ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਭਾਰਤੀ ਕੌਂਸਲਖਾਨੇ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਭਾਰਤੀ ਕੌਂਸਲਖਾਨੇ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਸ਼ਹੀਦ ਭਗਤ ਸਿੰਘ ਦੀ ਤਸਵੀਰ ਕੌਂਸਲਖਾਨੇ ਵਿਚ ਲਾਈ  
ਸਾਨ ਫਰਾਂਸਿਸਕੋ/ਹੁਸਨ ਲੜੋਆ ਬੰਗਾ :
ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਮੌਕੇ ਭਾਰਤੀ ਕੌਂਸਲਖਾਨਾ ਸਾਨ ਫਰਾਂਸਿਸਕੋ ਵਿਚ ਹੋਏ ਸਮਾਗਮ ‘ਚ ਜਲ੍ਹਿਆਂ ਵਾਲਾ ਬਾਗ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਕੌਂਸਲੇਟ ਜਨਰਲ ਸ੍ਰੀ ਵੈਂਕਾਟੇਸ਼ ਅਸ਼ੋਕ ਨੇ ਵਿਸਾਖੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕੌਂਸਲਖਾਨੇ ਵਿਚ ਲਾਈ ਸ਼ਹੀਦ ਭਗਤ ਸਿੰਘ ਦੀ ਤਸਵੀਰ ਉਪਰੋਂ ਪਰਦਾ ਹਟਾਉਣ ਦੀ ਰਸਮ ਨਿਭਾਈ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਬਹੁਤ ਬਹਾਦਰ ਕੌਮ ਹੈ ਤੇ ਸਿੱਖਾਂ ਦਾ ਭਾਰਤ ਦੀ ਆਜ਼ਾਦੀ ਵਿਚ ਬਹੁਤ ਵੱਡਾ ਯੋਗਦਾਨ ਹੈ। ਸ਼ਹੀਦ ਭਗਤ ਸਿੰਘ ਵਰਗੇ ਅਨੇਕਾਂ ਸ਼ਹੀਦਾਂ ਨੇ ਦੇਸ਼ ਦੀ ਅਜ਼ਾਦੀ ਲਈ ਆਪਾ ਵਾਰ ਦਿੱਤਾ। ਹੋਰਨਾਂ ਬੁਲਾਰਿਆਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਭਗਤ ਸਿੰਘ ਦੀ ਸੋਚ ਉਪਰ ਪਹਿਰਾ ਦੇਣ ਦੀ ਅਪੀਲ ਕੀਤੀ। ਸਮਾਗਮ ਵਿਚ ਵੱਖ ਵੱਖ ਸੋਸਾਇਟੀਆਂ ਤੇ ਸੰਸਥਾਵਾਂ ਦੇ ਆਗੂ ਪੁੱਜੇ ਹੋਏ ਸਨ। ਇਹ ਸਾਰਾ ਪ੍ਰਬੰਧ ਵਾਈਸ ਕੌਂਸਲ ਸ੍ਰੀ ਵੈਂਕਟਾਰਮਨ ਦੀ ਦੇਖ ਰੇਖ ਹੇਠ ਹੋਇਆ। ਇਸ ਮੌਕੇ ਦੁਪਹਿਰ ਦੇ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਗਿਆ ਜਿਸ ਦੀ ਸੇਵਾ ਪੰਜਾਬ ਐਕਸਪ੍ਰੈਸ ਰੈਸਟੋਰੈਂਟ ਦੇ ਕੁਲਵਿੰਦਰ ਸਿੰਘ ਵੱਲੋਂ ਕੀਤੀ ਗਈ। ਸਮਾਗਮ ਵਿਚ ਪੁੱਜੀਆਂ ਅਹਿਮ ਸਖਸ਼ੀਅਤਾਂ ਵਿਚ ਦਲਵਿੰਦਰ ਸਿੰਘ ਧੂਤ, ਜਗਦੇਵ ਰਾਮ ਅਟਾਰਨੀ ਐਟ ਲਾਅ , ਅਜੇਪਾਲ ਰਾਮ ਅਟਰਾਨੀ ਐਟ ਲਾਅ , ਗਲਿੰਦਰ ਗਿੱਲ, ਚਰਨ ਸਿੰਘ ਜੱਜ, ਸੁਰਿੰਦਰ ਸਿੰਘ ਮੰਢਾਲੀ, ਇੰਡੋ ਅਮਰੀਕਨ ਫੋਰਮ ਦੇ ਮੈਂਬਰ, ਹਰਜਿੰਦਰ ਧਾਮੀ, ਰੋਮੀ ਉਪਲ, ਕੈਪਟਨ ਕਰਮਜੀਤ ਸਿੰਘ, ਪਰਮਜੀਤ ਸਿੰਘ ਦਾਖਾ, ਸੁਰਜੀਤ ਮਾਣਕੂ, ਬੂਟਾ ਸਿੰਘ ਬਾਸੀ ਸੰਪਾਦਕ ‘ਸਾਂਝੀ ਸੋਚ’, ਗੁਰਮੀਤ ਗਾਜਿਆਣਾ, ਮਹਿੰਦਰ ਕੰਡਾ, ਸੰਜੀਵ ਕੁਮਾਰ, ਸ਼੍ਰੋਮਣੀ ਅਕਾਲੀ ਦਲ ਯੂਥ ਕੈਲੀਫੋਰਨੀਆ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ, ਜਸਬੀਰ ਪਵਾਰ ਸੈਨਹੋਜੇ ਗੁਰੂ ਘਰ, ਸੁੱਖੀ ਚਾਹਲ, ਗੁਰਵੰਤ ਸਿੰਘ ਪੰਨੂ ਪ੍ਰਧਾਨ ਓਵਰਸੀਜ ਕਾਂਗਰਸ ਤੇ ਪ੍ਰਦੀਪ ਗਣਤਰਾ ਏਅਰ ਇੰਡੀਆ ਸਟੇਸ਼ਨ ਮਾਸਟਰ ਹਾਜ਼ਰ ਸਨ। ਗੁਰਜਤਿੰਦਰ ਸਿੰਘ ਰੰਧਾਵਾ ਨੇ ਆਪਣਾ ਵਧਾਈ ਸੰਦੇਸ਼ ਭੇਜਿਆ ਕਿਉਂਕਿ ਉਹ ਭਾਰਤ ਗਏ ਹੋਣ ਕਾਰਨ ਪਹੁੰਚ ਨਹੀਂ ਸਕੇ। ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਬਹੁਤ ਹੀ ਵਧੀਆ ਢੰਗ ਨਾਲ ਸਮਾਪਤ ਹੋਇਆ।
ਵਰਨਣਯੋਗ ਹੈ ਕਿ ਸਾਨ ਫਰਾਂਸਿਸਕੋ ਸਥਿੱਤ ਭਾਰਤੀ ਕੌਂਸਲੇਟ ਜਰਨਲ ਦੀ ਇਮਾਰਤ ਗਦਰ ਮੈਮੋਰੀਅਲ ਵਜੋਂ ਜਾਣੀ ਹੈ।
ਗਦਰੀ ਬਾਬਿਆਂ ਨੇ ਇਸ ਇਮਾਰਤ ਦੀ ਉਸਾਰੀ ਸਿੱਖ ਸੰਗਤ ਦੇ ਪੈਸਿਆਂ ਨਾਲ ਕੀਤੀ ਸੀ। ਭਾਰਤੀ ਕੌਂਸਲੇਟ ਨੇ ਕੁਝ ਸਾਲ ਪਹਿਲਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਇੱਥੇ ਲਾਈ ਸੀ। ਕੌਂਸਲੇਟ ਅਧਿਕਾਰੀਆਂ ਨੂੰ ਸਾਰੇ ਮੁੱਖ ਗਦਰੀ ਬਾਬਿਆਂ ਦੀਆਂ ਤਸਵੀਰਾਂ ਮੇਨ ਲਾਬੀ ਵਿੱਚ ਲਾਉਣੀਆਂ ਚਾਹੀਦੀਆਂ ਹਨ। ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਗਦਰੀ ਬਾਬਿਆਂ ਦਾ ਅਹਿਮ ਯੋਗਦਾਨ ਹੈ ਜਦੋਂ ਕਿ ਸਾਰਾ ਸਿਹਰਾ ਰਾਜਸੀ ਸੌਦੇਬਾਜੀ ਕਰਨ ਵਾਲੇ ਗਾਂਧੀ ਤੇ ਨਹਿਰੂ ਦੇ ਸਿਰ ਬੰਨ੍ਹ ਦਿੱਤਾ ਜਾਂਦਾ ਹੈ।
ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੀਆਂ ਪੁਸਤਕਾਂ ਵਿੱਚ ਗਦਰੀ ਬਾਬਿਆਂ ਦੀ ਮਹਾਨ ਦੇਣ ਦਾ ਜ਼ਿਕਰ ਤੱਕ ਸਹੀ ਢੰਗ ਨਾਲ ਨਹੀਂ ਕੀਤਾ ਜਾਂਦਾ।