ਵੈਸਟਨ ਵਿਚ ਘਰੇਲੂ ਝਗੜੇ ਕਾਰਨ ਗੋਲੀਬਾਰੀ ਦੌਰਾਨ ਪੁਲੀਸ ਅਫ਼ਸਰ ਸਣੇ ਚਾਰ ਹਲਾਕ

ਵੈਸਟਨ ਵਿਚ ਘਰੇਲੂ ਝਗੜੇ ਕਾਰਨ ਗੋਲੀਬਾਰੀ ਦੌਰਾਨ ਪੁਲੀਸ ਅਫ਼ਸਰ ਸਣੇ ਚਾਰ ਹਲਾਕ

ਵੈਸਟਨ/ਬਿਊਰੋ ਨਿਊਜ਼ :
ਅਮਰੀਕੀ ਸੂਬੇ ਵਿਸਕਾਨਸਨ ਦੇ ਸ਼ਹਿਰ ਵੈਸਟਨ ਵਿੱਚ ਘਰੇਲੂ ਵਿਵਾਦ ਦੇ ਹਿੰਸਕ ਰੂਪ ਧਾਰ ਲੈਣ ਕਾਰਨ ਤਿੰਨ ਥਾਈਂ ਗੋਲੀਆਂ ਚੱਲਣ ਕਰ ਕੇ ਇਕ ਪੁਲੀਸ ਅਫ਼ਸਰ ਸਮੇਤ ਚਾਰ ਜਾਨਾਂ ਚਲੀਆਂ ਗਈਆਂ। ਇਸ ਸਬੰਧੀ ਇਕ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਇਹ ਘਟਨਾ ਬੀਤੇ ਦਿਨ ਵਾਪਰੀ ਤੇ ਇਕ ਬੈਂਕ, ਇਕ ਲਾਅ ਫ਼ਰਮ ਅਤੇ ਇਕ ਅਪਾਰਟਮੈਂਟ ਵਿੱਚ ਗੋਲੀਆਂ ਚੱਲੀਆਂ। ਪੁਲੀਸ ਦੀ ਵਿਸ਼ੇਸ਼ ਟੀਮ ਅਤੇ ਹਥਿਆਰਬੰਦ ਮੁਲਜ਼ਮ ਕਈ ਘੰਟੇ ਇਕ ਦੂਜੇ ਵਿਰੁੱਧ ਡਟੇ ਰਹੇ। ਅਧਿਕਾਰੀਆਂ ਨੇ  ਮ੍ਰਿਤਕਾਂ ਜਾਂ ਮਸ਼ਕੂਕਾਂ ਬਾਰੇ ਹੋਰ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ। ਕ੍ਰਿਮਿਨਲ ਜਾਂਚ ਡਿਵੀਜ਼ਨ ਦੇ ਅਧਿਕਾਰੀ ਜੇਸਨ ਸਮਿਥ ਨੇ ਦੱਸਿਆ ਕਿ ਪੁਲੀਸ ਵੱਲੋਂ ਜਾਂਚ ਪਿੱਛੋਂ ਵੇਰਵੇ ਜਾਰੀ ਕੀਤੇ ਜਾਣਗੇ।