ਆਸਟਰੇਲੀਆ : ਸਿੱਖ ਟੈਕਸੀ ਚਾਲਕ ਵਿਦਿਆਰਥੀ ‘ਤੇ ਨਸਲੀ ਹਮਲਾ

ਆਸਟਰੇਲੀਆ : ਸਿੱਖ ਟੈਕਸੀ ਚਾਲਕ ਵਿਦਿਆਰਥੀ ‘ਤੇ ਨਸਲੀ ਹਮਲਾ

ਤਸਮਾਨੀਆ/ਬਿਊਰੋ ਨਿਊਜ਼ :
ਆਸਟਰੇਲੀਆ ਵਿੱਚ 25 ਸਾਲਾ ਭਾਰਤੀ ਟੈਕਸੀ ਡਰਾਈਵਰ ਉਤੇ ਦੋ ਯਾਤਰੀਆਂ ਨੇ ਹਮਲਾ ਕਰ ਕੇ ਬੇਹੋਸ਼ ਕਰ ਦਿੱਤਾ। ਹਮਲਾਵਰਾਂ ਵਿੱਚ ਇਕ ਔਰਤ ਵੀ ਸ਼ਾਮਲ ਸੀ, ਜਿਨ੍ਹਾਂ ਉਸ ਖ਼ਿਲਾਫ਼ ਨਸਲੀ ਟਿੱਪਣੀਆਂ ਵੀ ਕੀਤੀਆਂ। ਇੱਥੇ ਹੌਸਪਿਟੈਲਿਟੀ ਦੀ ਪੜ੍ਹਾਈ ਕਰ ਰਹੇ ਪਰਦੀਪ ਸਿੰਘ ਉਤੇ ਸ਼ਨਿੱਚਰਵਾਰ ਰਾਤੀਂ ਆਸਟਰੇਲੀਆ ਦੇ ਟਾਪੁਨੁਮਾ ਰਾਜ ਤਸਮਾਨੀਆ ਵਿੱਚ ਸੈਂਡੀ ਬੇਅ ਮੈਕਡੌਨਲਡ ਦੇ ਡਰਾਈਵ ਥਰੂ ਉਤੇ ਹਮਲਾ ਹੋਇਆ। ‘ਦਿ ਮਰਕਰੀ’ ਦੀ ਰਿਪੋਰਟ ਅਨੁਸਾਰ ਪਰਦੀਪ ਸਿੰਘ ਉਤੇ ਯਾਤਰੀਆਂ ਨੇ ਉਦੋਂ ਹਮਲਾ ਕੀਤਾ, ਜਦੋਂ ਉਸ ਨੇ ਉਲਟੀ ਕਰਨ ਜਾ ਰਹੀ ਲੜਕੀ ਨੂੰ ਕਾਰ ਵਿਚੋਂ ਉਤਰਨ ਲਈ ਆਖਿਆ। ਉਸ ਨੇ ਯਾਤਰੀਆਂ ਨੂੰ ਕਿਹਾ ਕਿ ਜੇ ਉਹ ਕਾਰ ਗੰਦੀ ਕਰਨਗੇ ਤਾਂ ਉਨ੍ਹਾਂ ਨੂੰ ਸਫਾਈ ਦੀ ਫੀਸ ਦੇਣੀ ਪਵੇਗੀ।
ਪਰਦੀਪ ਸਿੰਘ ਨੇ ਦੋਸ਼ ਲਾਇਆ ਕਿ ਮਹਿਲਾ ਯਾਤਰੀ ਨੇ ਗਾਲਾਂ ਕੱਢਦਿਆਂ ਕਿਹਾ ਕਿ ਉਹ ਕਿਰਾਇਆ ਜਾਂ ਸਫ਼ਾਈ ਦੀ ਫੀਸ ਨਹੀਂ ਦੇਣਗੇ। ਉਨ੍ਹਾਂ ਡਰਾਈਵਰ ਨੂੰ ਕਈ ਦਫ਼ਾ ਮੁੱਕੇ ਤੇ ਠੁੱਡੇ ਮਾਰੇ। ਰੌਇਲ ਹੋਬਰਟ ਹਸਪਤਾਲ ਵਿੱਚ ਦਾਖ਼ਲ ਪਰਦੀਪ ਸਿੰਘ ਨੇ ਕਿਹਾ ਕਿ ”ਹਮਲਾਵਰਾਂ ਨੇ ਚੀਕ ਕੇ ਆਖਿਆ ਕਿ ਤੁਸੀਂ ਭਾਰਤੀ ਇਸੇ ਦੇ ਲਾਇਕ ਹੋ।” ਇੰਸਪੈਕਟਰ ਇਆਨ ਵਿਸ਼ ਵਿਲਸਨ ਨੇ ਕਿਹਾ ਕਿ ਦੋਵਾਂ ਯਾਤਰੀਆਂ ਉਤੇ ਹਮਲੇ ਨਾਲ ਸਬੰਧਤ ਦੋਸ਼ ਲਾਏ ਗਏ ਹਨ ਅਤੇ ਉਨ੍ਹਾਂ ਨੂੰ 26 ਜੂਨ ਨੂੰ ਹੋਬਰਟ ਮੈਜਿਸਟਰੇਟਸ ਕੋਰਟ ਵਿੱਚ ਪੇਸ਼ ਹੋਣਾ ਪਵੇਗਾ।