ਨਸਲੀ ਹਿੰਸਾ ਰੋਕਣ ਲਈ ਡੇਲਾਵੇਅਰ ਨੇ ਅਪ੍ਰੈਲ ਨੂੰ ‘ਸਿੱਖ ਜਾਗਰੂਕਤਾ ਮਹੀਨਾ’ ਐਲਾਨਿਆ

ਨਸਲੀ ਹਿੰਸਾ ਰੋਕਣ ਲਈ ਡੇਲਾਵੇਅਰ ਨੇ ਅਪ੍ਰੈਲ ਨੂੰ ‘ਸਿੱਖ ਜਾਗਰੂਕਤਾ ਮਹੀਨਾ’ ਐਲਾਨਿਆ

ਕੈਪਸ਼ਨ-ਭਾਰਤੀ ਅਮਰੀਕੀ ਭਾਈਚਾਰੇ ਦੇ ਆਗੂ ਡੇਲਾਵੇਅਰ ਵਿੱਚ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਤੇ ਮੁਲਾਂਕਣ ਮਹੀਨੇ ਵਜੋਂ ਮਨਾਉਣ ਦੀ ਮੰਗ ਨੂੰ ਲੈ ਕੇ ਰਾਜਪਾਲ ਜੌਹਨ ਕਾਰਨੈੱਟ ਨੂੰ ਮੰਗ ਪੱਤਰ ਸੌਂਪਦੇ ਹੋਏ।

ਡੋਵੇਰ/ਬਿਊਰੋ ਨਿਊਜ਼ :
ਅਮਰੀਕਾ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਖਾਸ ਤੌਰ ‘ਤੇ ਸਿੱਖਾਂ ਖ਼ਿਲਾਫ਼ ਵਧ ਰਹੇ ਨਫ਼ਰਤੀ ਅਪਰਾਧਾਂ ਦੀਆਂ ਘਟਨਾਵਾਂ ਦੌਰਾਨ ਡੇਲਾਵੇਅਰ ਸਟੇਟ ਅਸੈਂਬਲੀ ਨੇ ਅਪ੍ਰੈਲ ਨੂੰ ‘ਸਿੱਖ ਜਾਗਰੂਕਤਾ ਤੇ ਸਨਮਾਨ ਮਹੀਨਾ’ ਐਲਾਨੇ ਜਾਣ ਬਾਰੇ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਸ ਸਬੰਧੀ ਮਤਾ ਸਟੇਟ ਅਸੈਂਬਲੀ ਦੇ ਦੋਵੇਂ ਚੈਂਬਰਾਂ-ਸੈਨੇਟ ਤੇ ਪ੍ਰਤੀਨਿਧ ਸਦਨ- ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆ।
ਭਾਰਤੀ-ਅਮਰੀਕੀ ਭਾਈਚਾਰੇ ਨੂੰ ਹਰ ਸੰਭਵ ਮਦਦ ਦਾ ਭਰੋਸਾ ਦੇਣ ਵਾਲੇ ਸਟੇਟ ਗਵਰਨਰ ਜੌਹਨ ਕਾਰਨੇ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਹ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਵੀ ਕਰ ਰਹੇ ਹਨ। ਸਥਾਨਕ ਕਾਰੋਬਾਰੀ ਤੇ ਸਿੱਖ ਭਾਈਚਾਰੇ ਦੇ ਆਗੂ ਚਰਨਜੀਤ ਸਿੰਘ ਮਿਨਹਾਸ ਦੀ ਅਗਵਾਈ ਹੇਠ ਮਿਲੇ ਭਾਰਤੀ-ਅਮਰੀਕੀਆਂ ਦੇ ਵਫ਼ਦ ਨੂੰ ਸ੍ਰੀ ਕਾਰਨੇ ਨੇ ਕਿਹਾ, ‘ਕੌਮੀ ਪੱਧਰ ‘ਤੇ ਸਹਿਮ ਦਾ ਮਾਹੌਲ ਹੈ ਅਤੇ ਇਹ ਇਕ ਮੁਲਕ ਵਜੋਂ ਅਮਰੀਕਾ ਲਈ ਨਾਮੋਸ਼ੀ ਵਾਲੀ ਗੱਲ ਹੈ। ਇਸ ਤਰ੍ਹਾਂ ਹਮਲੇ ਤੇ ਭੰਨਤੋੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ।’ ਸੈਨੇਟ ਵਿੱਚ ਮਤੇ ਨੂੰ ਪੇਸ਼ ਕਰਦਿਆਂ ਸੈਨੇਟਰ ਬ੍ਰਾਊਨ ਟਾਊਨਸੈਂਡ ਨੇ ਕਿਹਾ ਕਿ ਡੇਲਾਵੇਅਰ ਸਿੱਖ ਭਾਈਚਾਰੇ ਨਾਲ ਖੜ੍ਹਾ ਹੈ ਅਤੇ ਧਾਰਮਿਕ ਅਕੀਦੇ ਦੇ ਆਧਾਰ ‘ਤੇ ਕਿਸੇ ਵੀ ਵਿਅਕਤੀ ਨਾਲ ਨਫ਼ਰਤ ਦੀ ਨਿੰਦਾ ਕਰਦਾ ਹੈ।
16 ਮਾਰਚ ਨੂੰ ‘ਭਾਰਤੀ-ਅਮੈਰਿਕਨ ਸ਼ਲਾਘਾ ਦਿਨ’ ਵਜੋਂ ਮਾਨਤਾ :
ਵਾਸ਼ਿੰਗਟਨ: ਅਮਰੀਕਾ ਦੇ ਕੈਨਸਾਸ ਸੂਬੇ ਨੇ 16 ਮਾਰਚ ਨੂੰ ‘ਭਾਰਤੀ-ਅਮੈਰਿਕਨ ਸ਼ਲਾਘਾ ਦਿਨ’ ਵਜੋਂ ਮਾਨਤਾ ਦਿੱਤੀ ਹੈ। ਇਸ ਦਾ ਮਕਸਦ ਪਿਛਲੇ ਮਹੀਨੇ ਨਫਰਤੀ ਅਪਰਾਧ ਤਹਿਤ ਮਾਰੇ ਗਏ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਨੂੰ ਸਨਮਾਨ ਦੇਣਾ ਹੈ। 32 ਸਾਲਾ ਕੁਚੀਭੋਤਲਾ ਨੂੰ ਸਾਬਕਾ ਜਲ ਸੈਨਾ ਅਧਿਕਾਰੀ ਐਡਮ ਪੁਰਿੰਟਨ ਨੇ ਗੋਲੀ ਮਾਰ ਦਿੱਤੀ ਸੀ। ਕੈਨਸਾਸ ਦੇ ਗਵਰਨਰ ਸੈਮ ਬ੍ਰਾਊਨਬੈਕ ਨੇ ਕਿਹਾ, ‘ਹਿੰਸਾ ਦੀਆਂ ਬੇਹੂਦਾ ਘਟਨਾਵਾਂ ਸੂਬੇ ਨੂੰ ‘ਵੰਡ ਜਾਂ ਪਰਿਭਾਸ਼ਤ’ ਨਹੀਂ ਕਰਦੀਆਂ। ਭਾਰਤੀ ਭਾਈਚਾਰੇ ਦੇ ਵਿਲੱਖਣ ਯੋਗਦਾਨ ਨੇ ਕੈਨਸਾਸ ਨੂੰ ਬਿਹਤਰ ਜਗ੍ਹਾ ਬਣਾਇਆ ਹੈ। ਇਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।’