ਗੁਰਦੁਆਰਾ ਸਿੰਘ ਸਭਾ ਰੈਨਟਨ ਦੀ ਸੰਗਤ ਨੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰਦੁਆਰਾ ਸਿੰਘ ਸਭਾ ਰੈਨਟਨ ਦੀ ਸੰਗਤ ਨੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਸਿਆਟਲ/ਬਿਊਰੋ ਨਿਊਜ਼ :
ਗੁਰਦੁਆਰਾ ਸਿੰਘ ਸਭਾ ਰੈਨਟਨ ਤੇ ਆਸਪਾਸ ਦੇ ਸਮੂਹ ਗੁਰਦੁਆਰਿਆਂ ਤੇ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 10ਵਾਂ ਸਾਲਾਨਾ ਨਗਰ ਕੀਰਤਨ ਸੌਵੇਅਰ ਸੈਂਟਰ ਕੈਂਟ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ, ਜਿਸ ਦਾ ਦੂਰ-ਦੂਰ ਤੋਂ ਆਈਆਂ ਸੰਗਤਾਂ ਨੇ ਖੂਬ ਆਨੰਦ ਮਾਣਿਆ। ਸਿਆਟਲ ਦਾ ਨਗਰ ਕੀਰਤਨ ਖ਼ਾਲਸਾਈ ਰੰਗ ਵਿਚ ਰੰਗਿਆ ਗਿਆ। ਐਤਵਾਰ ਸਵੇਰੇ 10 ਵਜੇ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਰਤਨੀ ਜਥਿਆਂ ਭਾਈ ਜਰਨੈਲ ਸਿੰਘ, ਭਾਈ ਵਰਿਆਮ ਸਿੰਘ ਤੇ ਭਾਈ ਪਰਮਜੀਤ ਸਿੰਘ ਨੇ ਰਸਭਿੰਨਾ ਕੀਰਤਨ ਕਰਕੇ, ਭਾਈ ਕੁਲਬੀਰ ਸਿੰਘ ਦਿਲਬਰ ਦੇ ਢਾਡੀ ਜਥੇ ਨੇ ਕਵੀਸ਼ਰੀ ਵਾਰਾਂ ਸੁਣਾ ਕੇ ਅਤੇ ਗਿਆਨੀ ਸ਼ੇਰ ਸਿੰਘ ਨੇ ਕਥਾ ਰਾਹੀਂ ਖਾਲਸੇ ਦਾ ਜਨਮ ਦਿਨ ਵਿਸਥਾਰ ਸਹਿਤ ਜੱਸ ਗਾਇਨ ਕੀਤਾ। ਇਸ ਮੌਕੇ ਦਾਨੀਆਂ-ਸੇਵਾਦਾਰਾਂ ਯੈਲੋ ਕੈਬ, ਔਰੈਂਜ ਕੈਬ, ਸਟੀਲ ਕੈਂਬ, ਮਨਜੀਤ ਸਿੰਘ ਇੰਸ਼ੋਰੈਂਸ ਕੰਪਨੀ, ਬੋਬਲ ਗੁਰਦੁਆਰਾ ਦੇ ਸੋਚ ਸੈਂਟਰ ਦੇ ਵਾਲੰਟੀਅਰਾਂ ਵੱਲੋਂ ਲੰਗਰ ਤੇ ਮੈਡੀਕਲ ਕੈਂਪ, ਪੰਜਾਬ ਟਰੇਡਿੰਗ ਕੰਪਨੀ ਕੁਲਵੰਤ ਸਿੰਘ ਸ਼ਾਹ, ਓਰਵਰੀ ਬਿਊਟੀ ਪਾਰਲਰ ਤੇ ਸਪਾ ਦੇ ਮਾਲਕ ਸੰਨੀ ਰਾਜ, ਜੇ. ਐਂਡ ਐਚ. ਐਕਸਪ੍ਰੈੱਸ ਟਰੱਕਿੰਗ ਕੰਪਨੀ ਦੇ ਮਾਲਕ ਮਨਮੋਹਣ ਸਿੰਘ ਧਾਲੀਵਾਲ ਅਤੇ ਘਨੱਈਆ ਸੇਵਾ ਸੁਸਾਇਟੀ ਦੇ ਸੇਵਾਦਾਰਾਂ, ਆਜ਼ਾਦ ਸਪੋਰਟਸ ਕਲੱਬ ਤੇ ਹੋਰ ਕਈ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨ, ਲੰਗਰ ਤਿਆਰ ਕਰਕੇ ਸੰਗਤ ਦੀ ਸੇਵਾ ਵਿਚ ਪੇਸ਼ ਕੀਤੇ।
ਧਾਰਮਿਕ ਸਟੇਜ ਤੋਂ ਸੇਲਮ ਤੋਂ ਬਹਾਦਰ ਸਿੰਘ, ਪੋਰਟਲੈਂਡ ਤੋਂ ਗੁਰਜੀਤ ਸਿਘ ਰਾਕਾ, ਲਿੰਡਨ ਤੋਂ ਬਾਬਾ ਹਰੀ ਸਿੰਘ, ਸਰੀ ਤੋਂ ਮਨਜੀਤ ਸਿੰਘ ਧਾਮੀ, ਡਾ. ਅਮਰਜੀਤ ਸਿੰਘ, ਬਾਬਾ ਰਾਮ ਸਿੰਘ, ਹਰਪਾਲ ਸਿੰਘ ਸੱਪਰਾ, ਹਰਸ਼ਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ, ਰੇਡੀਓ ਪੰਜਾਬ ਦੇ ਹੋਸਟਾਂ, ਫਾਸਟਵੇ ਟੀ.ਵੀ. ਤੇ ਵੱਖ-ਵੱਖ ਸਟਾਲਾਂ ਦੇ ਆਲੋਚਕਾਂ ਤੇ ਕਈ ਮਾਣਮੱਤੀਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ ਗਿਆ। ਮਨਮੋਹਣ ਸਿੰਘ ਧਾਲੀਵਾਲ, ਮਹਿੰਦਰ ਸਿੰਘ ਸੋਹਲ, ਮੈਨੇਜਰ ਗੁਰਦੁਆਰਾ ਹਰਸ਼ਰਨ ਸਿੰਘ ਉਦੋਕੇ ਨੇ ਦੱਸਿਆ ਕਿ 25 ਹਜ਼ਾਰ ਤੋਂ ਵੱਧ ਸੰਗਤਾਂ ਦਾ ਰਿਕਾਰਡ ਤੋੜ ਇਕੱਠ ਵੇਖਣ ਨੂੰ ਮਿਲਿਆ। ਸਿਆਟਲ ਦੇ ਨਗਰ ਕੀਰਤਨ ਦਾ ਅੱਖੀਂ ਡਿੱਠਾ ਹਾਲ ਪੰਜਾਬ ਰੇਡੀਓ ਅਤੇ ਫਾਸਟਵੇ ਟੀ.ਵੀ. ਚੈਨਲ ਨੇ ਸਿੱਧਾ ਪ੍ਰਸਾਰਨ ਕੀਤਾ।