ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਬਾਦਲ ਦੇ ਘਿਰਾਓ ਦਾ ਐਲਾਨ

ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਬਾਦਲ ਦੇ ਘਿਰਾਓ ਦਾ ਐਲਾਨ

ਪੰਥਕ ਰਵਾਇਤਾਂ ‘ਤੇ ਪਰਪੱਕ ਰਹਿਣ ਵਾਲੇ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ
ਨਿਊਯਾਰਕ/ਬਿਊਰੋ ਨਿਊਜ਼ :
ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਅਮਰੀਕਾ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦਿਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਜੀਐਮਸੀ) ਦੀਆਂ ਹੋ ਰਹੀਆਂ ਚੋਣਾਂ ਵਿਚ ਪੰਥਕ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ ਅਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨਿੰਦਾ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਣੀਆਂ ਦੇ ਮੁੱਦੇ ਤੋਂ ਲੈ ਕੇ ਲੋਕ ਮੁੱਦਿਆਂ ਨੂੰ ਵਿਸਾਰ ਕੇ ਚੋਣਾਂ ਲੜੀਆਂ ਹਨ।
ਕੋਆਰਡੀਨੇਸ਼ਨ ਕਮੇਟੀ ਦੀ ਹੋਈ ਵਿਸ਼ੇਸ਼ ਇਕੱਤਰਤਾ ਵਿਚ ਸਰਬ ਸਾਂਝੀ ਰਾਏ ਅਨੁਸਾਰ ਕੀਤੇ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸਾਂਝੀ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਕਿਹਾ ਹੈ ਕਿ ਸਾਨੂੰ ਪਤਾ ਲੱਗਾ ਹੈ ਕਿ ਅਮਰੀਕਾ ਵਿਚ ਪ੍ਰਕਾਸ਼ ਸਿੰਘ ਬਾਦਲ ਆਪਣਾ ਇਲਾਜ ਕਰਾਉਣ ਲਈ ਆਏ ਹਨ, ਜਿਸ ਦਾ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਜੇਕਰ ਉਹ ਅਮਰੀਕਾ ਵਿਚ ਕਿਸੇ ਵੀ ਜਨਤਕ ਸਮਾਗਮ ਨੂੰ ਸੰਬੋਧਨ ਕਰਦੇ ਹਨ ਤਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਉਸ ਦਾ ਘਿਰਾਓ ਕਰੇਗੀ, ਨਾਲ ਹੀ ਉਸ ਖ਼ਿਲਾਫ਼ ਵਿਰੋਧ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਦੀਆਂ ਵੱਡੀਆਂ ਸਿੱਖ ਸੰਸਥਾਵਾਂ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ) ਦੇ ਸਿਧਾਂਤਾਂ ਦਾ ਕਤਲ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਕਦੇ ਮਾਫ਼ ਨਹੀਂ ਕਰਨਗੇ। ਸ. ਹਿੰਮਤ ਸਿੰਘ ਨੇ ਅਪੀਲ ਕੀਤੀ ਹੈ ਕਿ (ਡੀਜੀਐਮਸੀ) ਦੀਆਂ ਚੋਣਾਂ ਵਿਚ ਸਾਰੀਆਂ ਪੰਥਕ ਧਿਰਾਂ ਪੰਥਕ ਰਵਾਇਤਾਂ ਸਿਧਾਂਤਾਂ ‘ਤੇ ਪਰਪੱਕ ਰਹਿਣ ਵਾਲੇ ਉਮੀਦਵਾਰ ਨੂੰ ਵੋਟਾਂ ਪਾਉਣ, ਵਿਧਾਨ ਸਭਾ ਵਿਚ ਸੌਦਾ ਸਾਧ ਦਾ ਸਮਰਥਨ ਲੈਣ ਵਾਲੇ ‘ਡੇਰਾ ਦਲ’ (ਸ਼੍ਰੋਮਣੀ ਅਕਾਲੀ ਦਲ) ਨੂੰ ਇਨ੍ਹਾਂ ਚੋਣਾਂ ਵਿਚ ਚਲਦਾ ਕਰਨਾ ਜ਼ਰੂਰੀ ਹੈ। ਮੀਟਿੰਗ ਵਿਚ ਕੀਤੇ ਫ਼ੈਸਲਿਆਂ ਬਾਰੇ ਸ. ਹਿੰਮਤ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜ਼ਰੂਰੀ ਮੁੱਦਿਆਂ ‘ਤੇ ਗੱਲ ਨਾ ਕਰਨ ਬਾਰੇ ਮੀਟਿੰਗ ਵਿਚ ਨਿੰਦਾ ਦਾ ਮਤਾ ਲਿਆਂਦਾ ਗਿਆ। ਸਾਰੀਆਂ ਸਿਆਸੀ ਪਾਰਟੀਆਂ ਦੀ ਨਿੰਦਾ ਕਰਦਿਆਂ ਕਮੇਟੀ ਨੇ ਕਿਹਾ ਕਿ ਪੰਜਾਬ ਹੁਣ ਲਾਵਾਰਸ ਹੋ ਗਿਆ ਹੈ, ਜਿੱਥੇ ਕਿਸੇ ਵੀ ਪਾਰਟੀ ਨੇ ਪਾਣੀਆਂ ਦਾ ਮੁੱਦਾ ਨਹੀਂ ਉਠਾਇਆ, ਨਾ ਹੀ ਨਸ਼ਿਆਂ ਦਾ ਪਰਪੱਕਤਾ ਨਾਲ ਕੀਤਾ ਜਾਣ ਵਾਲਾ ਹੱਲ ਹੀ ਕਿਸੇ ਨੇ ਕੱਢਿਆ ਹੈ। ਕਿਸਾਨੀ ਮੁੱਦੇ, ਬੇਰੁਜ਼ਗਾਰੀ ਦਾ ਮੁੱਦਾ, ਧੀਆਂ ਨੂੰ ਕੁੱਖ ਵਿਚ ਕਤਲ ਕਰਨ ਦਾ ਮੁੱਦਾ, ਗੁਰਦੁਆਰਿਆਂ ਤੇ ਗੈਰ ਪੰਥਕ ਧਿਰਾਂ ਦੇ ਕਬਜ਼ੇ ਦਾ ਮੁੱਦਾ, ਅਨੰਦਪੁਰ ਮਤੇ ਦੀ ਗੱਲ ਤੇ ਹੋਰ ਕਈ ਮਸਲਿਆਂ ਨੂੰ ਕਿਸੇ ਵੀ ਪਾਰਟੀ ਨੇ ਨਹੀਂ ਉਠਾਇਆ। ਇਸ ਮੌਕੇ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਵੀ ਸੰਬੋਧਨ ਕੀਤਾ।