ਸਟਾਕਟਨ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵੱਲੋਂ ਵਿਸਾਖੀ ਮੌਕੇ ਵਿਸ਼ਾਲ ਨਗਰ ਕੀਰਤਨ

ਸਟਾਕਟਨ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵੱਲੋਂ ਵਿਸਾਖੀ ਮੌਕੇ ਵਿਸ਼ਾਲ ਨਗਰ ਕੀਰਤਨ

ਅਮਰੀਕਨ ਤੇ ਸਿੱਖ ਆਗੂਆਂ ਸਮੇਤ ਭਾਰੀ ਗਿਣਤੀ ਸੰਗਤਾਂ ਨੇ ਕੀਤੀ ਸ਼ਿਰਕਤ
ਸਟਾਕਟਨ/ਹੁਸਨ ਲੜੋਆ ਬੰਗਾ:
ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਸਟਾਕਟਨ, ਕੈਲੀਫੋਰਨੀਆ ਗੁਰਦੁਆਰਾ ਸਾਹਿਬ ਵੱਲੋਂ ਵਿਸਾਖੀ ਪੁਰਬ ਤੇ ਵਿਸ਼ਾਲ ਨਗਰ ਕੀਰਤਨ ਕੀਤਾ ਗਿਆ ਜਿਸ ਦੌਰਾਨ ਭਾਰੀ ਮੀਂਹ ਦੇ ਬਾਵਜੂਦ ਹਜਾਰਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਪੰਜਾਂ ਪਿਆਰਿਆਂ ਦੀ ਅਗਵਾਈ ਵਿਚੋਂ ਕੱਢੇ ਗਏ ਨਗਰ ਕੀਰਤਨ ਤੋਂ ਪਹਿਲਾਂ ਰਾਤ ਤੇ ਸਵੇਰੇ ਭਾਰੀ ਦੀਵਾਨ ਸਜਾਏ ਗਏ ਜਿਸ ਵਿਚ ਵੱਖ ਵੱਖ ਸਿੱਖ ਤੇ ਅਮਰੀਕਨ ਆਗੂਆਂ ਨੇ ਭਰਵੀਂ ਹਾਜ਼ਰੀ ਲੁਆਈ ਤੇ ਆਪਣੇ ਆਪਣੇ ਵਿਚਾਰ ਰੱਖੇ।
ਇਨ੍ਹਾਂ ਬੁਲਾਰਿਆਂ ਵਿਚ ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਨੇ ਆਪਣੀ ਤਕਰੀਰ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਨ੍ਹਾਂ ਵਿਚਾਰਾਂ ਨੂੰ ਕਾਫ਼ੀ ਭੰਡਿਆ ਜਿਸ ਵਿਚ ਉਨ੍ਹਾਂ ਕੈਨੇਡਾ ਦੇ ਸਿੱਖ ਰੱਖਿਆ ਮੰਤਰੀ ਨੂੰ ਖਾਲਿਸਤਾਨ ਨਾਲ ਜੋੜ ਕੇ ਨਾ ਮਿਲਣ ਦੀ ਗੱਲ ਆਖੀ ਸੀ .ਇਸ ਦੇ ਜਵਾਬ ਵਿਚ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਪਿਛੋਕੜ ਸਿੱਖ ਕੌਮ ਨਾਲ ਕੀਤੀਆਂ ਗਦਾਰੀਆਂ ਨਾਲ ਭਰਿਆ ਗਿਆ ਹੈ ਤੇ ਅਸਲ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕੈਨੇਡਾ ਫੇਰੀ ਦੌਰਾਨ ਉਸਨੂੰ ਕਿਧਰੋ ਵੀ ਬੋਲਣ ਨਹੀਂ ਸੀ ਦਿੱਤਾ ਗਿਆ ਜਿਸ ਕਰਕੇ ਉਹ ਬੁਖਲਾ ਗਿਆ।
ਬਾਕੀ ਬੁਲਾਰਿਆਂ ਵਿਚ ਸੁਖਵਿੰਦਰ ਸਿੰਘ ਸਿੱਖਸ ਫਾਰ ਜਸਟਿਸ, ਨਿਰਮਲ ਸਿੰਘ ਥਿਆੜਾ, ਹਰਪ੍ਰੀਤ ਸਿੰਘ ਸੰਧੂ ਸਿੱਖ ਕਾਕਸ, ਮਨਮੀਤ ਸਿੰਘ, ਜੋ ਸੈਨੇਟ ਲਈ ਮੋਡੈਸਟੋ ਸ਼ਹਿਰ ਤੋਂ ਉਮੀਦਵਾਰ ਹਨ ਤੋਂ ਇਲਾਵਾ ਸਟਾਕਟਨ ਸ਼ਹਿਰ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ, ਲੈਥਰੋਪ ਸ਼ਹਿਰ ਦੇ ਪੁਲਿਸ ਮੁਖੀ ਤੇ ਲੈਥਰੋਪ ਸ਼ਹਿਰ ਦੇ ਮੇਅਰ ਸੰਨੀ ਧਾਲੀਵਾਲ ਤੋਂ ਇਲਾਵਾ ਬਾਕੀ ਸ਼ਾਮਲ ਹੋਣ ਵਾਲਿਆਂ ਵਿਚ ਸਿੱਖ ਆਗੂ ਜੌਨ ਸਿੰਘ ਗਿੱਲ, ਹਰਨੇਕ ਅਟਵਾਲ, ਜਸਵਿੰਦਰ ਜੰਡੀ, ਕੁਲਜੀਤ ਨਿੱਝਰ ਅਤੇ ਹੋਰਨਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।
ਇਸ ਦੌਰਾਨ ਧਾਰਮਿਕ ਸਮਾਗਮਾਂ ਵਿਚ ਪੰਥ ਦੇ ਮਹਾਨ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ, ਕਵੀਸ਼ਰ ਭਾਈ ਸੁਲੱਖਣ ਸਿੰਘ ਦਾ ਜਥਾ, ਹਜ਼ੂਰੀ ਰਾਗੀ ਗੁਰੂ ਘਰ ਸਟਾਕਟਨ, ਭਾਈ ਹਰਪ੍ਰੀਤ ਸਿੰਘ ਦਰਬਾਰ ਸਾਹਿਬ ਵਾਲੇ, ਭਾਈ ਮਹਿਲ ਸਿੰਘ ਦੇ ਕਵੀਸ਼ਰੀ ਜਥੇ  ਸਮੇਤ ਹੋਰਨਾਂ ਨੇ ਲਗਾਤਾਰ ਹਾਜ਼ਰੀ ਲੁਆਈ। ਇਨ੍ਹਾਂ ਸਮਾਗਮਾਂ ਦੌਰਾਨ ਨਗਰ ਕੀਰਤਨ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਤੇ ਚੋਲਾ ਸਾਹਿਬ ਬਦਲਿਆ ਗਿਆ।
ਨਗਰ ਕੀਰਤਨ ਦੌਰਾਨ ਵੱਖ ਵੱਖ ਫਲੋਟਾਂ ਰਾਹੀਂ ਸਿੱਖ ਇਤਿਹਾਸ ਤੇ ਸਿੱਖ ਘੱਲੂਘਾਰੇ ਦੀਆਂ ਤਸਵੀਰਾਂ ਵੀ ਸ਼ੁਸੋਭਤ ਕੀਤੀਆਂ ਗਈਆਂ ਸਨ ਜਿਨ੍ਹਾਂ ਰਾਹੀਂ ਸਿੱਖਾਂ ਦੇ ਇਤਿਹਾਸ ਤੇ ਤਰਾਸਦੀ ਦਾ ਜਿਕਰ ਸੀ।
ਇਸ ਮੌਕੇ ਗੁਰੂ ਘਰ ਦੇ ਪ੍ਰਬੰਧਕਾਂ ਗੁਲਵਿੰਦਰ ਸਿੰਘ ਗਾਖਲ ਪ੍ਰਧਾਨ, ਮਨਜੀਤ ਸਿੰਘ ਮੁਕੇਰੀਆ, ਸੈਕਟਰੀ ਜਤਿੰਦਰ ਸਿੰਘ ਪੰਮਾ, ਅਮਰਜੀਤ ਸਿੰਘ ਕੰਗ, ਖਜਾਨਚੀ ਰਣਜੀਤ ਸਿੰਘ ਚੰਦੋਵਾਲੀਆ ਤੇ ਪਰਮਜੀਤ ਸਿੰਘ ਨਿੱਝਰ ਨੇ ਸਮੂਹ ਸੰਗਤਾਂ, ਵਲੰਟੀਅਰਾਂ ਤੇ ਲੰਗਰ ਦਾਨੀਆਂ ਦਾ ਧੰਨਵਾਦ ਕੀਤਾ।