ਕੈਲੀਫੋਰਨੀਆ ਦੇ ਪਹਿਲੇ ਪੰਜਾਬੀ ਅਸੈਂਬਲੀ ਮੈਨ ਐਸ਼ ਕਾਲੜਾ ਦਾ ਸੈਕਰਾਮੈਂਟੋ ਵਿਖੇ ਸਨਮਾਨ

ਕੈਲੀਫੋਰਨੀਆ ਦੇ ਪਹਿਲੇ ਪੰਜਾਬੀ ਅਸੈਂਬਲੀ ਮੈਨ ਐਸ਼ ਕਾਲੜਾ ਦਾ ਸੈਕਰਾਮੈਂਟੋ ਵਿਖੇ ਸਨਮਾਨ

ਸੈਕਰਾਮੈਂਟੋ/ਬਿਊਰੋ ਨਿਊਜ਼ :
ਅਮਰੀਕੀ ਰਾਜਨੀਤੀ ‘ਚ ਪੰਜਾਬੀ ਭਾਈਚਾਰਾ ਨਿੱਤ ਨਵੀਆਂ ਪੁਲਾਂਘਾ ਪੁੱਟ ਰਿਹਾ ਹੈ। ਪਿੱਛੇ ਜਿਹੇ ਹੋਈਆਂ ਅਸੈਂਬਲੀ ਅਤੇ ਕਾਂਗਰਸਮੈਨ ਦੀਆਂ ਚੋਣਾਂ ਵਿਚ 5 ਭਾਰਤੀਆਂ ਨੇ ਜਿੱਤ ਪ੍ਰਾਪਤ ਕੀਤੀ ਹੈ। ਕੈਲੀਫੋਰਨੀਆ ਦੇ ਡਿਸਟ੍ਰਿਕ-23 ਤੋਂ ਪੰਜਾਬੀ ਨੌਜਵਾਨ ਐਸ਼ ਕਾਲੜਾ ਨੇ ਅਸੈਂਬਲੀ ਮੈਂਬਰ ਦੀ ਚੋਣ ਵਿਚ ਜਿੱਤ ਹਾਸਲ ਕੀਤੀ ਹੈ। ਅਮਰੀਕਾ ਦੇ ਇਤਿਹਾਸ ਵਿਚ ਐਸ਼ ਕਾਲੜਾ ਪਹਿਲਾ ਪੰਜਾਬੀ ਅਸੈਂਬਲੀਮੈਨ ਹਨ।
ਐਸ਼ ਕਾਲੜਾ ਦੇ ਅਸੈਂਬਲੀ ਮੈਂਬਰ ਵਜੋਂ ਜਿੱਤਣ ਦੀ ਖੁਸ਼ੀ ਵਿਚ ਸੈਕਰਾਮੈਂਟੋ ਦੇ ਫਲਮਿੰਗੋ ਪੈਲੇਸ, ਵਾਟ ਐਵੇਨਿਊ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਸਮਾਗਮ ਵਿਚ ਜਿੱਥੇ ਐਸ਼ ਕਾਲੜਾ ਵਿਸ਼ੇਸ਼ ਤੌਰ ‘ਤੇ ਪਹੁੰਚੇ, ਉੱਥੇ ਐਲਕ ਗਰੋਵ ਸਿਟੀ ਦੇ ਮੇਅਰ ਸਟੀਵ ਲੀ, ਸੈਨਵਾਕਿਨ ਦੇ ਪੰਜਾਬੀ ਪੁਲੀਸ ਮੁਖੀ ਮਨਜੀਤ ਸਿੰਘ, ਐਲਕ ਗਰੋਵ ਸਕੂਲ ਡਿਸਟ੍ਰਿਕ ਬੋਰਡ ਦੀ ਪ੍ਰਧਾਨ ਬੌਬੀ ਸਿੰਘ ਐਲਨ, ਸਿਟੀ ਕਮਿਸ਼ਨਰ, ਸ਼ੈਰਿਫ ਮੁਖੀ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਸਮਾਗਮ ਵਿਚ ਅਮਰੀਕਨ ਪੈਟਰੋਲੀਅਮ ਐਂਡ ਕੰਨਵੀਨੀਅੰਸ ਸਟੋਰ ਐਸੋਸੀਏਸ਼ਨ ਦੇ ਬਹੁਤ ਸਾਰੇ ਮੈਂਬਰ ਵਿਸ਼ੇਸ਼ ਤੌਰ ‘ਤੇ ਪਹੁੰਚੇ। 1P31 ਵੱਲੋਂ ਸਟੋਰ ਮਾਲਕਾਂ ਨੂੰ ਕੈਲੀਫੋਰਨੀਆ ਦੀ ਸ਼ਰਾਬ ਨੀਤੀ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ ਐਸ਼ ਕਾਲੜਾ ਨੇ ਸਮੂਹ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ, ‘ਮੈਂ ਕੋਸ਼ਿਸ਼ ਕਰਾਂਗਾ ਕਿ ਭਾਰਤੀ ਭਾਈਚਾਰੇ ਦੀ ਕੋਈ ਵੀ ਸਮੱਸਿਆ ਹੋਵੇ, ਤਾਂ ਮੈਂ ਉਸ ਨੂੰ ਅਸੈਂਬਲੀ ਵਿਚ ਪੇਸ਼ ਕਰਕੇ ਹੱਲ ਕਰਵਾ ਸਕਾਂਗਾ।’ ਇੰਦਰਜੀਤ ਸਿੰਘ ਕਾਲੀਰਾਏ, ਗੁਰੀ ਕੰਗ, ਗੁਰਜਤਿੰਦਰ ਸਿੰਘ ਰੰਧਾਵਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਕੁਝ ਸੰਸਥਾਵਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿਚ ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਪ੍ਰਬੰਧਕੀ ਕਮੇਟੀ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਦੀ ਪ੍ਰਬੰਧਕੀ ਕਮੇਟੀ, ਇੰਡਸਵੈਲੀ ਚੈਂਬਰ ਆਫ ਕਾਮਰਸ, ਇੰਡੀਅਨ ਐਸੋਸੀਏਸ਼ਨ, ਪੰਜਾਬ ਪ੍ਰੋਡਕਸ਼ਨਜ਼, ਦੇਸੀ ਸਵੈਗ, ਕੋਹਿਨੂਰ ਕਲੱਬ, ਗੋਲਡਨ ਸਟੇਟ ਪੰਜਾਬੀ ਕਲੱਬ, ਚੜ੍ਹਦਾ ਪੰਜਾਬ ਕਲੱਬ ਸੈਕਰਾਮੈਂਟੋ, ਸਾਲਸਾ ਸ਼ਾਮਲ ਸਨ। ਇਹ ਸਮਾਗਮ ਫਲਮਿੰਗੋ ਪੈਲੇਸ ਦੇ ਪ੍ਰਦੀਪ ਸ਼ਰਮਾ ਵੱਲੋਂ ਸਪਾਂਸਰ ਕੀਤਾ ਗਿਆ।