ਸੈਕਰਾਮੈਂਟੋ ਸਿਟੀ ਵੱਲੋਂ ਆਵਾਸੀਆਂ ਦੀ ਹਿਫਾਜ਼ਤ ਲਈ ਸੇਫ ਹੈਵਨ ਟਾਸਕ ਫੋਰਸ ਦਾ ਗਠਨ

ਸੈਕਰਾਮੈਂਟੋ ਸਿਟੀ ਵੱਲੋਂ ਆਵਾਸੀਆਂ ਦੀ ਹਿਫਾਜ਼ਤ ਲਈ ਸੇਫ ਹੈਵਨ ਟਾਸਕ ਫੋਰਸ ਦਾ ਗਠਨ

ਸੈਕਰਾਮੈਂਟੋ/ਬਿਊਰੋ ਨਿਊਜ਼
ਸੈਕਰਾਮੈਂਟੋ ਸਿਟੀ ਵੱਲੋਂ ਆਵਾਸੀਆਂ ਦੀ ਹਿਫਾਜ਼ਤ ਲਈ ‘ਸੇਫ ਹੈਵਨ ਟਾਸਕ ਫੋਰਸ’ ਦਾ ਗਠਨ ਕੀਤਾ ਗਿਆ ਹੈ। ਇਸ ਸੰਬੰਧੀ ਕਮੇਟੀ ਦੀ ਪਹਿਲੀ ਮੀਟਿੰਗ ਸੈਕਰਾਮੈਂਟੋ ਸਿਟੀ ਕੌਂਸਲ ਚੈਂਬਰ ਵਿਖੇ ਹੋਈ। ਇਸ ਦੀ ਪ੍ਰਧਾਨਗੀ ਸੈਕਰਾਮੈਂਟੋ ਸਿਟੀ ਦੇ ਵਾਈਸ ਮੇਅਰ ਰਿਕ ਜੈਨਿੰਗ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ ਕੌਂਸਲ ਮੈਂਬਰ ਸਟੀਵ ਹੈਨਸਨ, ਕੌਂਸਲ ਮੈਂਬਰ ਜੈ ਸ਼ਨੀਨਰਰ, ਕੌਂਸਲ ਮੈਂਬਰ ਐਰਿਕ ਕੁਏਰਾ ਅਤੇ ਸੈਕਰਾਮੈਂਟੋ ਪੁਲਿਸ ਚੀਫ ਬ੍ਰਾਇਨ ਲੋਈ ਵੀ ਪ੍ਰਧਾਨਗੀ ਮੰਡਲ ਵਿਚ ਹਾਜ਼ਰ ਸਨ। ਵੱਖ-ਵੱਖ ਸਕੂਲ ਬੋਰਡ ਟਰੱਸਟ ਦੇ ਪ੍ਰਧਾਨ ਵਿਸ਼ੇਸ਼ ਤੌਰ ‘ਤੇ ਸੱਦੇ ਗਏ, ਜਿਨ੍ਹਾਂ ਵਿਚ ਐਲਕ ਗਰੋਵ ਸਕੂਲ ਬੋਰਡ ਦੀ ਟਰੱਸਟੀ ਪ੍ਰਧਾਨ ਬੌਬੀ ਸਿੰਘ ਐਲਨ ਵੀ ਸ਼ਾਮਲ ਸੀ।
ਇਸ ਪਲੇਠੀ ਮੀਟਿੰਗ ਵਿਚ ‘ਪੰਜਾਬ ਮੇਲ ਅਖ਼ਬਾਰ’  ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਨੇ ਸਿੱਖ ਭਾਈਚਾਰੇ ਵੱਲੋਂ ਨੁਮਾਇੰਦਗੀ ਕੀਤੀ। ਹੋਰਨਾਂ ਤੋਂ ਇਲਾਵਾ ਸਿੱਖ, ਮੁਸਲਿਮ, ਏਸ਼ੀਅਨ, ਅਫਰੀਕਨ, ਕਾਲੇ, ਮੈਕਸੀਕਨ ਆਦਿ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਇਸ ਮੀਟਿੰਗ ਵਿਚ ਸੱਦਿਆ ਗਿਆ। ਮੀਟਿੰਗ ਦੌਰਾਨ ਸਕੂਲਾਂ ਵਿਚ ਮਨੁੱਖੀ ਅਧਿਕਾਰਾਂ ਬਾਰੇ ਜਾਣਕਾਰੀ ਦੇਣ ਲਈ ਵਿਚਾਰ-ਵਟਾਂਦਰੇ ਵੀ ਕੀਤੇ ਗਏ, ਤਾਂਕਿ ਆਵਾਸੀਆਂ ਨੂੰ ਸਥਾਨਕ ਕਾਨੂੰਨ ਅਤੇ ਅਧਿਕਾਰਾਂ ਬਾਰੇ ਪਤਾ ਲੱਗ ਸਕੇ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਐਲਾਨਾਂ ਤੋਂ ਬਾਅਦ ਗੈਰ ਕਾਨੂੰਨੀ ਆਵਾਸੀਆਂ ਵਿਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ, ਜਿਸ ਕਰਕੇ ਉਹ ਨਾ ਤਾਂ ਆਪਣਾ ਇਲਾਜ ਕਰਵਾਉਣ ਜਾਂਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਇੰਮੀਗ੍ਰੇਸ਼ਨ ਵਕੀਲ ਮਿਲਦਾ ਹੈ। ਇੱਥੋਂ ਤੱਕ ਕਿ ਉਨ੍ਹਾਂ ਕੋਲ ਇੰਮੀਗ੍ਰੇਸ਼ਨ ਵਕੀਲਾਂ ਨੂੰ ਦੇਣ ਲਈ ਪੈਸਾ ਵੀ ਨਹੀਂ ਹੁੰਦਾ। ਇਸ ਦੌਰਾਨ ਆਏ ਇੰਮੀਗ੍ਰੇਸ਼ਨ ਵਕੀਲ ਮਾਰਕੋਸ ਟੈਂਗ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਗੈਰ ਕਾਨੂੰਨੀ ਆਵਾਸੀਆਂ ਦੀ ਮਦਦ ਕੀਤੀ ਜਾ ਸਕਦੀ ਹੈ।  ਜ਼ਿਕਰਯੋਗ ਹੈ ਕਿ ਸੈਕਰਾਮੈਂਟੋ ਕਾਊਂਟੀ ਵਿਚ ਵੱਖ-ਵੱਖ ਫਿਰਕਿਆਂ ਦੇ ਲੋਕ ਰਹਿੰਦੇ ਹਨ।