ਟਰੰਪ ਦੇ ਨਾਅਰੇ ਵਾਲੀ ਟੋਪੀ ਪਹਿਣਨ ਵਾਲੇ ਵਿਦਿਆਰਥੀ ‘ਤੇ ਹਮਲਾ

ਟਰੰਪ ਦੇ ਨਾਅਰੇ ਵਾਲੀ ਟੋਪੀ ਪਹਿਣਨ ਵਾਲੇ ਵਿਦਿਆਰਥੀ ‘ਤੇ ਹਮਲਾ

ਸ਼ਿਕਾਗੋ/ਬਿਊਰੋ ਨਿਊਜ਼ :
ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਅਰੇ ‘ਮੇਕ ਅਮਰੀਕਾ ਗਰੇਟ ਅਗੇਨ’ ਵਾਲੀ ਟੋਪੀ ਪਾਈ 12 ਸਾਲਾ ਬੱਚੇ ਉਤੇ ਸਕੂਲ ਬੱਸ ਵਿੱਚ ਵਿਦਿਆਰਥੀਆਂ ਦੇ ਇਕ ਗਰੁੱਪ ਨੇ ਹਮਲਾ ਕਰ ਦਿੱਤਾ। ਇਹ ਵਿਦਿਆਰਥੀ ਮਿਸੂਰੀ ਦੇ ਪਾਰਕਵੇਅ ਸਕੂਲ ਦੇ ਹਨ। ਹਮਲੇ ਦਾ ਸ਼ਿਕਾਰ ਵਿਦਿਆਰਥੀ ਗੈਵਿਨ ਦੀ ਮਾਂ ਕ੍ਰਿਸਟੀਨਾ ਕੋਰਟੀਨਾ ਨੇ ਕਿਹਾ ਕਿ ਇਹ ਘਟਨਾ ਪ੍ਰੇਸ਼ਾਨ ਕਰਨ ਵਾਲੀ ਹੈ। ਘਟਨਾ ਦੀ ਸੈੱਲ ਫੋਨ ਉਤੇ ਬਣਾਈ ਵੀਡੀਓ ਵਿੱਚ ਵਿਦਿਆਰਥੀ ਟਰੰਪ ਦੀ ਮੈਕਸੀਕੋ ਦੀ ਸਰਹੱਦ ‘ਤੇ ਕੰਧ ਖੜ੍ਹੀ ਕਰਨ ਦੀ ਤਜਵੀਜ਼ ਉਤੇ ਬਹਿਸ ਰਹੇ ਸਨ।
ਅਮਰੀਕੀ ਅਧਿਕਾਰੀਆਂ ਨੇ ਟਰੰਪ ਦੇ ਫੈਸਲੇ ਨੂੰ ਮੁਅੱਤਲ ਕੀਤਾ :
ਵਾਸ਼ਿੰਗਟਨ : ਮੁਸਲਿਮ ਬਹੁਗਿਣਤੀ ਵਾਲੇ ਸੱਤ ਮੁਲਕਾਂ ਦੇ ਯਾਤਰੀਆਂ ਦੇ ਦਾਖ਼ਲੇ ਉਤੇ ਪਾਬੰਦੀ ਵਾਲੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਵਾਦਮਈ ਆਦੇਸ਼ ਨੂੰ ਅਮਰੀਕੀ ਅਧਿਕਾਰੀਆਂ ਨੇ ਮੁਅੱਤਲ ਕਰ ਦਿੱਤਾ। ਇਹ ਮੁਅੱਤਲੀ ਇਕ ਅਮਰੀਕੀ ਅਦਾਲਤ ਦੇ ਫੈਸਲੇ ਮਗਰੋਂ ਲਾਈ ਗਈ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਤਰਜਮਾਨ ਨੇ ਦੱਸਿਆ ਕਿ ”ਅਸੀਂ ਵੀਜ਼ੇ ਰੱਦ ਕਰਨ ਬਾਰੇ ਹੁਕਮਾਂ ਨੂੰ ਆਰਜ਼ੀ ਤੌਰ ਉਤੇ ਬਦਲ ਦਿੱਤਾ ਹੈ।” ਇਸ ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੇ ਵੀਜ਼ੇ ਉਤੇ ਹਾਲੇ ਤੱਕ ਲੀਕ ਨਹੀਂ ਵੱਜੀ ਸੀ, ਜੇ ਉਨ੍ਹਾਂ ਦਾ ਵੀਜ਼ਾ ਪ੍ਰਮਾਣਕ ਹੋਇਆ ਤਾਂ ਉਹ ਹੁਣ ਸਫ਼ਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਦੇ ਸੂਬਾਈ ਅਟਾਰਨੀ ਜਨਰਲ ਵੱਲੋਂ ਦਾਇਰ ਸ਼ਿਕਾਇਤ ਦੀ ਸਮੀਖਿਆ ਲਈ ਟਰੰਪ ਪ੍ਰਸ਼ਾਸਨ, ਹੋਮਲੈਂਡ ਸਿਕਿਉਰਿਟੀ ਵਿਭਾਗ ਅਤੇ ਹੋਰ ਕਾਨੂੰਨੀ ਟੀਮਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਮੁਸਲਿਮ ਬਹੁਗਿਣਤੀ ਵਾਲੇ ਸੱਤ ਮੁਲਕਾਂ ਦੇ ਲੋਕਾਂ ‘ਤੇ ਰੋਕ ਲਾਉਣ ਵਾਲੇ ਵਿਵਾਦਤ ਆਵਾਸ ਹੁਕਮਾਂ ‘ਤੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਸਤਾਖ਼ਰ ਕੀਤੇ ਜਾਣ ਬਾਅਦ ਹੁਣ ਤੱਕ ਅਮਰੀਕਾ ਨੇ 60 ਹਜ਼ਾਰ ਵੀਜ਼ੇ ਰੱਦ ਕੀਤੇ ਹਨ। ਇਰਾਕ, ਇਰਾਨ, ਸੀਰੀਆ, ਸੁਡਾਨ, ਸੋਮਾਲੀਆ, ਲਿਬੀਆ ਤੇ ਯਮਨ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖ਼ਲੇ ‘ਤੇ 90 ਦਿਨਾਂ ਲਈ ਰੋਕ ਲਾਉਣ ਵਾਲੇ ਇਨ੍ਹਾਂ ਹੁਕਮਾਂ ‘ਤੇ ਰਾਸ਼ਟਰਪਤੀ ਨੇ ਪਿਛਲੇ ਹਫ਼ਤੇ ਹਸਤਾਖ਼ਰ ਕੀਤੇ ਸਨ।
ਵਿਦੇਸ਼ ਵਿਭਾਗ ਦੇ ਕਾਊਂਸਲਰ ਮਾਮਲਿਆਂ ਬਾਰੇ ਬਿਊਰੋ ਦੇ ਤਰਜਮਾਨ ਵਿੱਲ ਕੌਕਸ ਨੇ ਦੱਸਿਆ, ‘ਕਾਰਜਕਾਰੀ ਹੁਕਮ ਦੀ ਪਾਲਣਾ ਲਈ 60 ਹਜ਼ਾਰ ਤੋਂ ਵੀ ਘੱਟ ਵਿਅਕਤੀਆਂ ਦੇ ਵੀਜ਼ੇ ਅਸਥਾਈ ਤੌਰ ‘ਤੇ ਰੱਦ ਕੀਤੇ ਗਏ ਹਨ। ਅਸੀਂ ਮੰਨਦੇ ਹਾਂ ਕਿ ਇਨ੍ਹਾਂ ਹੁਕਮਾਂ ਤਹਿਤ ਸਾਡੀ ਸਮੀਖਿਆ ਕਾਰਨ ਵਿਅਕਤੀਆਂ ਨੂੰ ਪ੍ਰੇਸ਼ਾਨੀ ਹੋਈ ਹੈ। ਅਸੀਂ 2015 ਵਿੱਤੀ ਵਰ੍ਹੇ ਵਿੱਚ ਇਕ ਕਰੋੜ ਦਸ ਲੱਖ ਤੋਂ ਵੱਧ ਆਵਾਸੀ ਤੇ ਗੈਰ-ਆਵਾਸੀ ਵੀਜ਼ੇ ਜਾਰੀ ਕੀਤੇ ਸਨ। ਜਦੋਂ ਵੀਜ਼ੇ ਜਾਰੀ ਕੀਤੇ ਜਾਂਦੇ ਹਨ ਤਾਂ ਹਮੇਸ਼ਾ ਵਾਂਗ ਕੌਮੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੁੰਦੀ ਹੈ।’ ਟਰੰਪ ਦੇ ਆਵਾਸ ਬਾਰੇ ਹੁਕਮਾਂ ‘ਤੇ ਇਕ ਅਮਰੀਕੀ ਜੱਜ ਨੇ ਆਰਜ਼ੀ ਤੌਰ ‘ਤੇ ਕੌਮੀ ਪੱਧਰ ‘ਤੇ ਰੋਕ ਲਗਾ ਦਿੱਤੀ ਹੈ। ਸਿਆਟਲ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਜੇਮਜ਼ ਰੌਬਰਟ ਨੇ ਆਰਜ਼ੀ ਤੌਰ ‘ਤੇ ਰਾਸ਼ਟਰਪਤੀ ਦੇ ਹੁਕਮਾਂ ‘ਤੇ ਰੋਕ ਲਗਾ ਦਿੱਤੀ ਹੈ, ਜੋ ਦੇਸ਼ ਭਰ ਵਿੱਚ ਜਾਇਜ਼ ਹੋਵੇਗੀ।