਈ ਭਾਰਤ ਦੀ ਵਿਦੇਸ਼ ਨੀਤੀ ਨੂੰ ਨਵੀਂ ਦਿਸ਼ਾ ਵਿੱਚ ਤੋਰ ਸਕਦੇ ਹਨ।
ਇਹ ਖੁਲਾਸਾ ਅਮਰੀਕਾ ਦੀ ਖੂਫ਼ੀਆ ਏਜੰਸੀ ਸੀਆਈਏ ਵੱਲੋਂ ਜਨਤਕ ਕੀਤੇ ਦਸਤਾਵੇਜ਼ਾਂ ਤੋਂ ਹੋਇਆ ਹੈ। ਸੀਆਈਏ ਨੇ 11 ਸਫਿਆਂ ਦੀ ਇਹ ਰਿਪੋਰਟ ਦਸੰਬਰ 2016 ਵਿੱਚ ਕਾਫ਼ੀ ਕੱਟ ਵੱਢ ਮਗਰੋਂ ਜਨਤਕ ਕੀਤੀ ਸੀ ਤੇ ਇਸ ਨਾਲ ਭਾਰਤ ਨਾਲ ਸਬੰਧਤ ਹੋਰ ਕਈ ਦਸਤਾਵੇਜ਼ ਵੀ ਮੌਜੂਦ ਸਨ।
ਇੰਟੈਲੀਜੈਂਸ ਬਾਰੇ ਅਮਰੀਕੀ ਡਾਇਕਰੈਕਟੋਰੇਟ ਨੇ ਦਸਤਾਵੇਜ਼ਾਂ ਵਿਚ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਅਹੁਦੇ ਦੀ ਸਹੁੰ ਚੁੱਕਣ ਤੋਂ ਲਗਭਗ 7 ਮਹੀਨਿਆਂ ਬਾਅਦ ਮਈ 1985 ਮਗਰੋਂ ਸੋਵੀਅਤ ਯੂਨੀਅਨ (ਸਾਂਝੇ ਰੂਸ), ਮੱਧ ਪੂਰਬ, ਫਰਾਂਸ ਅਤੇ ਅਮਰੀਕਾ ਦੀਆਂ ਪਾਈਆਂ ਫੇਰੀਆਂ ਮੌਕੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਸੀ ਕਿ ਉਹ ਭਾਰਤ ਦੀ ਵਿਦੇਸ਼ ਨੀਤੀ ਨੂੰ ਪਹਿਲੇ ਪ੍ਰਧਾਨ ਮੰਤਰੀਆਂ ਦੇ ਮੁਕਾਬਲੇ ਆਪਣੇ ਜਜ਼ਬਿਆਂ ਨੂੰ ਪਿੱਛੇ ਰੱਖ ਕੇ ਵਧੇਰੇ ਵਿਹਾਰਕ ਤਰੀਕੇ ਨਾਲ ਨਵੀਂ ਦਿਸ਼ਾ ਵਿਚ ਲਿਜਾਣ ਦੇ ਸਮਰੱਥ ਹੈ। ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਗਾਂਧੀ ਨੇ ਅਜਿਹੇ ਸੰਕੇਤ ਦਿੱਤੇ ਸੀ ਕਿ ਭਾਰਤ ਅਮਰੀਕਾ ਅਤੇ ਪੱਛਮੀ ਯੂਰਪ ਨਾਲ ਆਪਣੇ ਆਰਥਿਕ ਖਾਸ ਤੌਰ ‘ਤੇ ਤਕਨੀਕੀ ਸਬੰਧਾਂ ਨੂੰ ਅੱਗੇ ਲਿਜਾਣ ਲਈ ਤਿਆਰ ਹੈ।
ਪਹਿਲੀ ਅਗਸਤ 1985 ਦੀ ਮਿਤੀ ਵਾਲੀ ਇਸ ਰਿਪੋਰਟ ਮੁਤਾਬਕ ਗਾਂਧੀ ਦੀ ਵਿਦੇਸ਼ ਫੇਰੀ ਨਾਲ ਉਨ੍ਹਾਂ ਦੀ ਵਿਕਸਤ ਹੁੰਦੀ ਨਿੱਜੀ ਤੇ ਕੂਟਨੀਤਕ ਸ਼ੈਲੀ ਦੀਆਂ ਕਈ ਖੂਬੀਆਂ ਉਭਰ ਕੇ ਸਾਹਮਣੇ ਆਈਆਂ ਸਨ।