ਇੰਗਲੈਂਡ : ਗੁਰਦੁਆਰਾ ਸੈਂਟਰਲ ਲੰਡਨ ਵੀ ਪ੍ਰਬੰਧਕਾਂ ਦੀ ਖਿਚੋਤਾਣ ਕਾਰਨ ਵਿਵਾਦਾਂ ‘ਚ ਘਿਰਿਆ

ਇੰਗਲੈਂਡ : ਗੁਰਦੁਆਰਾ ਸੈਂਟਰਲ ਲੰਡਨ ਵੀ ਪ੍ਰਬੰਧਕਾਂ ਦੀ ਖਿਚੋਤਾਣ ਕਾਰਨ ਵਿਵਾਦਾਂ ‘ਚ ਘਿਰਿਆ

ਚੈਰਿਟੀ ਕਮਿਸ਼ਨ ਨੇ ਸਰਕਾਰੀ ਮੈਨੇਜਰ ਹਵਾਲੇ ਕਰਕੇ ਜਾਂਚ ਆਰੰਭੀ
ਲੰਡਨ/ਬਿਊਰੋ ਨਿਊਜ਼ :
ਲੰਡਨ ਵਿਚ ਸਭ ਤੋਂ ਪੁਰਾਣੇ ਹੀ ਨਹੀਂ ਬਲਕਿ ਪਹਿਲੇ ਗੁਰੂ ਘਰ ਵਜੋਂ ਜਾਣੇ ਜਾਂਦੇ ਸੈਂਟਰਲ ਗੁਰਦੁਆਰਾ ਲੰਡਨ ਖਾਲਸਾ ਜਥਾ ਵੀ ਪ੍ਰਬੰਧਕਾਂ ਦੀ ਖਿਚੋਤਾਣ ਕਰਕੇ ਵਿਵਾਦਾਂ ਵਿੱਚ ਘਿਰ ਗਿਆ ਹੈ ਅਤੇ ਚੈਰਿਟੀ ਕਮਿਸ਼ਨ ਨੇ ਜਾਂਚ ਲਈ ਇੱਕ ਮੈਨੇਜਰ ਨਿਯੁਕਤ ਕਰ ਦਿੱਤਾ ਹੈ। ਖ਼ਬਰਾਂ ਅਨੁਸਾਰ ਜਾਂਚ ਦਾ ਕਾਰਨ ਇੱਕ ਟਰੱਸਟੀ ਵੱਲੋਂ ਨਿੱਜੀ ਲਾਭ ਉਠਾਉਣ ਤੇ ਟਰੱਸਟੀਆਂ ਵਿਚਕਾਰ ਮਾਲੀ ਅਤੇ ਪ੍ਰਬੰਧਕੀ ਜਾਣਕਾਰੀ ਦਾ ਪੂਰਾ ਖੁਲਾਸਾ ਨਾ ਕਰਨਾ ਹੈ। ਇਸ ਜਾਣਕਾਰੀ ਨਾਲ ਚੈਰਿਟੀ ਨੂੰ ਚਲਾਉਣ ਲਈ ਜ਼ਰੂਰੀ ਹੁੰਦਾ ਹੈ। ਚੈਰਿਟੀ ਕਮਿਸ਼ਨ ਨੇ ਦੱਸਿਆ ਕਿ ਸਟੌਨ ਕਿੰਗ ਲਾਅ ਫਰਮ ਦੇ ਟੌਮ ਮਰਡੋਕ ਨੂੰ ਉਕਤ ਚੈਰਿਟੀ ਸੰਸਥਾ (ਗੁਰਦੁਆਰਾ) ਦਾ ਆਰਜ਼ੀ ਤੌਰ ‘ਤੇ ਮੈਨੇਜਰ ਬਣਾ ਦਿੱਤਾ ਹੈ। ਚੈਰਿਟੀ ਦੇ ਟਰੱਸਟੀ ਰੋਜ਼ਾਨਾ ਪ੍ਰਬੰਧਕ ਕੰਮ ਕਰਦੇ ਰਹਿਣਗੇ, ਜਿਨ੍ਹਾਂ ਵਿੱਚ ਆਰਥਿਕ ਪ੍ਰਬੰਧ ਵੀ ਸ਼ਾਮਲ ਹੋਵੇਗਾ। ਚੈਰਿਟੀ ਕਮਿਸ਼ਨ ਦੀ ਔਨ ਲਾਇਨ ਰਜਿਸਟਰ ਅਨੁਸਾਰ ਉਕਤ ਚੈਰਿਟੀ ਸੈਂਟਰਲ ਗੁਰਦੁਆਰਾ ਵੱਲੋਂ 2014 ਜਾਂ 2015 ਦੇ ਖਾਤਿਆਂ ਦਾ ਹਿਸਾਬ ਕਿਤਾਬ ਨਹੀਂ ਭਰਿਆ ਗਿਆ। ਇਹ ਸਮਾਂ 450 ਦਿਨ ਤੋਂ ਵੱਧ ਬਣਦਾ ਹੈ। ਕਮਿਸ਼ਨ ਦੇ ਰਜਿਸਟਰ ਵਿੱਚ ਸਭ ਤੋਂ ਆਖਰੀ ਰਕਮ 2013 ਵਿਚ ਭਰੀ ਗਈ, ਜਿਸ ਅਨੁਸਾਰ ਇਸ ਦੀ ਆਮਦਨ 171,780 ਪੌਂਡ ਤੇ ਖ਼ਰਚਾ 136,034 ਪੌਂਡ ਸੀ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਚੈਰਿਟੀ ਕਮਿਸ਼ਨ ਨੇ ਕਿਸੇ ਗੁਰਦੁਆਰੇ ਦੇ ਪ੍ਰਬੰਧ ਉੱਤੇ ਮੈਨੇਜਰ ਨਿਯੁਕਤ ਕੀਤਾ ਹੈ, ਜੋ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਹੈ। ਦੱਸਣਯੋਗ ਹੈ ਕਿ ਇਸ ਗੁਰੂ ਘਰ ਦੀ ਸਥਾਪਨਾ 1908 ਵਿੱਚ ਹੋਈ ਸੀ।