ਨਸਲੀ ਹਿੰਸਾ ਦੇ ਵਿਰੋਧ ‘ਚ ਸਟੇਟ ਕੈਪੀਟਲ ਦੇ ਬਾਹਰ ਵਿਸ਼ਾਲ ਕੈਂਡਲ ਵਿਜ਼ਲ

ਨਸਲੀ ਹਿੰਸਾ ਦੇ ਵਿਰੋਧ ‘ਚ ਸਟੇਟ ਕੈਪੀਟਲ ਦੇ ਬਾਹਰ ਵਿਸ਼ਾਲ ਕੈਂਡਲ ਵਿਜ਼ਲ

ਸੈਕਰਾਮੈਂਟੋ/ਬਿਊਰੋ ਨਿਊਜ਼ :
ਅਮਰੀਕਾ ਦੇ ਵੱਖ ਵੱਖ ਹਿੱਸਿਆਂ ਵਿਚ ਪਿਛਲੇ ਦਿਨੀਂ ਭਾਰਤੀਆਂ ‘ਤੇ ਹੋਏ ਹਮਲਿਆਂ ਦੇ ਰੋਸ ਵਜੋਂ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਕੈਲੀਫੋਰਨੀਆ ਦੀ ਰਾਜਧਾਨੀ ਸਟੇਟ ਕੈਪੀਟਲ ਦੇ ਬਾਹਰ ਕੈਂਡਲ ਵਿਜ਼ਲ ਕੀਤਾ ਗਿਆ। ਇਸ ਵਿਚ ਵੱਡੀ ਗਿਣਤੀ ਵਿਚ ਸਾਰੇ ਧਰਮਾਂ ਦੇ ਲੋਕਾਂ ਨੇ ਹਿੱਸਾ ਲਿਆ। ਬਹੁਤ ਸਾਰੇ ਅਮਰੀਕੀ ਆਗੂ ਵੀ ਇਸ ਸਮਾਗਮ ਵਿਚ ਹਾਜ਼ਰ ਸਨ। ਸਮਾਗਮ ਨੂੰ ਗੁਰਜਤਿੰਦਰ ਸਿੰਘ ਰੰਧਾਵਾ, ਕੌਂਸਲ ਮੈਂਬਰ ਡੈਰਲ ਸਿਊਨ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਅਮਰੀਕਾ ਵਿਚ ਵਾਪਰੀਆਂ ਨਸਲੀ ਹਿੰਸਾ ਦੀਆਂ ਘਟਨਾਵਾਂ ਦੀ ਜ਼ੋਰਦਾਰ ਨਿਖੇਧੀ ਕੀਤੀ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਅਮਰੀਕਾ ਬਹੁ-ਜਾਤੀ, ਬਹੁ-ਭਾਸ਼ਾਈ ਲੋਕਾਂ ਦਾ ਦੇਸ਼ ਮੰਨਿਆ ਜਾਂਦਾ ਹੈ ਅਤੇ ਇਥੇ ਤਕਰੀਬਨ ਹਰ ਨਾਗਰਿਕ ਬਾਹਰਲੇ ਮੁਲਕਾਂ ਤੋਂ ਹੀ ਆਣ ਕੇ ਵਸਿਆ ਹੈ। ਚਾਹੇ ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਲੰਮਾ ਸਮਾਂ ਪਹਿਲਾਂ ਆਏ ਸਨ ਅਤੇ ਹਾਲੇ ਵੀ ਲੋਕ ਆਣ ਕੇ ਇਥੇ ਚੰਗੇ ਭਵਿੱਖ ਵਾਸਤੇ ਰਹਿਣ ਲਈ ਆ ਰਹੇ ਹਨ। ਅਜਿਹੀਆਂ ਘਟਨਾਵਾਂ ਨਾਲ ਅਮਰੀਕਾ ਕਮਜ਼ੋਰ ਹੋ ਸਕਦਾ ਹੈ ਅਤੇ ਅਜਿਹੇ ਨਸਲੀ ਹਮਲਿਆਂ ਨਾਲ ਇਥੇ ਵੱਸ ਰਹੇ ਪ੍ਰਵਾਸੀਆਂ ਵਿਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਮਰੀਕਾ ਦੇ ਸ਼ਹਿਰ ਕੈਂਟ ਵਿਖੇ ਸਿੱਖ ਨੌਜਵਾਨ ਦੀਪ ਰਾਏ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਇਕ ਭਾਰਤੀ ਹਰਨੀਸ਼ ਪਟੇਲ ਨੂੰ ਐਰੀਜ਼ੋਨਾ ਵਿਖੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਕ ਹੋਰ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਇਹ ਸਮਾਗਮ ਆਪਸੀ ਭਾਈਚਾਰੇ ਨੂੰ ਵਧਾਉਣ ਲਈ ਕੀਤਾ ਗਿਆ ਸੀ। ਇਸ ਮੌਕੇ ਸੈਂਕੜੇ ਦੀ ਗਿਣਤੀ ਵਿਚ ਆਏ ਲੋਕਾਂ ਨੇ ਮੋਮਬੱਤੀਆਂ ਜਗਾ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।