ਅਦਾਕਾਰਾ ਸਲਮਾ ‘ਤੇ ਫਿਦਾ ਹੋਏ ਸਨ ਟਰੰਪ

ਅਦਾਕਾਰਾ ਸਲਮਾ ‘ਤੇ ਫਿਦਾ ਹੋਏ ਸਨ ਟਰੰਪ

ਲਾਸ ਏਂਜਲਸ/ਬਿਊਰੋ ਨਿਊਜ਼ :
ਮੈਕਸਿਕਨ-ਅਮੈਰਿਕਨ ਅਦਾਕਾਰਾ ਸਲਮਾ ਹਾਇਕ ਨੇ ਡੋਨਲਡ ਟਰੰਪ ਵਲੋਂ ਉਸ ਨੂੰ ਡੇਟਿੰਗ ਲਈ ਕਈ ਵਾਰ ਪ੍ਰਸਤਾਵ ਭੇਜਣ ਬਾਰੇ ਇਕ ਟੀਵੀ ਸ਼ੋਅ ਵਿੱਚ ਖ਼ੁਲਾਸਾ ਕੀਤਾ ਹੈ। ‘ਦਿ ਡੇਲੀ ਸ਼ੋਅ ਵਿਦ ਟਰੇਵਰ ਨੋਹ’ ਵਿੱਚ ਗੱਲਬਾਤ ਦੌਰਾਨ 50 ਸਾਲਾ ਅਦਾਕਾਰਾ ਨੇ ਦੱਸਿਆ ਕਿ ਟਰੰਪ, ਜੋ ਹੁਣ ਅਮਰੀਕਾ ਦੇ ਰਾਸ਼ਟਰਪਤੀ ਹਨ, ਨੇ ਇਕ ਸਮਾਗਮ ਵਿੱਚ ਉਸ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਸਲਮਾ ਨੇ ਯਾਦ ਕਰਦਿਆਂ ਦੱਸਿਆ, ‘ਮੈਂ ਆਪਣੇ ਦੋਸਤ ਨਾਲ ਇਕ ਸਮਾਗਮ ਵਿੱਚ ਗਈ ਸੀ। ਉਸ (ਟਰੰਪ) ਨੇ ਆਪਣੀ ਜੈਕੇਟ ਮੇਰੇ ਮੋਢਿਆਂ ਉਤੇ ਦੇ ਦਿੱਤੀ ਕਿਉਂਂਕਿ ਠੰਢ ਕਾਰਨ ਮੈਂ ਆਪਣੇ ਮੋਢੇ ਰਗੜ ਰਹੀ ਸੀ। ਉਹ ਦਿਲਕਸ਼ ਤੇ ਬਹੁਤ ਜ਼ਿਆਦਾ ਚੰਗਾ ਸੀ। ਉਸ ਨੇ ਮੇਰੇ ਪੁਰਸ਼ ਮਿੱਤਰ ਨੂੰ ਕਿਹਾ, ‘ਮੈਨੂੰ ਮੁਆਫ਼ ਕਰਨਾ ਤੁਹਾਡੀ ਦੋਸਤ ਨੂੰ ਠੰਢ ਲੱਗ ਰਹੀ ਸੀ। ਇਸ ਬਾਅਦ ਉਹ ਮੇਰੇ ਬੌਇਫਰੈਂਡ ਦਾ ਦੋਸਤ ਬਣ ਗਿਆ ਅਤੇ ਉਸ ਨੂੰ ਰਾਤਰੀ ਭੋਜ ਲਈ ਸੱਦਾ ਦਿੱਤਾ ਤੇ ਕਿਹਾ ਕਿ ਜੇਕਰ ਤੁਸੀਂ ਨਿਊਯਾਰਕ ਵਿੱਚ ਹੋਵੋਂ ਤਾਂ ਤੁਸੀਂ ਐਟਲਾਂਟਿਕ ਸਿਟੀ ਆ ਸਕਦੇ ਹੋ। ਤੁਸੀਂ ਮੇਰੇ ਹੋਟਲ ਵਿੱਚ ਰੁਕ ਸਕਦੇ ਹੋ। ਮੈਨੂੰ ਆਪਣੇ ਨੰਬਰ ਦਿਓ।’ ਇਸ ਅਦਾਕਾਰਾ ਨੇ ਦੱਸਿਆ ਕਿ ਟਰੰਪ ਨੇ ਉਸ ਰਾਤ ਬਾਅਦ ਉਸ ਦੇ ਦੋਸਤ ਨਾਲ ਮੁੜ ਕਦੇ ਗੱਲ ਨਾ ਕੀਤੀ ਪਰ ਉਸ ਨੂੰ ਫੋਨ ਕਰਦਾ ਰਿਹਾ। ਸਲਮਾ ਨੇ ਕਿਹਾ, ‘ਉਹ ਮੈਨੂੰ ਬਾਹਰ ਚੱਲਣ ਦੇ ਸੱਦੇ ਦੇ ਰਿਹਾ ਸੀ ਅਤੇ ਮੈਂ ਕਹਿ ਰਹੀ ਸੀ, ਮੇਰੇ ਬੌਇਫਰੈਂਡ ਦਾ ਕੀ? ਕੀ ਮੈਂ ਪਾਗਲ ਹਾਂ? ਤੁਹਾਨੂੰ ਪਤਾ ਹੈ, ਮੇਰਾ ਬੌਇਫਰੈਂਡ ਹੈ।’ ਉਸ ਨੇ ਦਾਅਵਾ ਕੀਤਾ ਕਿ ਟਰੰਪ ਨੇ ਜਵਾਬ ਦਿੱਤਾ, ‘ਉਹ ਤੇਰੇ ਲਈ ਠੀਕ ਨਹੀਂ ਹੈ। ਉਹ ਖ਼ਾਸ ਨਹੀਂ ਹੈ। ਉਹ ਤੇਰੇ ਲਈ ਜ਼ਿਆਦਾ ਢੁਕਵਾਂ ਨਹੀਂ ਹੈ। ਤੂੰ, ਮੇਰੇ ਨਾਲ ਚੱਲ।’ ਜ਼ਿਕਰਯੋਗ ਹੈ ਕਿ ਬ੍ਰਿਟਿਸ ਸਟਾਰ ਐਮਾ ਥੌਂਪਸਨ ਨੇ ਵੀ ਟਰੰਪ ਵਲੋਂ ਉਸ ਨੂੰ ਭਰਮਾਉਣ ਤੇ ਟਰੰਪ ਟਾਵਰ ਉਤੇ ਆਉਣ ਦਾ ਸੱਦਾ ਦੇਣ ਬਾਰੇ ਖ਼ੁਲਾਸਾ ਕੀਤਾ ਸੀ।