ਬਰਤਾਨਵੀ ਕੰਪਨੀ ਨੇ ਸਿੱਖ ਨੂੰ ਕੰਮ ਦੌਰਾਨ ਕਿਰਪਾਨ ਪਾਉਣ ਦੀ ਦਿੱਤੀ ਆਗਿਆ

ਬਰਤਾਨਵੀ ਕੰਪਨੀ ਨੇ ਸਿੱਖ ਨੂੰ ਕੰਮ ਦੌਰਾਨ ਕਿਰਪਾਨ ਪਾਉਣ ਦੀ ਦਿੱਤੀ ਆਗਿਆ

ਲੰਡਨ/ਬਿਊਰੋ ਨਿਊਜ਼ :
ਬਰਤਾਨੀਆ ਵਿੱਚ ਇਕ ਕੌਮਾਂਤਰੀ ਟੈਲੀਕਾਮ ਕੰਪਨੀ ਵਿੱਚ ਕੰਮ ਕਰ ਰਹੇ ਸਿੱਖ ਨੂੰ ਕੰਮ ਵਾਲੀ ਥਾਂ ਕਿਰਪਾਨ ਪਾ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਪਹਿਲਾਂ ਉਸ ਨੂੰ ਰੋਕ ਦਿੱਤਾ ਗਿਆ ਸੀ।
ਇਸ ਕਾਮੇ ਦੀ ਪਛਾਣ ਨਹੀਂ ਦੱਸੀ ਗਈ। ਉਸ ਵੱਲੋਂ ‘ਸਿੱਖ ਕੌਂਸਲ’ ਨੇ ਕੰਪਨੀ ਪ੍ਰਬੰਧਕਾਂ ਨੂੰ ਸਿੱਖ ਕਕਾਰਾਂ ਬਾਰੇ ਜਾਣਕਾਰੀ ਦਿੱਤੀ, ਜਿਸ ਨੂੰ ਪ੍ਰਬੰਧਕਾਂ ਨੇ ਸਵੀਕਾਰ ਕਰ ਲਿਆ ਅਤੇ ਕੰਮ ਵਾਲੀ ਥਾਂ ਕਿਰਪਾਨ ਪਾ ਕੇ ਜਾਣ ਸਬੰਧੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ। ਕੌਂਸਲ ਦੇ ਸਕੱਤਰ ਜਨਰਲ ਜਗਤਾਰ ਸਿੰਘ ਨੇ ਕਿਹਾ ਕਿ ਖ਼ਾਸ ਤੌਰ ‘ਤੇ ਬਹੁਕੌਮੀ ਕੰਪਨੀਆਂ ਵਿੱਚ ਅਜਿਹੇ ਮਾਮਲੇ ਵਾਪਰਨੇ ਮੰਦਭਾਗੇ ਹਨ। ਫਿਰ ਵੀ ਅਸੀਂ ਇਨ੍ਹਾਂ ਕੇਸਾਂ ਬਾਰੇ ਆਏ ਹਾਂ ਪੱਖੀ ਨਤੀਜਿਆਂ ਤੋਂ ਖ਼ੁਸ਼ ਹਾਂ। ਕੌਂਸਲ ਨੇ ਦਾਅਵਾ ਕੀਤਾ ਕਿ ਪਿਛਲੇ ਥੋੜ੍ਹੇ ਸਮੇਂ ਵਿੱਚ ਸਾਹਮਣੇ ਆਇਆ ਇਹ ਆਪਣੀ ਤਰ੍ਹਾਂ ਦਾ ਦੂਜਾ ਮਾਮਲਾ ਹੈ, ਜਿਸ ਵਿੱਚ ਕੰਪਨੀ ਪ੍ਰਬੰਧਕਾਂ ਨੂੰ ਮਨਾ ਲਿਆ ਗਿਆ। ਇਸ ਤੋਂ ਪਹਿਲਾਂ ਦੱਖਣੀ ਪੂਰਬੀ ਇੰਗਲੈਂਡ ਵਿੱਚ ਕੌਮਾਂਤਰੀ ਹਵਾਈ ਅੱਡੇ ਉਤੇ ਦੋ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਾ ਕੇ ਕੰਮ ਕਰਨੋਂ ਰੋਕ ਦਿੱਤਾ ਗਿਆ ਸੀ। ਕੌਂਸਲ ਨਾਲ ਚਰਚਾ ਤੋਂ ਬਾਅਦ ਹਵਾਈ ਅੱਡਾ ਪ੍ਰਬੰਧਕਾਂ ਨੇ ਮੁਲਾਜ਼ਮਾਂ ਨੂੰ ਕਿਰਪਾਨ ਸਮੇਤ ਕੰਮ ਉਤੇ ਜਾਣ ਦੀ ਨੀਤੀ ਬਣਾ ਦਿੱਤੀ ਹੈ।