ਸਿਆਟਲ ਵਿਖੇ ਦੋ ਰੋਜ਼ਾ ਕੌਮਾਂਤਰੀ ਸਿੱਖ ਚੇਤਨਾ ਕਾਨਫਰੰਸ ਰਹੀ ਪ੍ਰਭਾਵਸ਼ਾਲੀ

ਸਿਆਟਲ ਵਿਖੇ ਦੋ ਰੋਜ਼ਾ ਕੌਮਾਂਤਰੀ ਸਿੱਖ ਚੇਤਨਾ ਕਾਨਫਰੰਸ ਰਹੀ ਪ੍ਰਭਾਵਸ਼ਾਲੀ

ਮੂਲ ਨਾਨਕਸ਼ਾਹੀ ਕੈਲੰਡਰ ਦੀ ਬਹਾਲੀ ਸਮੇਤ ਪੰਜ ਮਤੇ ਪਾਸ
ਸੈਨਹੋਜ਼ੇ/ਤਰਲੋਚਨ ਸਿੰਘ ਦੁਪਾਲਪੁਰ
15-16 ਜੁਲਾਈ ਨੂੰ ਸਿਆਟਲ ਵਿਖੇ ਸਮਾਪਤ ਹੋਈ ਦੋ ਰੋਜ਼ਾ ਕੌਮਾਂਤਰੀ ਸਿੱਖ ਚੇਤਨਾ ਕਾਨਫਰੰਸ ਸਫਲਤਾ ਪੱਖੋਂ ਨਵਾਂ ਇਤਿਹਾਸ ਸਿਰਜਣ ਵਿਚ ਕਾਮਯਾਬ ਕਹੀ ਜਾ ਸਕਦੀ ਹੈ ਕਿਉਂਕਿ ਇਸ ਵਿਚ ਅਮਰੀਕਾ, ਕੈਨੇਡਾ ਦੇ ਵੱਖ ਵੱਖ ਸਟੇਟਾਂ ਤੋਂ ਅਨੇਕਾਂ ਸਿੱਖ ਜਥੇਬੰਦੀਆਂ ਨਾਮਵਰ ਸ਼ਖ਼ਸੀਅਤਾਂ ਅਤੇ ਗੁਰਦੁਆਰਾ ਕਮੇਟੀਆਂ ਦੇ ਨਾਲ ਨਾਲ ਇੰਗਲੈਂਡ ਤੇ ਪੰਜਾਬ ਤੋਂ ਵੀ ਪ੍ਰਸਿੱਧ ਬੁਲਾਰਿਆਂ ਨੇ ਭਾਗ ਲਿਆ। ਪਹਿਲੇ ਦਿਨ ਕੈਂਟ ਕਾਨਫਰੰਸ ਹਾਲ ਵਿਚ ਸਵੇਰੇ 9:00 ਵਜੇ ਤੋਂ ਸ਼ਾਮ 6:00 ਵਜੇ ਤੱਕ ਅਤੇ ਦੂਸਰੇ ਦਿਨ ਗੁਰਦੁਆਰਾ ਸੱਚਾ ਮਾਰਗ ਦੇ ਮੁੱਖ ਦੀਵਾਨ ਹਾਲ ਵਿਚ ਹੋਏ ਪ੍ਰਭਾਵਸ਼ਾਲੀ ਅਤੇ ਸੰਜੀਦਾ ਇਕੱਠਾਂ ਵਿਚ ਸਾਰੇ ਬੁਲਾਰਿਆਂ ਨੇ ਚਲੰਤ ਸਿੱਖ ਮਸਲਿਆਂ ਬਾਰੇ ਇਤਿਹਾਸਕ ਤੱਥਾਂ ਅਤੇ ਅੰਕੜਿਆਂ ਸਹਿਤ ਵਿਚਾਰ ਪ੍ਰਗਟਾਏ। ਬਾਕਾਇਦਾ ਅਰਦਾਸ ਕਰਨ ਤੋਂ ਬਾਅਦ ਸ਼ੁਰੂ ਹੋਏ ਸਮਾਗਮ ਵਿਚ ਡਾ. ਗੁਰਦਰਸ਼ਨ ਸਿੰਘ ਢਿੱਲੋਂ ਸਾਬਕਾ ਮੁਖੀ ਇਤਿਹਾਸ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਕੈਨੇਡਾ ਤੋਂ ਆਏ ਪਾਲ ਸਿੰਘ ਪੁਰੇਵਾਲ ਰਚਨਾਕਾਰ ਨਾਨਕਸ਼ਾਹੀ ਕੈਲੰਡਰ, ਇੰਗਲੈਂਡ ਤੋਂ ਟਾਈਗਰ ਜਥੇ ਵਾਲੇ ਨੌਜਵਾਨ ਪ੍ਰਭਦੀਪ ਸਿੰਘ, ਗੁਰਦੇਵ ਸਿੰਘ ਸੱਧੇਵਾਲੀਆ ਸੰਪਾਦਕ ‘ਖਬਰਦਾਰ’ ਅਤੇ ਪ੍ਰਿੰਸੀਪਲ ਜਸਵੀਰ ਕੌਰ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ।
ਡਾ. ਢਿੱਲੋਂ ਨੇ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਸਿੱਖ ਫਲਸਫੇ ਨੂੰ ਗੰਧਲਾ ਕਰਨ ਦੇ ਬਿਪਰਵਾਦੀ ਮਨਸੂਬਿਆਂ ਬਾਰੇ, ਭਾਈ ਪੁਰੇਵਾਲ ਨੇ ਸਿੱਖ ਪਹਿਚਾਣ ਦੀ ਵਿੱਲਖਣਤਾ ਪ੍ਰਤੀ ਨਾਨਕਸ਼ਾਹੀ ਕੈਲੰਡਰ ਦੀ ਵਿਸ਼ੇਸ਼ ਦੇਣ, ਪ੍ਰਭਦੀਪ ਸਿੰਘ ਨੇ ਪੰਥਕ ਰਹਿਤ ਮਰਿਆਦਾ ਬਾਰੇ, ਸੱਧੇਵਾਲੀਆ ਨੇ ਸਿੱਖ ਸਮਾਜ ਨੂੰ ਘੁਣ ਵਾਂਗ ਖਾ ਰਹੇ ਡੇਰਾਵਾਦ ਬਾਰੇ ਅਤੇ ਬੀਬੀ ਜਸਵੀਰ ਕੌਰ ਨੇ ਸਿੱਖ ਪਰਿਵਾਰਾਂ ਵਿਚ ਸਿੱਖੀ ਸਭਿਆਚਾਰ ਦੀ ਪ੍ਰਫੁੱਲਤਾ ਬਾਬਤ ਵਿਚਾਰ ਸਾਂਝੇ ਕੀਤੇ।
ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਦੋਵੇਂ ਦਿਨਾਂ ਦੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਪ੍ਰਸਿੱਧ ਕਥਾਵਾਚਕ ਸ਼ਿਵਤੇਗ ਸਿੰਘ, ਪਰਮਜੀਤ ਸਿੰਘ ਉਤਰਾਖੰਡ, ਹਰਜਿੰਦਰ ਸਿੰਘ ਸਭਰਾ, ਸਰਬਜੀਤ ਸਿੰਘ ਸੈਕਰਾਮੈਂਟੋ, ਲਖਵੀਰ ਸਿੰਘ ਐਡਵੋਕੇਟ, ਵਰਿੰਦਰ ਸਿੰਘ ਐਲ.ਏ., ਹਰਸ਼ਿੰਦਰ ਸਿੰਘ ਸੰਧੂ, ਬਲਜਿੰਦਰ ਕੌਰ ਸਰ੍ਹੀ, ਸੁਖਵਿੰਦਰ ਸਿੰਘ ਵਾਇਸ ਆਫ ਖਾਲਸਾ ਰੇਡੀਓ, ਸੁਰਿੰਦਰ ਸਿੰਘ ‘ਟਾਕਿੰਗ-ਪੰਜਾਬ’, ਮਹਿੰਦਰ ਸਿੰਘ ਹੁਸੈਨਪੁਰ ਤੇ ਤਰਲੋਚਨ ਸਿੰਘ ਦੁਪਾਲਪੁਰ ਕ੍ਰਮਵਾਰ ਮੌਜੂਦਾ ਤੇ ਸਾਬਕਾ ਮੈਂਬਰ ਐਸ.ਜੀ.ਪੀ.ਸੀ., ਕੁਲਦੀਪ ਸਿੰਘ ਰੇਡੀਓ ਹੋਸਟ, ਡਾ. ਹਰਚੰਦ ਸਿੰਘ, ਕਮਲਜੀਤ ਕੌਰ ਲੈਥਰੋਪ, ਡਾ. ਗੁਰਮੀਤ ਸਿੰਘ ਬਰਸਾਲ, ਜਸਮੀਤ ਸਿੰਘ ਤੇ ਅਜੈਬ ਸਿੰਘ ਸਿਆਟਲ ਬੁਲਾਰੇ ਸ਼ਾਮਲ ਸਨ। ਕਾਕਾ ਪ੍ਰਭਜੋਤ ਸਿੰਘ ਤੇ ਭਗੀਰਥ ਸਿੰਘ ਦਾ ਸਿਆਟਲ ਵਾਲਾ ਕਵੀਸ਼ਰੀ ਜਥਾ ਦੋਵੇਂ ਦਿਨ ਖਿੱਚ ਦਾ ਕੇਂਦਰ ਬਣਿਆ ਰਿਹਾ।
ਸਮਾਪਤੀ ਮੌਕੇ ਜੁੜੇ ਵਿਸ਼ਾਲ ਇਕੱਠ ਨੇ ਜੋਸ਼ੀਲੇ ਅੰਦਾਜ਼ ਵਿਚ ਹੱਥ ਖੜ੍ਹੇ ਕਰਕੇ ਜੈਕਾਰੇ ਛੱਡਦਿਆਂ ਪੰਜ ਮਤੇ ਪਾਸ ਕੀਤੇ। ਪਹਿਲੇ ਮਤੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਲ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰਨ ਜਾਂ ਬਰਾਬਰ ਸਨਮਾਨ ਦੇਣ ਦੀ ਨਿਖੇਧੀ ਕੀਤੀ ਗਈ। ਦੂਜੇ ਮਤੇ ਵਿਚ ਤੱਤਿ ਗੁਰਮਤਿ ਪ੍ਰਚਾਰਕਾਂ ‘ਤੇ ਹਮਲਿਆਂ ਦਾ ਵਿਰੋਧ ਅਤੇ ਪ੍ਰਚਾਰਕਾਂ ਦੇ ਨਾਲ ਡਟ ਕੇ ਖਲੋਣ ਦਾ ਅਹਿਦ ਲਿਆ ਗਿਆ। ਤੀਜੇ ਮਤੇ ਵਿਚ ਮੂਲ ਨਾਨਕਸ਼ਾਹੀ ਕੈਲੰਡਰ ਦੀ ਪੂਰਨ ਰੂਪ ਵਿਚ ਮੁੜ ਬਹਾਲੀ, ਚੌਥੇ ਮਤੇ ਵਿਚ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਵਿਚ ਡੇਰਾ ਵਾਦੀਆਂ ਵੱਲੋਂ ਕਿਸੇ ਤਰ੍ਹਾਂ ਦੀ ਸੰਭਾਵੀ ਛੇੜ ਛਾੜ ਨੂੰ ਹਰਗਿਜ਼ ਬਰਦਾਸ਼ਤ ਨਾ ਕਰਨ ਅਤੇ ਪੰਜਵੇਂ ਮਤੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਚੁੰਗਲ ਤੋਂ ਨਿਜਾਤ ਦਿਵਾਉਣ ਲਈ ਸਮੁੱਚੇ ਸਿੱਖ ਜਗਤ ਨੂੰ ਲਾਮਬੰਦ ਕਰਨ ਲਈ ਯਤਨ ਅਰੰਭਣ ਦੀ ਗੱਲ ਕਹੀ ਗਈ ਹੈ।
ਇਸ ਮੌਕੇ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਯੂਨਾਈਟਿਡ ਸਿੱਖ ਨੇਸ਼ਨ ਅਤੇ ਕੁਝ ਸਥਾਨਕ ਸਿੱਖ ਆਗੂਆਂ ਵੱਲੋਂ ਰਲ ਕੇ ਐਲਾਨ ਕੀਤਾ ਗਿਆ ਕਿ ਜਿਹੜਾ ਵੀ ਕੋਈ ਵਿਦਵਾਨ, ਮੂਲ ਨਾਨਕਸ਼ਾਹੀ ਕੈਲੰਡਰ ਨੂੰ ਗਲਤ ਸਾਬਤ ਕਰੇ ਉਸ ਨੂੰ ਹਾਫ ਮਿਲੀਅਨ ਡਾਲਰ ਇਨਾਮ ਦਿੱਤਾ ਜਾਵੇਗਾ। ਸਟੇਜ ਸਕੱਤਰ ਦੀ ਸੇਵਾ ਕੁਲਦੀਪ ਸਿੰਘ ਸਰ੍ਹੀ ਨੇ ਨਿਭਾਈ ਅਤੇ ਦੋਵੇਂ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।