ਸਰਜੀਕਲ ਸਟ੍ਰਾਈਕ ਨਾਲ ਦੁਨੀਆ ਨੇ ਭਾਰਤ ਦੀ ਤਾਕਤ ਦਾ ਲੋਹਾ ਮੰਨਿਆ:ਮੋਦੀ

ਸਰਜੀਕਲ ਸਟ੍ਰਾਈਕ ਨਾਲ ਦੁਨੀਆ ਨੇ ਭਾਰਤ ਦੀ ਤਾਕਤ ਦਾ ਲੋਹਾ ਮੰਨਿਆ:ਮੋਦੀ

ਵਾਸ਼ਿੰਗਟਨ/ਬਿਊਰੋ ਨਿਊਜ਼:
ਅਮਰੀਕਾ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਜੀਨੀਆ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਮੋਦੀ ਨੇ ਕਿਹਾ ਕਿ ਅਮਰੀਕਾ ਦੇ ਉਨ੍ਹਾਂ ਦੇ ਪ੍ਰੋਗਰਾਮ ਦੀ ਗੂੰਜ ਪੂਰੀ ਦੁਨੀਆ ਵਿਚ ਸੁਣਾਈ ਦਿੰਦੀ ਹੈ । ਉਨ੍ਹਾਂ ਕਿਹਾ ਕਿ ਭਾਰਤ ਵਿਚ ਜਦੋਂ ਚੰਗਾ ਹੁੰਦਾ ਹੈ ਤਾਂ ਅਮਰੀਕਾ ਵਿਚ ਭਾਰਤੀ ਖੁਸ਼ ਹੁੰਦੇ ਹਨ। ਆਪਣੇ ਸੰਬੋਧਨ ਦੌਰਾਨ ਮੋਦੀ ਨੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਵਾਈਆਂ। ਉਨ੍ਹਾਂ ਪਾਕਿਸਤਾਨ ਖਿਲਾਫ ਸਰਜੀਕਲ ਸਟ੍ਰਾਈਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਭਾਰਤ ਦੀ ਤਾਕਤ ਦੁਨੀਆ ਨੂੰ ਪੱਤਾ ਲੱਗੀ। ਉਨ੍ਹਾਂ ਕਿਹਾ ਕਿ ਇਸ ਕਦਮ ‘ਤੇ ਦੁਨੀਆ ਸਾਡੇ ਵਾਲ ਨੋਚ ਸਕਦੀ ਸੀ, ਪ੍ਰੰਤੂ ਕਿਸੇ ਨੇ ਸਵਾਲ ਨਹੀਂ ਉਠਾਇਆ । ਹਾਲਾਂਕਿ ਮੋਦੀ ਨੇ ਪਾਕਿਸਤਾਨ ‘ਤੇ ਅਸਿੱਧੇ ਤੌਰ ‘ਤੇ ਹਮਲਾ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਇਹ ਭੁਗਤਿਆ ਕੇਵਲ ਉਨ੍ਹਾਂ ਨੇ ਹੀ ਸਵਾਲ ਉਠਾਇਆ । ਉਨ੍ਹਾਂ ਕਿਹਾ ਕਿ ਜਦੋਂ ਅਸੀ ਸਾਰੀ ਦੁਨੀਆ ਨੂੰ ਅੱਤਵਾਦ ਦੇ ਖਤਰੇ ਬਾਰੇ ਸਮਝਾਉਂਦੇ ਸੀ ਤਾਂ ਉਹ ਨਹੀਂ ਸਮਝਦੇ ਸੀ ਪ੍ਰੰਤੂ ਅੱਜ ਪੂਰੀ ਦੁਨੀਆ ਅੱਤਵਾਦ ਤੋਂ ਪ੍ਰੇਸ਼ਾਨ ਹੈ । ਇਸੇ ਦੌਰਾਨ ਉਨ੍ਹਾਂ ਕਿਹਾ ਕਿ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਸਰਕਾਰ ‘ਤੇ ਭਿ?ਸ਼ਟਾਚਾਰ ਦਾ ਇਕ ਵੀ ਦਾਗ ਨਹੀਂ ਲੱਗਾ। ਮੋਦੀ ਨੇ ਆਪਣੇ ਸੰਬੋਧਨ ‘ਚ ਖਾਸ ਕਰਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਵਿਦੇਸ਼ਾਂ ਵਿਚ ਭਾਰਤੀਆਂ ਦੀ ਸੁਰੱਖਿਆ ਪ੍ਰਤੀ ਕੀਤੇ ਗਏ ਕੰਮਾਂ ਦੀ ਖੂਬ ਪ੍ਰਸੰਸਾ ਕੀਤੀ।