ਅਮਰੀਕਾ ਨੇ ਪਾਕਿ ਸੈਨੇਟ ਦੇ ਉੱਪ ਚੇਅਰਮੈਨ ਗਫੂਰ ਹੈਦਰੀ ਨੂੰ ਵੀਜ਼ਾ ਦੇਣੋਂ ਕੀਤਾ ਇਨਕਾਰ

ਅਮਰੀਕਾ ਨੇ ਪਾਕਿ ਸੈਨੇਟ ਦੇ ਉੱਪ ਚੇਅਰਮੈਨ ਗਫੂਰ ਹੈਦਰੀ ਨੂੰ ਵੀਜ਼ਾ ਦੇਣੋਂ ਕੀਤਾ ਇਨਕਾਰ

ਇਸਲਾਮਾਬਾਦ/ਬਿਊਰੋ ਨਿਊਜ਼ :
ਅਮਰੀਕਾ ਦੀ ਟਰੰਪ ਸਰਕਾਰ ਨੇ ਵੱਡਾ ਝਟਕਾ ਦਿੰਦੇ ਹੋਏ ਪਾਕਿਸਤਾਨੀ ਸੰਸਦ ਸੈਨੇਟ ਦੇ ਡਿਪਟੀ ਚੇਅਰਮੈਨ ਮੌਲਾਨਾ ਅਬਦੁਲ ਗਫੂਰ ਹੈਦਰੀ ਨੂੰ ਵੀਜ਼ਾ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ, ਜਿਸ ਵਿਚ 2 ਮੈਂਬਰੀ ਪ੍ਰਤੀਨਿਧੀਮੰਡਲ ਦਾ ਪ੍ਰਸਤਾਵਤ ਅਮਰੀਕੀ ਦੌਰਾ ਰੱਦ ਹੋ ਗਿਆ ਹੈ। ਡਿਪਟੀ ਚੇਅਰਮੈਨ ਅਤੇ ਜਮੀਅਤ ਓਲੇਮਾ ਇਸਲਾਮ ਦੇ ਜਨਰਲ ਸਕੱਤਰ ਮੌਲਾਨਾ ਅਬਦੁਲ ਗਫੂਰ ਹੈਦਰੀ ਸੰਯੁਕਤ ਰਾਸ਼ਟਰ ਦਫਤਰ ਵਿਚ 13 ਤੇ 14 ਫਰਵਰੀ ਨੂੰ ਹੋਣ ਵਾਲੀ ਇੰਟਰ-ਪਾਰਲੀਮੈਂਟਰੀ ਯੂਨੀਅਨ ਦੀ ਬੈਠਕ ਵਿਚ ਸ਼ਾਮਲ ਹੋਣ ਲਈ ਨਿਊਯਾਰਕ ਜਾਣ ਵਾਲੇ ਸਨ। ਉਹ ਦੋ ਦਿਨਾਂ ਲਈ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰ ਰਹੇ ਸਨ। ਸੂਤਰਾਂ ਅਨੁਸਾਰ ਹੈਦਰੀ ਨੂੰ ਵੀਜ਼ਾ ਨਹੀਂ ਦਿੱਤਾ ਗਿਆ ਹੈ। ਸੈਨੇਟਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਸਲਾਹੁਦੀਨ ਤਿਰਮਜੀ ਵੀ ਹੈਦਰੀ ਨਾਲ ਅਮਰੀਕਾ ਜਾਣ ਵਾਲੇ ਸਨ ਅਤੇ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਹੀ ਅਮਰੀਕਾ ਦਾ ਵੀਜ਼ਾ ਦਿੱਤਾ ਗਿਆ ਸੀ। ਪਾਕਿਸਤਾਨੀ ਸੈਨੇਟ ਦੇ ਸਭਾਪਤੀ ਰਾਜਾ ਰੱਬਾਨੀ ਦੇ ਹੁਕਮਾਂ ‘ਤੇ ਦੋਵਾਂ ਸੈਨੇਟਰਾਂ ਦੀ ਯਾਤਰਾ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਅਮਰੀਕੀ ਸਰਕਾਰ ਦੇ ਕਦਮਾਂ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹੀ ਹੈ। ਉਨ੍ਹਾਂ ਪਾਕਿਸਤਾਨ ਦੇ ਸੰਸਦ ਸਕੱਤਰੇਤ ਨੂੰ ਕਿਸੇ ਅਮਰੀਕੀ ਪ੍ਰਤੀਨਿਧੀ ਨਾਲ ਫਿਲਹਾਲ ਕੋਈ ਵਰਤਾਓ ਨਹੀਂ ਕਰਨ ਲਈ ਕਿਹਾ ਹੈ। ਅਮਰੀਕੀ ਪ੍ਰਸ਼ਾਸਨ ਦਾ ਇਹ ਕਦਮ ਰਾਸ਼ਟਰਪਤੀ ਟਰੰਪ ਦੇ 27 ਜਨਵਰੀ ਦੇ ਉਸ ਹੁਕਮ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਸੱਤ ਮੁਸਲਮਾਨ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਆਉਣ ‘ਤੇ ਪਾਬੰਦੀ ਲਗਾਈ ਸੀ। ਹਾਲਾਂਕਿ ਹਾਈਕੋਰਟ ਦੇ ਹੁਕਮ ਨਾਲ ਇਨ੍ਹਾਂ ਲੋਕਾਂ ਨੂੰ ਰਾਹਤ ਮਿਲ ਗਈ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਨੇ ਪਾਕਿਸਤਾਨ ਦੇ ਸਬੰਧ ਵਿਚ ਪੁੱਛੇ ਜਾਣ ‘ਤੇ ਨਾਗਰਿਕਾਂ ‘ਤੇ ਵੀ ਅਜਿਹੀ ਹੀ ਪਾਬੰਦੀ ਲਗਾਉਣ ਦੇ ਪ੍ਰਸਤਾਵ ਲਟਕੇ ਰਹਿਣ ਦੇ ਸੰਕੇਤ ਦਿੱਤੇ ਸਨ।